ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਨੈੱਟਵਰਕ ’ਤੇ NIA ਦਾ ਵੱਡਾ ਐਕਸ਼ਨ: 10 ਥਾਵਾਂ ’ਤੇ ਛਾਪੇਮਾਰੀ
ਸਰਹੱਦ ਪਾਰ ਅਤਿਵਾਦੀ ਸਾਜ਼ਿਸ਼ ਮਾਮਲੇ ’ਚ ਕਾਰਵਾਈ
ਕੌਮੀ ਜਾਂਚ ਏਜੰਸੀ (NIA) ਨੇ ਸ਼ਨੀਵਾਰ ਨੂੰ ਬੈਨ ਕੀਤੀ ਗਈ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ (LeT) ਦੇ ਪਾਕਿਸਤਾਨ ਸਥਿਤ ਹੈਂਡਲਰਾਂ ਅਤੇ ਉਨ੍ਹਾਂ ਦੇ ਸਥਾਨਕ ਓਵਰ ਗ੍ਰਾਊਂਡ ਵਰਕਰਾਂ (OGWs) ਦੇ ਨੈੱਟਵਰਕ ਨਾਲ ਜੁੜੀ ਸਰਹੱਦ ਪਾਰ ਅਤਿਵਾਦੀ ਸਾਜ਼ਿਸ਼ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੀਆਂ 10 ਥਾਵਾਂ ’ਤੇ ਵਿਆਪਕ ਛਾਪੇਮਾਰੀ ਕੀਤੀ।
ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਛਾਪੇਮਾਰੀ ਕੁਪਵਾੜਾ, ਕੁਲਗਾਮ, ਬਾਂਦੀਪੋਰਾ, ਬਾਰਾਮੂਲਾ ਅਤੇ ਸੋਪੋਰ ਵਿੱਚ ਕੀਤੀ ਗਈ। ਇਸ ਦਾ ਮੁੱਖ ਮਕਸਦ ਸਾਜ਼ਿਸ਼ ਨਾਲ ਸਬੰਧਤ ਹੋਰ ਸਬੂਤ ਇਕੱਠੇ ਕਰਨਾ ਅਤੇ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਨੂੰ ਲੌਜਿਸਟਿਕਲ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਉਣਾ ਸੀ। ਇਹ ਮਾਮਲਾ ਸ਼ੁਰੂ ਵਿੱਚ ਥਾਣਾ ਜ਼ਾਕੂਰਾ (ਸ੍ਰੀਨਗਰ) ਵਿਖੇ ਦਰਜ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਐੱਨ.ਆਈ.ਏ. ਨੇ ਆਪਣੇ ਹੱਥਾਂ ਵਿੱਚ ਲੈ ਕੇ ਮੁੜ ਦਰਜ ਕੀਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੀ ਸ਼ੁਰੂਆਤ 31 ਮਾਰਚ 2026 ਦੀ ਦੇਰ ਰਾਤ ਇੱਕ ਨਾਕੇਬੰਦੀ ਦੌਰਾਨ ਲਸ਼ਕਰ ਨਾਲ ਜੁੜੇ ਇੱਕ ਓ.ਜੀ.ਡਬਲਿਊ. ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਸੀ। ਉਸ ਦੇ ਕਬਜ਼ੇ ’ਚੋਂ ਇੱਕ ਹੱਥਗੋਲਾ (ਗਰਨੇਡ) ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਅੱਗੇ ਦੀ ਜਾਂਚ ਤੋਂ ਬਾਅਦ ਇਸ ਸਾਜ਼ਿਸ਼ ਨਾਲ ਜੁੜੇ ਪਾਕਿਸਤਾਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਹੋਈ ਅਤੇ ਸਥਾਨਕ ਨੈੱਟਵਰਕ ਦੇ ਮੈਂਬਰਾਂ ਦੇ ਸ਼ੱਕੀ ਰੋਲ ਦਾ ਖੁਲਾਸਾ ਹੋਇਆ।
ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਸਥਿਤ ਲਸ਼ਕਰ ਹੈਂਡਲਰ ਆਪਣੇ ਸਥਾਨਕ ਸਾਥੀਆਂ ਦੀ ਵਰਤੋਂ ਅਤਿਵਾਦੀਆਂ ਨੂੰ ਛੁਪਾਉਣ, ਉਨ੍ਹਾਂ ਦੀ ਆਵਾਜਾਈ, ਰਹਿਣ-ਸਹਿਣ ਦਾ ਪ੍ਰਬੰਧ ਕਰਨ ਅਤੇ ਰੇਕੀ ਕਰਨ ਲਈ ਕਰ ਰਹੇ ਸਨ। ਐੱਨ.ਆਈ.ਏ. ਮੁਤਾਬਕ ਉਹ ਵਿੱਤੀ ਲੈਣ-ਦੇਣ, ਸੰਚਾਰ ਪ੍ਰਣਾਲੀ ਅਤੇ ਹਥਿਆਰਾਂ-ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਚੇਨ ਦੀ ਵੀ ਜਾਂਚ ਕਰ ਰਹੀ ਹੈ।
ਅੱਜ ਦੀ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਐੱਨ.ਆਈ.ਏ. ਨੇ ਕਿਹਾ ਕਿ ਸਾਜ਼ਿਸ਼ ’ਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋ ਸਕਦੀਆਂ ਹਨ।

