ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ‘ਗੁਲਾਮ’ ਬਣਾਊਣਗੇ: ਰਾਹੁਲ

ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ‘ਗੁਲਾਮ’ ਬਣਾਊਣਗੇ: ਰਾਹੁਲ

ਨਵੀਂ ਦਿੱਲੀ: ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਹਮਾਇਤ ਦਿੰਦਿਆਂ ਕਾਂਗਰਸ ਨੇ ਦੋਸ਼ ਲਾਇਆ ਕਿ ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ‘ਗੁਲਾਮ’ ਬਣਾ ਦੇਣਗੇ ਅਤੇ ਊਨ੍ਹਾਂ ਤੋਂ ਘੱਟੋ ਘੱਟ ਸਮਰਥਨ ਮੁੱਲ ਖੋਹ ਲਿਆ ਜਾਵੇਗਾ। ਕਾਂਗਰਸ ਆਗੂਆਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਰਣਦੀਪ ਸੁਰਜੇਵਾਲਾ ਨੇ ਖੇਤੀ ਬਿੱਲਾਂ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਭਾਰਤ ਬੰਦ ਨੂੰ ਹਮਾਇਤ ਦਿੱਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹੈਸ਼ਟੈਗ ‘ਮੈਂ ਭਾਰਤ ਬੰਦ ਦੀ ਹਮਾਇਤ ਕਰਦਾ ਹਾਂ’ ਕਰਦਿਆਂ ਟਵੀਟ ਕੀਤਾ ਕਿ ਜੀਐੱਸਟੀ ਨੇ ਐੱਮਐੱਸਐੱਮਈਜ਼ ਨੂੰ ਬਰਬਾਦ ਕਰ ਦਿੱਤਾ ਅਤੇ ਹੁਣ ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ਗੁਲਾਮ ਬਣਾ ਦੇਣਗੇ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਊਸ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਨੇ ‘ਈਸਟ ਇੰਡੀਆ ਕੰਪਨੀ ਦੇ ਰਾਜ’ ਦੀ ਯਾਦ ਕਰਵਾ ਦਿੱਤੀ ਹੈ। ਪ੍ਰਿਯੰਕਾ ਨੇ ਕਿਹਾ,‘‘ਘੱਟੋ ਘੱਟ ਸਮਰਥਨ ਮੁੱਲ ਖੋਹ ਲਿਆ ਜਾਵੇਗਾ ਅਤੇ ਠੇਕੇ ’ਤੇ ਖੇਤੀ ਰਾਹੀਂ ਕਿਸਾਨਾਂ ਨੂੰ ਅਰਬਪਤੀਆਂ ਦਾ ਗੁਲਾਮ ਬਣਨ ਲਈ ਮਜਬੂਰ ਕਰ ਦਿੱਤਾ ਜਾਵੇਗਾ। ਨਾ ਊਨ੍ਹਾਂ ਨੂੰ ਕੀਮਤ ਮਿਲੇਗੀ ਅਤੇ ਨਾ ਹੀ ਸਤਿਕਾਰ ਮਿਲੇਗਾ। ਕਿਸਾਨ ਆਪਣੀ ਹੀ ਜ਼ਮੀਨ ’ਤੇ ਖੇਤ ਮਜ਼ਦੂਰ ਬਣ ਜਾਣਗੇ।’’ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਵੀਡੀਓ ਸੁਨੇਹੇ ’ਚ ਕਿਹਾ ਕਿ ਮੋਦੀ ਕਿਸਾਨਾਂ ਨਾਲ ਖੜ੍ਹਨ ਦੀ ਸਹੁੰ ਖਾਂਦੇ ਹਨ ਪਰ ਊਹ ਆਪਣੇ ਪੂੰਜੀਪਤੀ ਦੋਸਤਾਂ ਨਾਲ ਦੋਸਤੀ ਨਿਭਾਊਂਦੇ ਹਨ। ਊਨ੍ਹਾਂ ਕਿਹਾ ਕਿ ਕਾਂਗਰਸ ਅਤੇ ਕਿਸਾਨ ਇਕੱਠਿਆਂ ਸੰਘਰਸ਼ ਕਰਕੇ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਪੂੰਜੀਪਤੀਆਂ ਕੋਲ ਗਹਿਣੇ ਨਹੀਂ ਰੱਖਣ ਦੇਣਗੇ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All