ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਕਸ਼ਮੀਰ ਵਾਦੀ ਵਿੱਚ ਅਤਿਵਾਦੀ ਨੈੱਟਵਰਕ ਦੀ ਜਾਂਚ ਤਹਿਤ ਅੱਜ ਤਿੰਨ ਜ਼ਿਲ੍ਹਿਆਂ ਵਿੱਚ ਛੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਬਾਰਾਮੂਲਾ, ਬਾਂਦੀਪੁਰਾ ਅਤੇ ਸ੍ਰੀਨਗਰ ਵਿੱਚ ਕੀਤੀ ਗਈ।
ਜਾਂਚ ਏਜੰਸੀ ਨੇ ਬੋਮਈ ਵਿੱਚ ਜਮਾਤ-ਏ-ਇਸਲਾਮੀ ਦੇ ਸਾਬਕਾ ਆਗੂ ਗੁਲਾਮ ਅਹਿਮਦ ਸ਼ੇਖ ਅਤੇ ਸਾਬਕਾ ਅਤਿਵਾਦੀ ਇਕਬਾਲ ਸ਼ੇਖ ਦੇ ਘਰਾਂ ਦੀ ਤਲਾਸ਼ੀ ਲਈ। ਇਸ ਤੋਂ ਇਲਾਵਾ ਰਫੀਆਬਾਦ ਵਿੱਚ ਸਾਬਕਾ ਸਰਕਾਰੀ ਮੁਲਾਜ਼ਮ ਮੁਹੰਮਦ ਮੁਨੱਵਰ ਮੀਰ ਅਤੇ ਸੋਪੋਰ ਦੇ ਮਾਡਲ ਟਾਊਨ ਵਿੱਚ ਫਾਰੂਕ ਅਹਿਮਦ ਪੀਰ ਦੇ ਘਰ ਵੀ ਛਾਪੇ ਮਾਰੇ ਗਏ। ਬਾਂਦੀਪੁਰਾ ਕਸਬੇ ਵਿੱਚ ਸੇਵਾਮੁਕਤ ਅਧਿਆਪਕ ਮੁਹੰਮਦ ਮਕਬੂਲ ਮੀਰ ਅਤੇ ਪਾਰਿਮਪੋਰਾ ਵਿੱਚ ਜ਼ਹੂਰ-ਉਲ-ਰਹੀਮ ਦੇ ਘਰ ਵੀ ਐੱਨ ਆਈ ਏ ਦੀਆਂ ਟੀਮਾਂ ਪਹੁੰਚੀਆਂ। ਇਸ ਕਾਰਵਾਈ ਦਾ ਮਕਸਦ ਘਾਟੀ ਵਿੱਚ ਅਤਿਵਾਦ ਨਾਲ ਜੁੜਿਆ ਨੈੱਟਵਰਕ ਖਤਮ ਕਰਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਐੱਨ ਆਈ ਏ ਨੇ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਅਤਿਵਾਦੀ ਫੰਡਿੰਗ, ਭਰਤੀ ਮਡਿਊਲ ਅਤੇ ਸਲੀਪਰ ਸੈੱਲਾਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸੇ ਤਰ੍ਹਾਂ ਦੀਆਂ ਦੇਸ਼ ਵਿਆਪੀ ਕਾਰਵਾਈਆਂ ਦੇ ਸਿੱਟੇ ਵਜੋਂ ਪਹਿਲਾਂ ਵੀ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਜੁੜੇ ਹੋਏ ਸਨ ਅਤੇ ਆਨਲਾਈਨ ਤੇ ਆਫਲਾਈਨ ਮਾਧਿਅਮਾਂ ਰਾਹੀਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।

