Nepal Flood: ਭਾਰਤ ਨੇ ਨੇਪਾਲ ਨੂੰ ਰਾਹਤ ਸਮੱਗਰੀ ਦੀ ਪਹਿਲੀ ਖੇਪ ਭੇਜੀ
ਰਾਹਤ ਸਮੱਗਰੀ ਵਿੱਚ ਕੰਬਲ, ਸਫਾਈ ਕਿੱਟਾਂ, ਸੋਲਰ ਲੈਂਪ ਅਤੇ ਦਵਾਈਆਂ ਵਰਗੀਆਂ ਐਮਰਜੈਂਸੀ ਵਸਤੂਆਂ ਸ਼ਾਮਲ
ਭਾਰਤ ਨੇ ਬੁੱਧਵਾਰ ਰਾਤ ਨੂੰ ਇੱਕ ਫ਼ੌਜੀ ਟਰਾਂਸਪੋਰਟ ਜਹਾਜ਼ ਰਾਹੀਂ ਨੇਪਾਲ ਲਈ ਰਾਹਤ ਸਪਲਾਈ ਦੀ ਪਹਿਲੀ ਖੇਪ ਭੇਜੀ ਹੈ।
ਇਹ ਰਾਹਤ ਸਮੱਗਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਨੇਪਾਲੀ ਹਮਰੁਤਬਾ ਬਾਲੇਂਦਰ ਸ਼ਾਹ ਨਾਲ ਗੱਲ ਕਰਨ ਅਤੇ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਮਨੁੱਖਤਾਵਾਦੀ ਸਹਾਇਤਾ ਦਾ ਭਰੋਸਾ ਦੇਣ ਦੇ ਕੁਝ ਘੰਟਿਆਂ ਬਾਅਦ ਭੇਜੀ ਗਈ।
ਮੋਦੀ ਨੇ ਗੱਲਬਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਿਹਾ, “ਭਾਰਤ ਦੇ ਲੋਕ ਇਸ ਮੁਸ਼ਕਲ ਸਮੇਂ ਵਿੱਚ ਨੇਪਾਲ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਦੇ ਨਾਲ ਇੱਕਜੁੱਟ ਖੜ੍ਹੇ ਹਨ।”
ਉਨ੍ਹਾਂ ਕਿਹਾ, “ਭਾਰਤ ਨੇਪਾਲ ਨੂੰ ਹਰ ਸੰਭਵ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਸਾਡੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਨੇੜਿਓਂ ਤਾਲਮੇਲ ਕਰ ਰਹੀਆਂ ਹਨ।”
ਉੱਥੇ ਹੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਨੇਪਾਲ ਨੂੰ 10 ਟਨ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (HADR) ਸਹਾਇਤਾ ਭੇਜੀ ਹੈ।
ਉਨ੍ਹਾਂ ਨੇ 'ਐਕਸ' (X) 'ਤੇ ਕਿਹਾ, “ਨੇਪਾਲ ਨੂੰ ਭਿਆਨਕ ਹੜ੍ਹਾਂ ਨਾਲ ਨਜਿੱਠਣ ਲਈ ਸਹਾਇਤਾ ਵਜੋਂ 10 ਟਨ ਐੱਚ ਏ ਡੀ ਆਰ ਸਹਾਇਤਾ ਅਤੇ ਜ਼ਰੂਰੀ ਦਵਾਈਆਂ ਭੇਜੀਆਂ ਗਈਆਂ ਹਨ।”
ਉਨ੍ਹਾਂ ਕਿਹਾ, “ਸਾਡੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਅਤੇ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਹਨ। ਇਸ ਚੁਣੌਤੀ ਦੇ ਸਾਹਮਣੇ, ਭਾਰਤ ਨੇਪਾਲ ਅਤੇ ਇਸਦੇ ਲੋਕਾਂ ਦੇ ਨਾਲ ਖੜ੍ਹਾ ਹੈ।”
ਰਾਹਤ ਸਪਲਾਈ ਭਾਰਤੀ ਹਵਾਈ ਸੈਨਾ ਦੇ ਇੱਕ ਸੀ-130ਜੇ (C-130J) ਜਹਾਜ਼ ਰਾਹੀਂ ਭੇਜੀ ਗਈ। ਇਹ ਜਹਾਜ਼ ਰਾਤ 8:35 ਵਜੇ ਦੇ ਕਰੀਬ ਦਿੱਲੀ ਨੇੜੇ ਹਿੰਡਨ ਏਅਰਬੇਸ ਤੋਂ ਕਾਠਮਾਂਡੂ ਲਈ ਰਵਾਨਾ ਹੋਇਆ।
ਰਾਹਤ ਸਮੱਗਰੀ ਵਿੱਚ ਕੰਬਲ, ਸਫਾਈ ਕਿੱਟਾਂ, ਸੋਲਰ ਲੈਂਪ ਅਤੇ ਦਵਾਈਆਂ ਵਰਗੀਆਂ ਐਮਰਜੈਂਸੀ ਵਸਤੂਆਂ ਸ਼ਾਮਲ ਸਨ।

