NIA ਨੇ ਨਾਰਕੋ ਅਤਿਵਾਦੀ ਇਕਬਾਲ ਸ਼ੇਰਾ ਨੂੰ ਗ੍ਰਿਫ਼ਤਾਰ ਕੀਤਾ
ਮੁਹਾਲੀ ਲਿਜਾਣ ਲਈ ਕੋਰਟ ਤੋਂ ਦੋ ਰੋਜ਼ਾ ਟਰਾਂਜ਼ਿਟ ਰਿਮਾਂਡ ਮਿਲਿਆ
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਲੋੜੀਂਦੇ ਨਾਰਕੋ-ਦਹਿਸ਼ਤਗਰਦ ਇਕਬਾਲ ਸਿੰਘ ਉਰਫ਼ ਸ਼ੇਰਾ ਨੂੰ ਅੱਜ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਸ਼ੇਰਾ ਨੂੰ ਪੁਰਤਗਾਲ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਐੱਨ ਆਈ ਏ ਨੇ ਸ਼ੇਰਾ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰ ਕੇ ਮੁਹਾਲੀ ਲਿਜਾਣ ਲਈ ਦੋ ਰੋਜ਼ਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ। ਏਜੰਸੀ ਨੇ ਕਿਹਾ ਕਿ ਸ਼ੇਰਾ ਦੇ ਪਾਕਿਸਤਾਨ ਅਧਾਰਿਤ ਹਿਜ਼ਬੁਲ ਮੁਜਾਹਿਦੀਨ ਦੇ ਸੰਚਾਲਕਾਂ ਨਾਲ ਗੂੜ੍ਹੇ ਸਬੰਧ ਹਨ।
ਸ਼ੇਰਾ 2020 ਵਿੱਚ ਪੁਰਤਗਾਲ ਭੱਜ ਗਿਆ ਸੀ ਤੇ ਉਸ ਦੀ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਐੱਨ ਆਈ ਏ ਨੇ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਨਾਰਕੋ ਤੇ ਸਰਹੱਦ ਪਾਰੋਂ ਅਤਿਵਾਦ ਖ਼ਿਲਾਫ਼ ਲੜਾਈ ਛੇੜੀ ਹੋਈ ਹੈ। ਜਾਂਚ ਦੌਰਾਨ ਐੱਨ ਆਈ ਏ ਨੂੰ ਪਤਾ ਲੱਗਾ ਕਿ ਸ਼ੇਰਾ ਭਾਰਤ ਅਧਾਰਿਤ ਨਾਰਕੋ-ਟੈਰਰ ਮੌਡਿਊਲ, ਜੋ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਨਾਲ ਜੁੜਿਆ ਸੀ, ਦਾ ਮੁੱਖ ਹੈਂਡਲਰ ਤੇ ਸਾਜ਼ਿਸ਼ਘਾੜਾ ਸੀ। ਜਾਂਚ ਏਜੰਸੀ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਸ਼ੇਰਾ ਪਾਕਿਸਤਾਨ ਤੋਂ ਸਰਹੱਦੀ ਰਾਜ ਵਿੱਚ ਨਸ਼ਿਆਂ ਦੀ ਤਸਕਰੀ ਦਾ ਕਥਿਤ ਮਾਸਟਰਮਾਈਂਡ ਸੀ। ਉਹ ਨਸ਼ਾ ਤਸਕਰੀ ਤੇ ਅੱਗੇ ਇਸ ਦੀ ਵੰਡ ’ਚ ਸ਼ਾਮਲ ਸੀ ਅਤੇ ਉਸ ਨੇ ਦਹਿਸ਼ਤੀ ਸਰਗਰਮੀਆਂ ਨੂੰ ਸੁਚਾਰੂ ਬਣਾਉਣ ਲਈ ਹਵਾਲਾ ਨੈੱਟਵਰਕ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਸਥਿਤ ਦਹਿਸ਼ਤੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਸੰਚਾਲਕਾਂ ਨੂੰ ਪੈਸੇ ਭੇਜੇ। ਸ਼ੇਰਾ ਖਿਲਾਫ਼ ਅਕਤੂਬਰ 2020 ਤੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੈ। ਇੰਟਰਪੋਲ ਪੁਲੀਸ ਨੇ ਜੂਨ 2021 ਵਿੱਚ ਉਸ ਦੀ ਗ੍ਰਿਫ਼ਤਾਰੀ ਲਈ ਨੋਟਿਸ ਜਾਰੀ ਕੀਤਾ ਸੀ।
ਨਸ਼ਾ ਤਸਕਰ ਨੂੰ ਆਜ਼ਰਬਾਇਜਾਨ ਤੋਂ ਭਾਰਤ ਲਿਆਂਦਾ
ਨਵੀਂ ਦਿੱਲੀ: ਸੀ ਬੀ ਆਈ ਨੇ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਦਿੱਲੀ ਪੁਲੀਸ ਦੇ ਸਹਿਯੋਗ ਨਾਲ ਨਸ਼ਾ ਤਸਕਰ ਪ੍ਰਭਦੀਪ ਸਿੰਘ ਨੂੰ ਆਜ਼ਰਬਾਇਜਾਨ ਤੋਂ ਭਾਰਤ ਲਿਆਂਦਾ ਹੈ। ਉਸ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਮੁਲਜ਼ਮ ਪ੍ਰਭਦੀਪ ਸਿੰਘ ਦਿੱਲੀ ਦੇ ਸਪੈਸ਼ਲ ਸੈੱਲ ਪੁਲੀਸ ਸਟੇਸ਼ਨ ਵੱਲੋਂ ਐੱਨ ਡੀ ਪੀ ਐੱਸ ਐਕਟ 1985 ਤਹਿਤ ਵੱਖ ਵੱਖ ਧਾਰਾਵਾਂ ਹੇਠ ਦਰਜ ਮਾਮਲੇ ’ਚ ਲੋੜੀਂਦਾ ਸੀ। ਸੀ ਬੀ ਆਈ ਦੀ ਤਰਜਮਾਨ ਨੇ ਬਿਆਨ ’ਚ ਕਿਹਾ ਕਿ ਉਸ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਭਾਲ ਚੱਲ ਰਹੀ ਸੀ ਕਿਉਂਕਿ ਉਹ ਨਸ਼ੇ ਦੇ ਧੰਦੇ ਦਾ ਮੁੱਖ ਸਾਜ਼ਿਸ਼ਘਾੜਾ ਸੀ। ਰੈੱਡ ਨੋਟਿਸ ਜਾਰੀ ਹੋਣ ਮਗਰੋਂ ਆਜ਼ਰਬਾਇਜਾਨ ਦੇ ਅਧਿਕਾਰੀਆਂ ਨੇ ਪ੍ਰਭਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਮਗਰੋਂ ਭਾਰਤ ਨੇ ਉਸ ਦੀ ਹਵਾਲਗੀ ਲਈ ਅਪੀਲ ਦਾਖ਼ਲ ਕੀਤੀ ਸੀ। ਕਾਨੂੰਨੀ ਅਮਲ ਪੂਰਾ ਕਰਨ ਮਗਰੋਂ ਉਸ ਨੂੰ ਭਾਰਤ ਲਿਆਂਦਾ ਗਿਆ ਹੈ। -ਪੀਟੀਆਈ

