DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Congress ਦੇ ਨਵੇਂ ਪ੍ਰਧਾਨ ਪਰਗਟ

ਵਡ਼ਿੰਗ ਦੀ ਥਾਂ ’ਤੇ ਜਲੰਧਰ ਕੈਂਟ ਤੋਂ ਵਿਧਾਇਕ ਹੱਥ ਸੌਂਪੀ ਪਾਰਟੀ ਦੀ ਕਮਾਨ

  • fb
  • twitter
  • whatsapp
  • whatsapp
Advertisement

ਕਾਂਗਰਸ ਹਾਈਕਮਾਂਡ ਨੇ ਅੱਜ ਦੇਰ ਸ਼ਾਮ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਪਰਗਟ ਸਿੰਘ ਨੂੰ ਸੌਂਪ ਦਿੱਤੀ ਹੈ। ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪੱਤਰ ਜਾਰੀ ਕਰ ਕੇ ਜਲੰਧਰ ਛਾਉਣੀ ਤੋਂ ਤੀਜੀ ਵਾਰ ਵਿਧਾਇਕ ਬਣੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨਿਆ। ਪਰਗਟ ਸਿੰਘ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਗ੍ਹਾ ਲੈਣਗੇ ਜਿਨ੍ਹਾਂ ਸਾਢੇ ਚਾਰ ਸਾਲ ਦੀ ਪ੍ਰਧਾਨਗੀ ਮਗਰੋਂ ਅੱਜ ਹੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਅਸਤੀਫ਼ਾ ਸੌਂਪਿਆ ਸੀ।

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਵੱਲੋਂ ਦਿੱਤੀ ਫੀਡਬੈਕ ਦੇ ਆਧਾਰ ’ਤੇ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਹੋਇਆ ਜਿਨ੍ਹਾਂ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਵੀ ਦਿੱਤੀ ਹੈ। ਧੜੇਬੰਦੀ ਅਤੇ ਖਿੱਚੋਤਾਣ ਨਾਲ ਜੂਝ ਰਹੀ ਪੰਜਾਬ ਕਾਂਗਰਸ ਨੂੰ ਇੱਕਜੁੱਟ ਕਰਨਾ ਹੁਣ ਨਵੇਂ ਪ੍ਰਧਾਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਉਂਝ ਪਰਗਟ ਸਿੰਘ ਪਾਰਟੀ ਅੰਦਰ ਪ੍ਰਵਾਨਿਤ ਅਤੇ ਗ਼ੈਰ-ਵਿਵਾਦਤ ਅਕਸ ਵਾਲਾ ਚਿਹਰਾ ਹਨ ਜੋ ਮਤਭੇਦ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ। ਸੂਬੇ ਦੇ ਮੁੱਦਿਆਂ ’ਤੇ ਪਕੜ ਰੱਖਣ ਅਤੇ ਸਿਆਸੀ ਮਰਿਆਦਾ ’ਤੇ ਪਹਿਰਾ ਦੇਣ ਕਰ ਕੇ ਪਰਗਟ ਸਿੰਘ ਦੀ ਸਿਆਸਤ ’ਚ ਵੱਖਰੀ ਪਛਾਣ ਹੈ।

Advertisement

ਪਾਰਟੀ ਹਾਈਕਮਾਂਡ ਨੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਯੋਗਦਾਨ ਤੇ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਪਾਰਟੀ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਦੇ ਵਰਕਿੰਗ ਪ੍ਰਧਾਨ, ਚੇਅਰਮੈਨ ਅਤੇ ਕੋ-ਚੇਅਰਮੈਨ ਪਹਿਲਾਂ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਪ੍ਰਧਾਨਗੀ ਦੀ ਦੌੜ ’ਚ ਵਿਜੈ ਇੰਦਰ ਸਿੰਗਲਾ ਦਾ ਨਾਮ ਵੀ ਚੱਲ ਰਿਹਾ ਸੀ ਪਰ ਕਾਂਗਰਸ ਹਾਈਕਮਾਂਡ ਨੇ ਸਿਆਸੀ ਰਣਨੀਤਕ ਪੈਂਤੜਾ ਲੈਂਦਿਆਂ ਪਾਰਟੀ ਦੀ ਕਮਾਨ ਜੱਟ ਸਿੱਖ ਚਿਹਰੇ ਦੇ ਹਵਾਲੇ ਕਰ ਦਿੱਤੀ। ਪੰਜਾਬੀ ਸੂਬਾ ਬਣਨ ਮਗਰੋਂ ਦੂਜੀ ਵਾਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੋਆਬਾ ਖ਼ਿੱਤੇ ਦੇ ਹਿੱਸੇ ਆਈ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਕੇਪੀ 2008-10 ’ਚ ਕਾਂਗਰਸ ਪ੍ਰਧਾਨ ਰਹਿ ਚੁੱਕੇ ਹਨ। ਪਰਗਟ ਸਿੰਘ ਇਸ ਵੇਲੇ ਜੰਮੂ ਕਸ਼ਮੀਰ ਦੇ ਇੰਚਾਰਜ ਵਜੋਂ ਏ ਆਈ ਸੀ ਸੀ ਸਕੱਤਰ ਹਨ। ਰਾਜਾ ਵੜਿੰਗ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੜਾ ਜਦੋਂ ਵਿਰੋਧ ’ਚ ਉਤਰਿਆ ਸੀ ਉਸ ਵੇਲੇ ਪਰਗਟ ਸਿੰਘ ਨੇ ਕਿਸੇ ਧੜੇ ਨਾਲ ਜੁੜਨ ਤੋਂ ਗੁਰੇਜ਼ ਕੀਤਾ ਸੀ।

