Nepal Floods: 320 ਭਾਰਤੀ ਲਾਪਤਾ; 400 ਹੋਰ ਚੀਨ ਵਾਲੇ ਪਾਸੇ ਫਸੇ: ਵਿਦੇਸ਼ ਮੰਤਰਾਲਾ
ਨੇਪਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਕਾਠਮੰਡੂ ਪਹੁੰਚਣ ਤੋਂ ਇੱਕ ਦਿਨ ਬਾਅਦ, 21 ਭਾਰਤੀ ਅੱਜ ਦੁਪਹਿਰ ਨਵੀਂ ਦਿੱਲੀ ਪਹੁੰਚੇ
ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਘੱਟੋ-ਘੱਟ 320 ਭਾਰਤੀ ਲਾਪਤਾ ਹਨ ਅਤੇ ਲਗਪਗ 400 ਹੋਰ ਚੀਨ ਦੇ ਪਾਸੇ ਫਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਬਚਾਅ ਕਾਰਜਾਂ ਵਿੱਚ ਕਾਠਮੰਡੂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 96 ਭਾਰਤੀ ਨਾਗਰਿਕ ਜੋ ਚੀਨ ਵਾਲੇ ਪਾਸੇ ਫਸੇ ਹੋਏ ਸਨ, ਉਹ ਜ਼ਮੀਨੀ ਰਸਤੇ ਰਾਹੀਂ ਸੁਰੱਖਿਅਤ ਨੇਪਾਲ ਪਹੁੰਚ ਗਏ ਹਨ।
ਉਨ੍ਹਾਂ ਕਿਹਾ ਕਿ ਨੇਪਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਕਾਠਮੰਡੂ ਪਹੁੰਚਣ ਤੋਂ ਇੱਕ ਦਿਨ ਬਾਅਦ, 21 ਭਾਰਤੀ ਅੱਜ ਦੁਪਹਿਰ ਨਵੀਂ ਦਿੱਲੀ ਪਹੁੰਚੇ।
ਤਾਮਿਲਨਾਡੂ ਦੇ ਇਨ੍ਹਾਂ ਭਾਰਤੀ ਨਾਗਰਿਕਾਂ ਦਾ ਰਾਜਧਾਨੀ ਵਿੱਚ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਸਵਾਗਤ ਕੀਤਾ ਗਿਆ।
ਨੇਪਾਲੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਤਾਜ਼ਾ ਵੇਰਵਿਆਂ ਦੇ ਅਨੁਸਾਰ, ਖੋਜ ਅਤੇ ਬਚਾਅ ਮੁਹਿੰਮ ਜਾਰੀ ਰਹਿਣ ਅਤੇ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਬੁੱਧਵਾਰ ਨੂੰ ਨੇਪਾਲ ਵਿੱਚ ਆਏ ਅਚਾਨਕ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 538 ਹੋ ਗਈ ਹੈ।
ਜੈਸਵਾਲ ਨੇ ਕਿਹਾ, "ਜਿੱਥੋਂ ਤੱਕ ਉਨ੍ਹਾਂ ਲੋਕਾਂ (ਭਾਰਤੀਆਂ) ਦੀ ਗਿਣਤੀ ਦਾ ਸਵਾਲ ਹੈ ਜਿਨ੍ਹਾਂ ਨਾਲ ਅਸੀਂ ਸੰਪਰਕ ਕਰਨ ਵਿੱਚ ਅਸਮਰੱਥ ਹਾਂ ਜਾਂ ਜੋ ਲਾਪਤਾ ਹਨ, ਇਸ ਸਮੇਂ ਇਹ ਅੰਕੜਾ 320 ਹੈ।"
ਉਨ੍ਹਾਂ ਕਿਹਾ, "ਭਾਰਤੀ ਮੂਲ ਦੇ ਲਗਪਗ 100 ਲੋਕ ਉਹ ਵੀ ਹਨ ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਹ ਉਹ ਲੋਕ ਹਨ ਜੋ ਭਾਰਤੀ ਮੂਲ ਦੇ ਹਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਲਈ ਗਏ ਹੋ ਸਕਦੇ ਹਨ, ਪਰ ਉਨ੍ਹਾਂ ਕੋਲ ਦੂਜੇ ਦੇਸ਼ਾਂ ਦੀ ਨਾਗਰਿਕਤਾ ਹੈ।"
ਜੈਸਵਾਲ ਨੇ ਕਿਹਾ ਕਿ 400 ਭਾਰਤੀ ਚੀਨ ਦੇ ਪਾਸੇ ਫਸੇ ਹੋਏ ਹਨ ਪਰ ਉਹ ਸੁਰੱਖਿਅਤ ਹਨ।
ਉਨ੍ਹਾਂ ਕਿਹਾ, "ਉਹ ਆਪਣੇ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਸਾਡਾ ਦੂਤਾਵਾਸ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਦੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੇ ਪੇਚੀਇੰਗ ਵਿੱਚ ਸਾਡੇ ਦੂਤਾਵਾਸ ਵੱਲੋਂ ਚਲਾਏ ਜਾਂਦੇ ਹੈਲਪਲਾਈਨ ਨੰਬਰਾਂ ਰਾਹੀਂ ਵੀ ਸਾਡੇ ਨਾਲ ਸੰਪਰਕ ਕੀਤਾ ਹੈ।"
ਉਨ੍ਹਾਂ ਕਿਹਾ, "ਸਾਡਾ ਦੂਤਾਵਾਸ ਚੀਨ ਦੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਹ ਉੱਥੇ ਫਸੇ ਇਨ੍ਹਾਂ ਲੋਕਾਂ ਨੂੰ ਕਿਵੇਂ ਕੱਢਣਾ ਹੈ ਇਸ 'ਤੇ ਕੰਮ ਕਰ ਰਹੇ ਹਨ।"
ਇਸ ਸਬੰਧਤ ਘਟਨਾਕ੍ਰਮ ਵਿੱਚ, ਜੈਸ਼ੰਕਰ ਨੇ ਸੀਨੀਅਰ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਕੀਤੀ ਅਤੇ ਲਾਪਤਾ ਭਾਰਤੀਆਂ ਦੀ ਸਥਿਤੀ ਦਾ ਪਤਾ ਲਗਾਉਣ 'ਤੇ ਧਿਆਨ ਕੇਂਦਰਿਤ ਕਰਦਿਆਂ ਨੇਪਾਲ ਦੀ ਸਥਿਤੀ ਦੀ ਸਮੀਖਿਆ ਕੀਤੀ। ਕਾਠਮੰਡੂ ਅਤੇ ਪੇਚੀਇੰਗ ਵਿੱਚ ਭਾਰਤੀ ਰਾਜਦੂਤ ਵੀ ਵਰਚੁਅਲ ਮੋਡ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
ਉੱਥੇ ਹੀ ਬੁੱਧਵਾਰ ਰਾਤ ਤੋਂ, ਭਾਰਤ ਨੇ ਦੋ ਮਿਲਟਰੀ ਟਰਾਂਸਪੋਰਟ ਜਹਾਜ਼ਾਂ ਵਿੱਚ ਨੇਪਾਲ ਨੂੰ ਕੁੱਲ 47.5 ਟਨ ਐਮਰਜੈਂਸੀ ਸਪਲਾਈ ਭੇਜੀ ਹੈ ਅਤੇ ਹੋਰ ਰਾਹਤ ਸਮੱਗਰੀ ਭੇਜਣ ਦੀ ਪ੍ਰਕਿਰਿਆ ਜਾਰੀ ਹੈ।

