Nepal Floods: ਸੁਰੰਗ ਵਿੱਚੋਂ 10 ਦਿਨਾਂ ਬਾਅਦ ਵੀ ਜਿਉਂਦੇ ਮਿਲੇ ਦੋ ਕਾਮੇ
ਭੋਤੇਕੋਸ਼ੀ ਫਲੈਸ਼ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਚਲਾਏ ਗਏ ਬਚਾਅ ਕਾਰਜਾਂ ਦੌਰਾਨ ਸੁਰੰਗ ਵਿੱਚੋਂ ਮਕੈਨੀਕਲ ਸੁਪਰਵਾਈਜ਼ਰ ਅਤੇ ਫੋਰਮੈਨ ਸੁਰੱਖਿਅਤ ਬਾਹਰ ਕੱਢੇ ਗਏ
ਭੋਤੇਕੋਸ਼ੀ ਫਲੈਸ਼ ਹੜ੍ਹ ਤਬਾਹੀ ਦੇ 10 ਦਿਨਾਂ ਬਾਅਦ ਤ੍ਰਿਸ਼ੂਲੀ 3ਏ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਇੱਕ ਸੁਰੰਗ ਵਿੱਚੋਂ ਦੋ ਵਿਅਕਤੀਆਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਉਨ੍ਹਾਂ ਦੀ ਪਛਾਣ ਕਬੀਰ ਮਹਾਰਜਨ (45) ਅਤੇ ਸੰਜੇ ਸਾਹ (30) ਵਜੋਂ ਹੋਈ ਹੈ।
ਨੇਪਾਲ ਆਰਮੀ ਦੇ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ ਦੇ ਅਨੁਸਾਰ, ਮਹਾਰਜਨ ਪ੍ਰੋਜੈਕਟ ਵਿੱਚ ਮਕੈਨੀਕਲ ਸੁਪਰਵਾਈਜ਼ਰ ਵਜੋਂ ਕੰਮ ਕਰ ਰਹੇ ਸਨ, ਜਦੋਂ ਕਿ ਸਾਹ ਫੋਰਮੈਨ ਸਨ। ਨੇਪਾਲ ਆਰਮੀ ਦੀ ਅਗਵਾਈ ਹੇਠਲੀ ਸੁਰੱਖਿਆ ਕਮਾਂਡ ਵਿਸ਼ੇਸ਼ ਉਪਕਰਣਾਂ ਦੀ ਵਰਤੋਂ ਕਰਦਿਆਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਰੁੱਝੀ ਹੋਈ ਹੈ।
ਕਾਠਮੰਡੂ ਪੋਸਟ ਅਖ਼ਬਾਰ ਦੀ ਰਿਪੋਰਟ ਮੁਤਾਬਕ, ਇਹ ਬਚਾਅ ਕਾਰਜ ਉਸ ਤੋਂ ਬਾਅਦ ਹੋਇਆ ਜਦੋਂ ਬਚਾਅ ਕਰਮਚਾਰੀਆਂ ਨੇ ਸੁਰੰਗ ਦੇ ਅੰਦਰੋਂ ਆਵਾਜ਼ਾਂ ਸੁਣੀਆਂ ਅਤੇ ਉੱਥੇ ਫਸੇ ਹੋਣ ਦੇ ਸ਼ੱਕ ਵਿੱਚ ਲੋਕਾਂ ਨਾਲ ਸੰਪਰਕ ਸਥਾਪਤ ਕੀਤਾ। ਆਵਾਜ਼ਾਂ ਸੁਣੇ ਜਾਣ ਤੋਂ ਬਾਅਦ ਨੇਪਾਲੀ ਸੈਨਾ ਅਤੇ ਆਰਮਡ ਪੁਲੀਸ ਫ਼ੋਰਸ ਨੇ ਉਨ੍ਹਾਂ ਤੱਕ ਪਹੁੰਚਣ ਲਈ ਯਤਨ ਤੇਜ਼ ਕਰ ਦਿੱਤੇ। ਸ਼ੁੱਕਰਵਾਰ ਨੂੰ ਨੇਪਾਲ ਵਿੱਚ ਫਲੈਸ਼ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,282 ਹੋ ਗਈ।
ਨੇਪਾਲ-ਤਿੱਬਤ ਸਰਹੱਦ ਨੇੜੇ ਬਰਫ਼-ਚੱਟਾਨ ਦੇ ਖਿਸਕਣ ਕਾਰਨ 26 ਅਗਸਤ ਨੂੰ ਆਏ ਫਲੈਸ਼ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ। ਨੇਪਾਲ ਪੁਲੀਸ ਦੇ ਅਨੁਸਾਰ, ਹੁਣ ਤੱਕ ਚਿਤਵਨ ਵਿੱਚ 359, ਨਵਲਪੁਰ (ਨਵਲਪਾਰਸੀ ਪੂਰਬ) ਵਿੱਚ 218, ਨਵਲਪਾਰਸੀ ਪੱਛਮੀ ਵਿੱਚ 208, ਨੁਵਾਕੋਟ ਵਿੱਚ 185, ਗੋਰਖਾ ਵਿੱਚ 72, ਧਾੜਿੰਗ ਵਿੱਚ 60, ਰਸੂਵਾ ਵਿੱਚ 140 ਅਤੇ ਤਨਹੂੰ ਵਿੱਚ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਾਠਮੰਡੂ ਦੇ ਦੋ ਹਸਪਤਾਲਾਂ ਵਿੱਚ ਇਲਾਜ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1,282 ਤੱਕ ਪਹੁੰਚ ਗਈ ਹੈ।

