NEET UG Paper Leak: ਕੇਂਦਰੀ ਜਾਂਚ ਏਜੰਸੀ ਵਲੋਂ ਬਾਇਓਲੋਜੀ ਦੀ ਲੈਕਚਰਾਰ ਗ਼੍ਰਿਫ਼ਤਾਰ
ਐੱਨ ਟੀ ਏ ਦੀ ਪੇਪਰ ਸੈੱਟ ਕਰਨ ਵਾਲੀ ਕਮੇਟੀ ’ਚ ਸ਼ਾਮਲ ਸੀ ਮੁਲਜ਼ਮ
ਕੇਂਦਰੀ ਜਾਂਚ ਏਜੰਸੀ ਨੇ ਨੀਟ-ਯੂ ਜੀ ਪੇਪਰ ਲੀਕ ਮਾਮਲੇ ਵਿੱਚ ਜੀਵ ਵਿਗਿਆਨ (ਬਾਇਓਲੋਜੀ) ਦੀ ਲੈਕਚਰਾਰ ਨੂੰ ਗ਼੍ਰਿਫ਼ਤਾਰ ਕੀਤਾ ਹੈ। ਇਹ ਲੈਕਚਰਾਰ 3 ਮਈ ਨੂੰ ਹੋਈ ਨੀਟ-ਯੂ ਜੀ ਪ੍ਰੀਖਿਆ ਦਾ ਪੇਪਰ ਤਿਆਰ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਦੀ ਕਮੇਟੀ ਵਿੱਚ ਸ਼ਾਮਲ ਸੀ। ਇਹ ਸੱਜਰੀ ਗ਼੍ਰਿਫ਼ਤਾਰੀ ਇਸ ਮਾਮਲੇ ’ਚ ਪਹਿਲਾਂ ਕਾਬੂ ਕੀਤੇ ਕਥਿਤ ਸਰਗਣੇ ਪੀ ਵੀ ਕੁਲਕਰਨੀ ਤੇ ਹੋਰਨਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਦੇ ਅਧਾਰ ਉੱਤੇ ਕੀਤੀ ਗਈ ਹੈ। ਦਿੱਲੀ ਕੋਰਟ ਨੇ ਕੁਲਕਰਨੀ ਤੇ ਇਕ ਹੋਰ ਮੁਲਜ਼ਮ ਮਨੀਸ਼ਾ ਵਾਘਮਾਰੇ ਨੂੰ 10 ਦਿਨਾਂ ਲਈ ਸੀ ਬੀ ਆਈ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਛੇ ਹੋਰ ਮੁਲਜ਼ਮ ਸ਼ੁਭਮ ਖੈਰਨਾਰ, ਮੰਗੀਲਾਲ ਬਿਵਾਲ, ਵਿਕਾਸ ਬਿਵਾਲ, ਦਿਨੇਸ਼ ਬਿਵਾਲ, ਯਸ਼ ਯਾਦਵ ਅਤੇ ਧਨੰਜੈ ਲੋਖੰਡੇ ਪਹਿਲਾਂ ਹੀ ਕੇਂਦਰੀ ਏਜੰਸੀ ਦੀ ਹਿਰਾਸਤ ’ਚ ਹਨ।
ਅਧਿਕਾਰੀਆਂ ਨੇ ਕਿਹਾ ਕਿ ਜੀਵ ਵਿਗਿਆਨ ਦੀ ਲੈਕਚਰਾਰ ਮਨੀਸ਼ਾ ਮੰਧਾਰੇ ਨੂੰ ਏਜੰਸੀ ਦੇ ਹੈੱਡਕੁਆਰਟਰ ’ਤੇ ਪੁੱਛਗਿੱਛ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੌਮੀ ਯੋਗਤਾ ਕਮ ਦਾਖ਼ਲਾ ਟੈਸਟ (ਅੰਡਰਗਰੈਜੂਏਟ) ਪ੍ਰੀਖਿਆ ਦੇ ਅਮਲ ਵਿੱਚ ਸ਼ਾਮਲ ਸੀ ਅਤੇ ਐੱਨ ਟੀ ਏ ਨੇ ਉਸ ਨੂੰ ਮਾਹਿਰ ਵਜੋਂ ਨਿਯੁਕਤ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੰਧਾਰੇ ਦੀ ਬੋਟਨੀ ਤੇ ਜ਼ੌਲੋਜੀ ਦੇ ਪ੍ਰਸ਼ਨ ਪੱਤਰਾਂ ਤੱਕ ਸਿੱਧੀ ਪਹੁੰਚ ਸੀ। ਮੰਧਾਰੇ ’ਤੇ ਦੋਸ਼ ਹੈ ਕਿ ਉਸ ਨੇ ਅਪਰੈਲ 2026 ਵਿੱਚ ਪੁਣੇ ਦੀ ਮਨੀਸ਼ਾ ਵਾਘਮਾਰੇ ਰਾਹੀਂ ਸੰਭਾਵੀ ਨੀਟ ਪ੍ਰੀਖਿਆ ਉਮੀਦਵਾਰਾਂ ਨੂੰ ਲਾਮਬੰਦ ਕੀਤਾ ਸੀ।
ਵਾਘਮਾਰੇ ਨੂੰ 14 ਮਈ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਇਨ੍ਹਾਂ ਵਿਦਿਆਰਥੀਆਂ ਲਈ ਉਸ ਦੇ ਪੁਣੇ ਸਥਿਤ ਘਰ ’ਤੇ ਵਿਸ਼ੇਸ਼ ਕੋਚਿੰਗ ਕਲਾਸਾਂ ਦਿੱਤੀਆਂ ਗਈਆਂ ਸਨ। ਇਹ ਦਾਅਵਾ ਕੀਤਾ ਗਿਆ ਹੈ ਕਿ ਮੰਧਾਰੇ ਨੇ ਲੀਕ ਸਵਾਲ ਤੇ ਉਨ੍ਹਾਂ ਦੇ ਜਵਾਬ ਕੁਝ ਚੋਣਵੇਂ ਵਿਦਿਆਰਥੀਆਂ ਨੂੰ ਦੱਸੇ ਤੇ ਫੀਸ ਵਜੋਂ ਲੱਖਾਂ ਰੁਪਏ ਲਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਵਾਲ 3 ਮਈ ਨੂੰ ਲਈ ਪ੍ਰੀਖਿਆ ’ਚ ਆਏ ਸਵਾਲਾਂ ਨਾਲ ਮੇਲ ਖਾਂਦੇ ਹਨ।
