ਨਵੀਂ ਦਿੱਲੀ, 18 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਖੇਤੀਬਾੜੀ ਬਿੱਲ ਉਨ੍ਹਾਂ ਦੇ ਹਿੱਤ ਵਿੱਚ ਹਨ ਤੇ ਨਵੀਂ ਵਿਵਸਥਾ ਲਾਗੂ ਹੋਣ ਬਾਅਦ ਉਹ ਆਪਣੀ ਫਸਲ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਮਨਮਰਜ਼ੀ ਦੀ ਕੀਮਤ ‘ਤੇ ਵੇਚ ਸਕਦੇ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ, ਖ਼ਾਸਕਰ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਤੇ ਕਿਸਾਨਾਂ ਦੀ ਕਮਾਈ ਦੀ ਲੁੱਟ ਕਰਨ ਵਾਲੇ ਵਿਚੋਲਿਆਂ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੁਰਾਹੇ ਨਾ ਪੈਣ ਅਤੇ ਸੁਚੇਤ ਰਹਿਣ। ਸ੍ਰੀ ਮੋਦੀ ਨੇ ਇਹ ਗੱਲ ਅੱਜ ਰਾਸ਼ਟਰ ਨੂੰ ‘ਇਤਿਹਾਸਕ’ ਕੌਸੀ ਰੇਲ ਮਹਾਂਸੇਤੂ ਨੂੰ ਸਮਰਪਿਤ ਕਰਨ ਅਤੇ ਬਿਹਾਰ ਦੇ ਰੇਲ ਯਾਤਰੀਆਂ ਦੀ ਸਹੂਲਤ ਲਈ 12 ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਆਪਣੇ ਆਨਲਾਈਨ ਸੰਬੋਧਨ ਵਿੱਚ ਕਹੀ।