ਕਦੇ ਵੀ ਨਹੀਂ... Diljit Dosanjh ਦਾ ਰਾਜਨੀਤੀ ’ਚ ਆਉਣ ਤੋਂ ਇਨਕਾਰ
ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪੋਰਟਲ ’ਤੇ ਚੱਲੀ ਖ਼ਬਰ ਉੱਤੇ ਗਾਇਕ ਨੇ ਦਿੱਤੀ ਪ੍ਰਤੀਕਿਰਿਆ
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਿਆਸਤ ਵਿੱਚ ਪੈਰ ਧਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਸਮਾਜਿਕ ਸੰਸਥਾ ‘ਜਾਗੋ ਪੰਜਾਬ ਮੰਚ’ ਨੇ ਜਨਤਕ ਪੱਤਰ ਰਾਹੀਂ ਦਿਲਜੀਤ ਨੂੰ ਸਿਆਸਤ ਵਿੱਚ ਆਉਣ ਦੀ ਬੇਨਤੀ ਕੀਤੀ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਮਗਰੋਂ ਇਸ ਸਬੰਧੀ ਖ਼ਬਰ ਚਲਾਈ ਤਾਂ ਦੋਸਾਂਝ ਨੇ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਮੈਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਵਾਂਗਾ, ਮੇਰਾ ਕੰਮ ਮਨੋਰੰਜਨ ਕਰਨਾ ਹੈ। ਮੈਂ ਆਪਣੇ ਖੇਤਰ ਵਿੱਚ ਬਹੁਤ ਖ਼ੁਸ਼ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ।’’
ਉਂਜ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਮਾਜਿਕ ਸੰਸਥਾ ਵੱਲੋਂ ਇੱਕ ਪ੍ਰਮੁੱਖ ਰੋਜ਼ਾਨਾ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਰੂਪ ਵਿੱਚ ਕਿਸੇ ਗਾਇਕ ਨੂੰ ਅਜਿਹੀ ਪੂਰੇ ਸਫ਼ੇ ਦੀ ਅਪੀਲ ਜਾਰੀ ਕੀਤੀ ਗਈ ਹੈ। ‘ਜਾਗੋ ਪੰਜਾਬ ਮੰਚ’, ਜੋ ਸੇਵਾਮੁਕਤ ਫ਼ੌਜੀਆਂ ਸਮੇਤ ਵੱਖ-ਵੱਖ ਵਰਗਾਂ ਦੇ ਸਿਵਲ ਸੁਸਾਇਟੀ ਕਾਰਕੁਨਾਂ ਦਾ ਸਮੂਹ ਹੈ, ਨੇ ਜਨਤਕ ਤੌਰ ’ਤੇ ਦੋਸਾਂਝ ਨੂੰ ਅਪੀਲ ਕੀਤੀ ਅਤੇ ਅੱਜ ਪੂਰੇ ਪੰਨੇ ਦਾ ਇਸ਼ਤਿਹਾਰ ਦਿੱਤਾ। ਇਸ ਦੌਰਾਨ ਕੈਨੇਡਾ ਦੇ ਵਿਨੀਪੈੱਗ ਵਿੱਚ ਆਪਣੇ ਕੰਸਰਟ ਤੋਂ ਇੱਕ ਦਿਨ ਪਹਿਲਾਂ ਦੋਸਾਂਝ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕ ਨੇ ਕਿਹਾ, ‘‘ਮੈਨੂੰ ਦੋਵਾਂ ਪਾਸਿਆਂ ਤੋਂ ਗਾਲਾਂ ਪੈ ਰਹੀਆਂ ਹਨ।’’ ਇਹ ਵੀਡੀਓ ਉਨ੍ਹਾਂ ਦੇ ਕੈਲਗਰੀ ਕੰਸਰਟ ਦੀ ਹੈ, ਜਿੱਥੇ ਉਨ੍ਹਾਂ ਨੇ ਖਾਲਿਸਤਾਨ ਪੱਖੀ ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਸੰਬੋਧਨ ਕੀਤਾ ਸੀ। ਸ਼ੋਅ ਦੌਰਾਨ ਦੋਸਾਂਝ ਨੇ ਕਿਹਾ, ‘‘ਮੈਨੂੰ ਦੋਵਾਂ ਪਾਸਿਆਂ ਤੋਂ ਗਾਲਾਂ ਪੈਂਦੀਆਂ ਹਨ। ਭਾਰਤ ਵਿੱਚ ਲੋਕ ਮੈਨੂੰ ਖਾਲਿਸਤਾਨੀ ਕਹਿੰਦੇ ਹਨ, ਜਦੋਂ ਕਿ ਇੱਥੇ ਉਹ (ਖਾਲਿਸਤਾਨ ਪੱਖੀ) ਮੈਨੂੰ ‘ਇੰਡੀਆ ਵਾਲਾ’ ਕਹਿੰਦੇ ਹਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿੱਥੋਂ ਦਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਮੈਂ ਸਹੀ ਰਸਤੇ ’ਤੇ ਹਾਂ।’’ ਕੈਲਗਰੀ ਵਿੱਚ 1 ਮਈ ਨੂੰ ਦੋਸਾਂਝ ਦੇ ‘ਔਰਾ 2026’ ਕੰਸਰਟ ਦੌਰਾਨ ਖਾਲਿਸਤਾਨੀ ਝੰਡੇ ਦਿਖਾਉਣ ਵਾਲੇ ਪ੍ਰਦਰਸ਼ਨਕਾਰੀਆਂ ਦੀ ਆਲੋਚਨਾ ਕਰਨ ਤੋਂ ਬਾਅਦ ਗਾਇਕ ਅਤੇ ਕੁਝ ਖਾਲਿਸਤਾਨ ਪੱਖੀ ਸਮੂਹਾਂ ਵਿਚਕਾਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ।

