ਪ੍ਰਤਾਪਗੜ੍ਹ(ਉੱਤਰ ਪ੍ਰਦੇਸ਼), 5 ਜੂਨ
ਇਥੇ ਥਾਣਾ ਨਵਾਬਗੰਜ ਹੇਠ ਆਉਂਦੇ ਲਖਨਊ ਪ੍ਰਯਾਗਰਾਜ ਕੌਮੀ ਸ਼ਾਹਰਾਹ ’ਤੇ ਵਾਜਿਦਪੁਰ ਪਿੰਡ ਨੇੜੇ ਅੱਜ ਸਵੇਰੇ ਕੰਟੇਨਰ ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇਕੋ ਪਰਿਵਾਰ ਦੇ ਨੌਂ ਜੀਆਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਤਾਪਗੜ੍ਹ ਵਿੱਚ ਵਾਪਰੇ ਸੜਕ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਭਿਵਾੜੀ ਤੋਂ ਇਕ ਪਰਿਵਾਰ ਦੇ 10 ਵਿਅਕਤੀ ਸਕਾਰਪੀਓ ’ਤੇ ਬਿਹਾਰ ਦੇ ਭੋਜਪੁਰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਮਿ੍ਤਕਾਂ ਵਿੱਚ ਦੋ ਬੱਚੇ, ਤਿੰਨ ਔਰਤ ਅਤੇ ਚਾਰ ਪੁਰਸ਼ ਸ਼ਾਮਲ ਹਨ।
ਬੱਸ ਟੋਏ ਵਿੱਚ ਡਿੱਗੀ, 35 ਪਰਵਾਸੀ ਮਜ਼ਦੂਰ ਜ਼ਖ਼ਮੀ
ਇਟਾਵਾ: ਜ਼ਿਲ੍ਹੇ ਦੇ ਚਕਰਨਗਰ ਜਾਲੌਨ ਸੜਕ ’ਤੇ ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਡੂੰਘੇ ਟੋਏ ਵਿੱਚ ਡਿੱਗ ਗਈ, ਜਿਸ ਕਾਰਨ 35 ਮਜ਼ਦੂਰ ਜ਼ਖ਼ਮੀ ਹੋ ਗਏ। ਲੋਕਾਂ ਦੀਆਂ ਚੀਕ ਚਿਹਾੜਾ ਸੁਣ ਕੇ ਆਲੇ ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।