ਨਾਈਟਕਲੱਬ ਅੱਗ ਮਾਮਲਾ: ਗੋਆ ਪੁਲੀਸ ਵੱਲੋਂ ਇੰਟਰਪੋਲ ਬਲੂ ਨੋਟਿਸ ਲਈ ਸੀਬੀਆਈ ਤੱਕ ਪਹੁੰਚ
ਗੋਆ ਪੁਲੀਸ ਨੇ ਇੱਕ ਨਾਈਟਕਲੱਬ ਦੇ ਮੁੱਖ ਦੋਸ਼ੀਆਂ ਅਤੇ ਮਾਲਕਾਂ, ਸੌਰਭ ਅਤੇ ਗੌਰਵ ਲੂਥਰਾ ਦੇ ਦੇਸ਼ ਤੋਂ ਫਰਾਰ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਇੰਟਰਪੋਲ ਬਲੂ ਨੋਟਿਸ ਜਾਰੀ ਕਰਨ ਲਈ ਸੀਬੀਆਈ ਨਾਲ ਸੰਪਰਕ ਕੀਤਾ ਹੈ।
ਗੋਆ ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਅਰਪੋਰਾ ਵਿੱਚ 'ਬਿਰਚ ਬਾਏ ਰੋਮੀਓ ਲੇਨ' (Birch by Romeo Lane) ਨਾਈਟਕਲੱਬ ਵਾਪਰੀ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਹੀ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਥਾਈਲੈਂਡ ਦੇ ਫੁਕੇਤ ਲਈ ਫਰਾਰ ਹੋ ਗਏ ਮੰਨੇ ਜਾਂਦੇ ਹਨ।
ਇੰਟਰਪੋਲ ਬਲੂ ਨੋਟਿਸ ਕਿਸੇ ਅਪਰਾਧਿਕ ਜਾਂਚ ਦੇ ਸਬੰਧ ਵਿੱਚ ਕਿਸੇ ਵਿਅਕਤੀ ਦੀ ਪਛਾਣ, ਟਿਕਾਣੇ ਜਾਂ ਗਤੀਵਿਧੀਆਂ ਬਾਰੇ ਵਾਧੂ ਜਾਣਕਾਰੀ ਇਕੱਠੀ ਕਰਨ ਲਈ ਜਾਰੀ ਕੀਤਾ ਜਾਂਦਾ ਹੈ।
ਏਜੰਸੀ ਭਗੌੜਿਆਂ ਦਾ ਪਤਾ ਲਗਾਉਣ ਲਈ ਗੋਆ ਪੁਲੀਸ ਦੀ ਬੇਨਤੀ ਦੇ ਸਬੰਧ ਵਿੱਚ ਇੰਟਰਪੋਲ ਦੇ ਸੰਪਰਕ ਵਿੱਚ ਹੈ। ਰੈੱਡ ਨੋਟਿਸ, ਜਿਸ ਵਿੱਚ ਭਗੌੜੇ ਨੂੰ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਜਾਂਦੀ ਹੈ, ਸਿਰਫ਼ ਉਦੋਂ ਹੀ ਜਾਰੀ ਕੀਤਾ ਜਾ ਸਕਦਾ ਹੈ ਜਦੋਂ ਚਾਰਜਸ਼ੀਟ ਦਾਇਰ ਕੀਤੀ ਜਾਂਦੀ ਹੈ ਅਤੇ ਲੋੜੀਂਦੇ ਵਿਅਕਤੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਂਦਾ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਸੀ, "ਗੋਆ ਪੁਲੀਸ ਨੇ ਸੌਰਭ ਅਤੇ ਗੌਰਵ ਲੂਥਰਾ ਦੋਵਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਸੀਬੀਆਈ ਦੇ ਇੰਟਰਪੋਲ ਡਿਵੀਜ਼ਨ ਨਾਲ ਤਾਲਮੇਲ ਕਰਨ ਲਈ ਹੋਰ ਕਦਮ ਚੁੱਕੇ ਹਨ।"
ਗ਼ੌਰਤਲਬ ਹੈ ਕਿ ਪਣਜੀ ਤੋਂ ਲਗਪਗ 25 ਕਿਲੋਮੀਟਰ ਦੂਰ ਸਥਿਤ ਨਾਈਟਕਲੱਬ ਵਿੱਚ ਸ਼ਨਿਚਰਵਾਰ ਦੇਰ ਰਾਤ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ।