Advertisement

ਚੰਨੀ ਦੀ ਅਗਵਾਈ ਹੇਠਲੀ ਵਜ਼ਾਰਤ ’ਚ ਪਰਗਟ ਸਿੰਘ 26 ਸਤੰਬਰ 2021 ਤੋਂ 11 ਮਾਰਚ 2022 ਤੱਕ ਕੈਬਨਿਟ ਮੰਤਰੀ ਵੀ ਰਹੇ। ਪਰਗਟ ਸਿੰਘ ਨੇ ਦਸੰਬਰ 2016 ’ਚ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕੀਤੀ ਸੀ ਅਤੇ ਕਰੀਬ ਦਸ ਸਾਲ ਦੇ ਅਰਸੇ ਦੌਰਾਨ ਹੀ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੱਕ ਪੁੱਜਣ ’ਚ ਕਾਮਯਾਬ ਰਹੇ।

ਹਾਕੀ ਟੀਮ ਤੋਂ ਪਾਰਟੀ ਦੀ ਕਪਤਾਨੀ ਤੱਕ

ਪਰਗਟ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦੀ ਜੂਹ ਤੋਂ ਉੱਠ ਕੇ ਕੌਮਾਂਤਰੀ ਮੈਦਾਨਾਂ ’ਚ ਛਾਏ ਰਹੇ। ਉਨ੍ਹਾਂ ਤਿੰਨ ਓਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਪਰਗਟ ਸਿੰਘ ਭਾਰਤ ਦੇ ਵਧੀਆ ਡਿਫੈਂਡਰ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ 1986 ਦੀਆਂ ਸਿਓਲ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਅਤੇ 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗ਼ਮਾ ਦਿਵਾਇਆ ਸੀ। ਉਨ੍ਹਾਂ ਨੂੰ 1989 ’ਚ ਅਰਜੁਨ ਐਵਾਰਡ ਅਤੇ 1998 ’ਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਸਿਆਸਤ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਪੁਲੀਸ ’ਚ ਐੱਸ ਪੀ ਦੇ ਅਹੁਦੇ ਤੱਕ ਸੇਵਾ ਨਿਭਾਈ। ਉਨ੍ਹਾਂ 2012 ’ਚ ਸਿਆਸਤ ਵਿੱਚ ਪੈਰ ਰੱਖਿਆ ਅਤੇ ਪਹਿਲੀ ਚੋਣ ਅਕਾਲੀ ਉਮੀਦਵਾਰ ਵਜੋਂ ਜਿੱਤੀ। ਉਨ੍ਹਾਂ ਨੂੰ ਜੁਲਾਈ 2016 ’ਚ ਅਕਾਲੀ ਦਲ ਨੇ ਮੁਅੱਤਲ ਕਰ ਦਿੱਤਾ ਸੀ। ਉਹ ਕੁੱਝ ਸਮਾਂ ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਾਵਾਂ ਨਾਲ ‘ਆਵਾਜ਼ ਏ ਪੰਜਾਬ’ ਫਰੰਟ ’ਚ ਸ਼ਾਮਲ ਹੋ ਗਏ ਸਨ।

ਚੁਣੌਤੀਆਂ ਦਾ ਤਾਜ ਹੋਵੇਗੀ ਪ੍ਰਧਾਨਗੀ

ਪਰਗਟ ਸਿੰਘ ਲਈ ਨਵੀਂ ਜ਼ਿੰਮੇਵਾਰੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ ਕਿਉਂਕਿ ਹੁਣ ਪਾਰਟੀ ’ਚ ਅਗਲੀ ਦੌੜ ਮੁੱਖ ਮੰਤਰੀ ਦੇ ਚਿਹਰੇ ਲਈ ਸ਼ੁਰੂ ਹੋਵੇਗੀ। ਰਾਜਾ ਵੜਿੰਗ ਦੇ ਦੌਰ ’ਚ ਪਾਰਟੀ ਅੰਦਰ ਹੇਠਲੇ ਪੱਧਰ ’ਤੇ ਬਣੀ ਧੜੇਬੰਦੀ ਨੂੰ ਤੋੜਨਾ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ। ਹਾਈਕਮਾਂਡ ਨੇ ਉਨ੍ਹਾਂ ਨੂੰ ਚਰਨਜੀਤ ਚੰਨੀ ਨਾਲ ਤਾਲਮੇਲਵੀਂ ਹਸਤੀ ਵਜੋਂ ਦੇਖਿਆ ਹੈ। ਸਾਰੇ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਸੰਗਠਨ ਨੂੰ ਇੱਕਜੁੱਟ ਕਰਨਾ ਵੱਡੀ ਚੁਣੌਤੀ ਹੋਵੇਗੀ। ਵੜਿੰਗ ਵੱਲੋਂ ਪਾਰਟੀ ਅੰਦਰ ਖੜ੍ਹਾ ਕੀਤਾ ਆਪਣਾ ਧੜਾ ਵੀ ਪਰਗਟ ਸਿੰਘ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰੇਗਾ। ਦੋਆਬੀਏ ਪਿਛੋਕੜ ’ਚੋਂ ਹੋਣ ਕਰ ਕੇ ਪਰਗਟ ਸਿੰਘ ਲਈ ਮਲਵਈ ਲਹਿਜ਼ੇ ਨਾਲ ਮੁਖ਼ਾਤਬ ਹੋਣਾ ਅਤੇ ਬੜ੍ਹਕ ਵਾਲੀ ਸਿਆਸਤ ’ਚ ਫਿੱਟ ਹੋਣਾ ਵੀ ਥੋੜ੍ਹਾ ਮੁਸ਼ਕਲ ਹੋਵੇਗਾ।

Advertisement
×