ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਬੰਦ

ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਬੰਦ

ਚਰਨਜੀਤ ਭੁੱਲਰ
ਚੰਡੀਗੜ੍ਹ, 29 ਅਕਤੂਬਰ

ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਜਦੋਂ ਰੇਲ ਮਾਰਗਾਂ ਤੋਂ ਕਿਸਾਨਾਂ ਨੇ ਉੱਠਣ ਦਾ ਐਲਾਨ ਕੀਤਾ ਸੀ, ਉਦੋਂ ਬੁਕਿੰਗ ਦਾ ਕੰਮ ਜਾਰੀ ਸੀ। ਕੇਂਦਰੀ ਰੇਲਵੇ ਮੰਤਰਾਲੇ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਪੂਰੇ ਦੇਸ਼ ਵਿੱਚ ਬੰਦ ਕਰ ਦਿੱਤੀ ਹੈ। ਖਾਦ ਕੰਪਨੀਆਂ ਨੇ ਹੁਣ ਹਰਿਆਣਾ ਲਈ ਮਾਲ ਗੱਡੀਆਂ ਦੀ ਬੁਕਿੰਗ ਲੈਣੀ ਸ਼ੁਰੂ ਕੀਤੀ ਹੈ ਤਾਂ ਜੋ ਸੜਕੀ ਰਸਤੇ ਡੀਏਪੀ ਖਾਦ ਪੰਜਾਬ ਲਿਆਂਦੀ ਜਾ ਸਕੇ। 

ਜਾਣਕਾਰੀ ਅਨੁਸਾਰ ਪੰਜਾਬ ਦੇ ਖਾਦ ਅਤੇ ਕੋਲੇ ਦੇ ਲੋਡਿੰਗ 200 ਰੈਕ ਦੂਸਰੇ ਸੂਬਿਆਂ ਵਿੱਚ ਖੜ੍ਹੇ ਹਨ ਜਿਨ੍ਹਾਂ ਦਾ ਕਿਰਾਇਆ ਵੀ ਰੇਲਵੇ ਲੈ ਚੁੱਕਾ ਹੈ। ਰੇਲਵੇ ਦੇ ਪ੍ਰਾਈਵੇਟ ਰਾਜਪੁਰਾ ਥਰਮਲ ਵਿੱਚ 11 ਖਾਲੀ ਰੈਕ ਫਸੇ ਹੋਏ ਹਨ ਕਿਉਂਕਿ ਥਰਮਲ ਦੇ ਬਾਹਰ ਰੇਲ ਮਾਰਗ ‘ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ।  ਇੱਕ ਰੈਕ ਮੋਗਾ ਵਿੱਚ ਅਡਾਨੀ ਦੇ ਸਾਇਲੋ ਪਲਾਂਟ ਵਿੱਚ ਖੜ੍ਹਾ ਹੈ। ਰੇਲਵੇ ਨੇ ਪੰਜਾਬ ’ਚੋਂ ਬਾਕੀ ਸਾਰੇ ਰੈਕ ਬਾਹਰ ਕੱਢ ਲਏ ਹਨ।    ਪੰਜਾਬ ਵਿੱਚ ਇਸ ਵੇਲੇ ਦੋ ਦਰਜਨ ਰੇਲਵੇ ਸਟੇਸ਼ਨਾਂ ‘ਤੇ ਕਿਸਾਨ ਬੈਠੇ ਹਨ ਜੋ ਪਹਿਲਾਂ ਰੇਲ ਮਾਰਗਾਂ ‘ਤੇ ਬੈਠੇ ਸਨ। ਬੇਸ਼ੱਕ ਕਿਸਾਨਾਂ ਨੇ ਰੇਲ ਮਾਰਗ 5 ਨਵੰਬਰ ਤੱਕ ਖਾਲੀ ਕਰ ਦਿੱਤੇ ਹਨ ਪਰ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। 

ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਹੀ ਲੋਡਿਡ ਮਾਲ ਗੱਡੀਆਂ ਰਸਤੇ ਵਿੱਚ ਖੜ੍ਹੀਆਂ ਹਨ। ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਮੈਨੇਜਰ ਰਵੀ ਅਗਰਵਾਲ ਨੇ ਦੱਸਿਆ ਕਿ ਉਹ ਹਰਿਆਣਾ ਲਈ ਮਾਲ ਗੱਡੀਆਂ ਦੀ ਬੁਕਿੰਗ ਕਰਵਾ ਰਹੇ ਹਨ ਕਿਉਂਕਿ ਪੰਜਾਬ ਲਈ ਮਾਲ ਗੱਡੀਆਂ ਦੀ ਬੁਕਿੰਗ ਮਿਲਣੀ ਬੰਦ ਹੋ ਗਈ ਹੈ। ਉਨ੍ਹਾਂ ਦੀ ਕੰਪਨੀ ਦੇ ਤਿੰਨ ਰੈਕ ਅੱਜ ਡੱਬਵਾਲੀ, ਯਮਨਾਨਗਰ ਅਤੇ ਕੈਥਲ ਪੁੱਜੇ ਹਨ ਜਿੱਥੋਂ ਖਾਦ ਸੜਕੀ ਰਸਤੇ ਪੰਜਾਬ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 37 ਹਜ਼ਾਰ ਟਨ ਡੀਏਪੀ ਖਾਦ ਸੜਕੀ ਰਸਤੇ ਪੰਜਾਬ ਲਿਆ ਚੁੱਕੇ ਹਨ। ਪੰਜ ਰੈਕ ਰਾਜਸਥਾਨ ਵਿੱਚ ਫਸੇ ਖੜ੍ਹੇ ਹਨ।   ‘ਚੰਬਲ ਫਰਟੀਲਾਈਜ਼ਰ’ ਵੱਲੋਂ ਵੀ ਹਰਿਆਣਾ ਲਈ ਮਾਲ ਗੱਡੀਆਂ ਦੀ ਬੁਕਿੰਗ ਲਈ ਜਾ ਰਹੀ ਹੈ ਜਿੱਥੋਂ ਇਹ ਕੰਪਨੀ ਕਰੀਬ 15 ਹਜ਼ਾਰ ਟਨ ਡੀਏਪੀ ਖਾਦ ਸੜਕੀ ਰਸਤੇ ਪੰਜਾਬ ਲਿਆ ਚੁੱਕੀ ਹੈ। ਪਤਾ ਲੱਗਾ ਹੈ ਕਿ ਬਾਰਦਾਨਾ ਵੀ ਜੋ ਪੰਜਾਬ ਆਉਣਾ ਸੀ, ਉਹ ਵੀ ਰਸਤੇ ਵਿੱਚ ਰੁਕ ਗਿਆ ਹੈ। ਆਉਂਦੇ ਦਿਨਾਂ ਵਿੱਚ ਬਾਰਦਾਨੇ ਦੀ ਮੁਸ਼ਕਲ ਵੀ ਆ ਸਕਦੀ ਹੈ। ਉਂਜ, ਸਰਕਾਰ ਵੱਲੋਂ 70 ਫ਼ੀਸਦੀ ਬਾਰਦਾਨਾ ਚੌਲ ਮਿੱਲਾਂ ਨੂੰ ਪੁਰਾਣਾ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਬਾਰਦਾਨੇ ਦੀ ਕੇਂਦਰ ਸਰਕਾਰ ਨੂੰ ਚੌਲਾਂ ਦੀ ਸਪਲਾਈ ਦੇਣ ਵੇਲੇ ਦਿੱਕਤ ਆ ਸਕਦੀ ਹੈ।

ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਕਹਿਣਾ ਸੀ ਕਿ ਰੇਲ ਮਾਰਗ ਖਾਲੀ ਕੀਤੇ ਹੋਏ ਹਨ। ਜਿਸ ਰੇਲ ਮਾਰਗ ‘ਤੇ ਉਹ ਬੈਠੇ ਹਨ, ਉਹ ਸਪਲਾਈ ਵੇਲੇ ਖਾਲੀ ਕਰ ਦਿੱਤਾ ਜਾਵੇਗਾ। ਅੱਜ ਵੀ ਕਿਸਾਨਾਂ ਨੇ ਰਿਲਾਇੰਸ ਪੰਪਾਂ ਅਤੇ ਟੌਲ ਪਲਾਜ਼ਿਆਂ ਆਦਿ ‘ਤੇ ਆਪਣੇ ਧਰਨੇ ਜਾਰੀ ਰੱਖੇ।

ਏਦਾਂ ਤਾਂ ਕਾਲੇ ਦਿਨਾਂ ਵਿੱਚ ਵੀ ਨਹੀਂ ਹੋਇਆ: ਰੰਧਾਵਾ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਫ਼ੈਸਲੇ ਲਏ ਜਾ ਰਹੇ ਹਨ ਅਤੇ ਕੇਂਦਰ ਹੁਣ ਪੰਜਾਬ ਵਿੱਚ ਅਰਾਜਕਤਾ ਫੈਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਰੇਲਾਂ ਵਿੱਚ ਬੰਬ ਬਲਾਸਟ ਵੀ ਹੁੰਦੇ ਸਨ ਤਾਂ ਉਦੋਂ ਵੀ ਪੰਜਾਬ ਵਿੱਚ ਰੇਲਵੇ ਦੀ ਆਵਾਜਾਈ ਨਹੀਂ ਰੁਕੀ ਨਹੀਂ ਸੀ, ਪਰ ਹੁਣ ਕੇਂਦਰ ਸਰਕਾਰ ਰੇਲ ਮਾਰਗ ਖਾਲੀ ਹੋਣ ਦੇ ਬਾਵਜੂਦ ਬਹਾਨਾ ਬਣਾ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਕਿਤੇ ਵੀ ਰੇਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All