ਐੱਨ ਟੀ ਏ ’ਚ ਚਾਰ ਨਵੀਆਂ ਨਿਯੁਕਤੀਆਂ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੌਮੀ ਟੈਸਟਿੰਗ ਏਜੰਸੀ (ਐੱਨ ਟੀ ਏ) ਵਿੱਚ ਦੋ ਸੰਯੁਕਤ ਸਕੱਤਰ ਤੇ ਦੋ ਸੰਯੁਕਤ ਡਾਇਰੈਕਟਰ ਨਿਯੁਕਤ ਕੀਤੇ ਹਨ। ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਅਨੁਜਾ ਬਾਪਤ (1998 ਬੈਚ ਦੀ ਆਈ ਐੱਸ ਐੱਸ ਅਧਿਕਾਰੀ) ਤੇ ਰੁਚਿਤਾ ਵਿਜ (2004 ਬੈਚ ਆਈ ਆਰ ਐੱਸ) ਨੂੰ ਪੰਜ ਸਾਲਾਂ ਲਈ ਐੱਨ ਟੀ ਏ ’ਚ ਸੰਯੁਕਤ ਸਕੱਤਰ ਨਿਯੁੁਕਤ ਕੀਤਾ ਗਿਆ ਹੈ। ਇਕ ਵੱਖਰੇ ਹੁਕਮ ਮੁਤਾਬਕ ਆਈ ਆਰ ਐੱਸ ਅਧਿਕਾਰੀ ਆਕਾਸ਼ ਜੈਨ ਅਤੇ ਭਾਰਤੀ ਆਡਿਟ ਤੇ ਅਕਾਊਂਟਸ ਸਰਵਿਸ ਅਧਿਕਾਰੀ ਆਦਿੱਤਿਆ ਰਾਜੇਂਦਰ ਭੋਜਗਾਧੀਆ ਏਜੰਸੀ ਦੇ ਨਵੇਂ ਸੰਯੁਕਤ ਡਾਇਰੈਕਟਰ ਹੋਣਗੇ।
ਮੋਦੀ ਸਰਕਾਰ ਦਾ ‘ਅੰਮ੍ਰਿਤ ਕਾਲ’ ਬਣਿਆ ‘ਮ੍ਰਿਤ ਕਾਲ’: ਖੜਗੇ
ਨਵੀਂ ਦਿੱਲੀ: ਨੀਟ ਪ੍ਰੀਖਿਆ ਰੱਦ ਹੋਣ ਦੇ ਵਿਵਾਦ ਵਿਚਾਲੇ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸ਼ਾਸਨ ਹੇਠ ਦੇਸ਼ ਦਾ ‘ਅੰਮ੍ਰਿਤ ਕਾਲ’ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ‘ਮ੍ਰਿਤ ਕਾਲ’ ਸਾਬਤ ਹੋ ਰਿਹਾ ਹੈ। ਵਿਰੋਧੀ ਧਿਰ ਨੇ ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਨੀਟ ਪੇਪਰ ਲੀਕ ਘੁਟਾਲੇ ਦੀ ਮਾਨਸਿਕ ਪੀੜਾ ਕਾਰਨ ਦਿੱਲੀ, ਰਾਜਸਥਾਨ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਕਈ ਹੋਣਹਾਰ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਵਰਗਾ ਖ਼ੌਫ਼ਨਾਕ ਕਦਮ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਹੁਣ ਤੱਕ 90 ਤੋਂ ਵੱਧ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਚੁੱਕੇ ਹਨ, ਜਿਸ ਨਾਲ 9 ਕਰੋੜ ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ ਐੱਸ ਐੱਸ ’ਤੇ ਦੇਸ਼ ਦਾ ਸਿੱਖਿਆ ਢਾਂਚਾ ਤਬਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਸਾਲਾਨਾ ‘ਪ੍ਰੀਖਿਆ ਪੇ ਚਰਚਾ’ ਦੀ ਥਾਂ ‘ਪ੍ਰੀਖਿਆ ਦੀ ਸਮੀਖਿਆ’ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਬਾਰੇ ਸੰਸਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਿਰਫ਼ ਇਸ ਲਈ ਨਜ਼ਰਅੰਦਾਜ਼ ਕਰ ਦਿੱਤਾ ਕਿਉਂਕਿ ਉਸ ਵਿੱਚ ਵਿਰੋਧੀ ਧਿਰ ਦੇ ਮੈਂਬਰ ਸਨ। -ਪੀਟੀਆਈ

