ਨੇਪਾਲ ਨੇ ਅੱਜ ਲਿਪੁਲੇਖ ’ਤੇ ਆਪਣਾ ਖੇਤਰੀ ਦਾਅਵਾ ਦੁਹਰਾਉਂਦਿਆਂ ਇਸ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਨਾਲ ਗੱਲਬਾਤ ਦੀ ਵਕਾਲਤ ਕੀਤੀ ਹੈ। ਇਹ ਕਦਮ ਨਵੀਂ ਦਿੱਲੀ ਵੱਲੋਂ ਇਸ ਖੇਤਰ ’ਤੇ ਕਾਠਮੰਡੂ ਦੇ ਰੁਖ ਨੂੰ ਸਖ਼ਤੀ ਨਾਲ ਖਾਰਜ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਨੇਪਾਲ ਸਰਕਾਰ ਦੇ ਬੁਲਾਰੇ ਸਸਮਿਤ ਪੋਖਰੈਲ ਨੇ ਕਿਹਾ, ‘‘ਨੇਪਾਲ ਦਾ ਆਪਣੀ ਸਰਹੱਦ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ; ਇਹ ਖੇਤਰ ਨੇਪਾਲ ਦਾ ਹੈ ਅਤੇ ਸਰਕਾਰ ਇਸ ਬਾਰੇ ਸਪੱਸ਼ਟ ਨਜ਼ਰੀਆ ਰੱਖਦੀ ਹੈ ਤੇ ਆਪਣੇ ਰੁਖ਼ ’ਤੇ ਕਾਇਮ ਹੈ।’’ ਪੋਖਰੈਲ, ਜੋ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਵੀ ਹਨ, ਨੇ ਅੱਗੇ ਕਿਹਾ, ‘‘ਇਸ ਮੁੱਦੇ ਨੂੰ ਦੋਵਾਂ ਦੇਸ਼ਾਂ ਦੇ ਸਹਿਯੋਗ ਅਤੇ ਕੂਟਨੀਤਕ ਗੱਲਬਾਤ ਰਾਹੀਂ ਸੁਲਝਾਉਣ ਦੀ ਲੋੜ ਹੈ।’’ ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਰਸਮੀ ਪੱਤਰ ਰਾਹੀਂ ਭਾਰਤ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।
Advertisement
Advertisement
×

