NEET-UG: ਸੀ ਬੀ ਆਈ ਵੱਲੋਂ 5 ਜਣੇ ਗ੍ਰਿਫ਼ਤਾਰ
ਪੇਪਰ ਲੀਕ ਮਾਮਲੇ ’ਚ ਤਿੰਨ ਮੁਲਜ਼ਮ ਜੈਪੁਰ ਅਤੇ ਦੋ ਨਾਸਿਕ ਤੇ ਗੁਰੂਗ੍ਰਾਮ ਤੋਂ ਕਾਬੂ; ਦੇਸ਼ ਭਰ ’ਚ ਛਾਪੇ
ਸੀ ਬੀ ਆਈ ਨੇ ਨੀਟ-ਯੂ ਜੀ ਪੇਪਰ ਲੀਕ ਕੇਸ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਜਾਂਚ ਦਾ ਘੇਰਾ ਮੋਕਲਾ ਕਰਦੇ ਹੋਏ ਦੇਸ਼ ਭਰ ਵਿੱਚ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਏਜੰਸੀ ਨੇ ਤਿੰਨ ਮੁਲਜ਼ਮਾਂ ਨੂੰ ਜੈਪੁਰ, ਚੌਥੇ ਨੂੰ ਗੁਰੂਗ੍ਰਾਮ ਤੇ ਪੰਜਵੇਂ ਨੂੰ ਨਾਸਿਕ ਤੋਂ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਵੱਖ ਵੱਖ ਸ਼ਹਿਰਾਂ ਵਿੱਚ ਕਈ ਹੋਰਨਾਂ ਮਸ਼ਕੂਕਾਂ ਤੋਂ ਪੁੱਛ ਪੜਤਾਲ ਜਾਰੀ ਹੈ ਤੇ ਇਨ੍ਹਾਂ ਨੂੰ ਮਗਰੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਕਾਬੂ ਕੀਤੇ ਵਿਅਕਤੀਆਂ ’ਚੋਂ ਸ਼ੁਭਮ ਖੈਰਨਾਰ (30) ਨੂੰ ਨਾਸਿਕ ਵਿੱਚ ਸਥਾਨਕ ਮੈਜਿਸਟਰੇਟ ਕੋਲੋਂ ਟਰਾਂਜ਼ਿਟ ਰਿਮਾਂਡ ਮਿਲਣ ਮਗਰੋਂ ਦਿੱਲੀ ਲਿਆਂਦਾ ਗਿਆ ਹੈ। ਰਾਜਸਥਾਨ ਪੁਲੀਸ ਦੀ ਗੁਜ਼ਾਰਿਸ਼ ਉੱਤੇ ਨਾਸਿਕ ਪੁਲੀਸ ਨੇ ਖੈਰਨਾਰ ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲਿਆ ਸੀ। ਕੇਂਦਰੀ ਜਾਂਚ ਏਜੰਸੀ ਨੇ ਮੰਗਲਵਾਰ ਨੂੰ ਜਾਂਚ ਆਪਣੇ ਹੱਥਾਂ ਵਿੱਚ ਲੈਂਦਿਆਂ ਸੂਹ ਦੇ ਅਧਾਰ ’ਤੇ ਦੇਸ਼ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਇਸ ਦੌਰਾਨ, ਏਜੰਸੀ ਨੇ ਮਸ਼ਕੂਕਾਂ ਕੋਲੋਂ ਮੋਬਾਈਲ ਫੋਨ ਸਣੇ ਕਈ ਡਿਜੀਟਲ ਯੰਤਰ ਕਬਜ਼ੇ ਵਿੱਚ ਲਏ ਹਨ। ਇਨ੍ਹਾਂ ਨੂੰ ਅੱਗੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
ਏਜੰਸੀ ਵਿਚਲੇ ਸੂਤਰਾਂ ਮੁਤਾਬਕ ਸੀ ਬੀ ਆਈ ਵੱਲੋਂ ਰਾਜਸਥਾਨ ਦੇ ਵਿਸ਼ੇਸ਼ ਅਪਰੇਸ਼ਨਜ਼ ਗਰੁੱਪ (ਐੱਸ ਓ ਜੀ) ਦੇ ਤਾਲਮੇਲ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ਦੀ ਮੁੱਢਲੀ ਜਾਂਚ ਐੱਸ ਓ ਜੀ ਨੇ ਕੀਤੀ ਸੀ। ਸੀ ਬੀ ਆਈ ਨੀਟ-ਯੂ ਜੀ ਪ੍ਰੀਖਿਆ ਨਾਲ ਸਬੰਧਤ ਦਸਤਾਵੇਜ਼ਾਂ ਲਈ ਬੁੱਧਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵੀ ਗਈ। ਟੀਮ ਨੇ ਪ੍ਰੀਖਿਆ ਅਮਲ ਵਿੱਚ ਸ਼ਾਮਲ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਉਂਜ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਜਸਥਾਨ ਦੇ ਸੀਕਰ ਨਾਲ ਸਬੰਧਤ ਵਿਦਿਆਰਥੀ, ਜੋ ਕੇਰਲਾ ਵਿੱਚ ਐੱਮ ਬੀ ਬੀ ਐੱਸ ਕਰ ਰਿਹਾ ਹੈ, ਨੇ ਗੈੱਸ ਪੇਪਰ ਅੱਗੇ ਰਾਜਸਥਾਨ ਵਿਚ ਆਪਣੇ ਦੋਸਤਾਂ ਨਾਲ ਸਾਂਝਾ ਕੀਤਾ ਸੀ। ਸਪੈਸ਼ਲ ਅਪਰੇਸ਼ਨਜ਼ ਗਰੁੱਪ ਦੇ ਆਈ ਜੀ ਅਜੈ ਪਾਲ ਲਾਂਬਾ ਨੇ ਕਿਹਾ ਵਿਦਿਆਰਥੀ ਨੂੰ ਇਹ ਗੈੱਸ ਪੇਪਰ ਆਪਣੇ ਦੋਸਤ ਕੋਲੋਂ ਮਿਲਿਆ ਜੋ ਉਸ ਨੇ ਅੱਗੇ ਸੀਕਰ ਵਿੱਚ ਹੋਰਨਾਂ ਨਾਲ ਸਾਂਝਾ ਕੀਤਾ। ਨੀਟ-ਯੂ ਜੀ ਪ੍ਰੀਖਿਆ 3 ਮਈ ਨੂੰ ਲਈ ਗਈ ਸੀ।
ਇਸ ਦੌਰਾਨ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਹੈ ਕਿ ਨੀਟ ਪੇਪਰ ਲੀਕ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇਕ ਜਣਾ ਭਾਜਪਾ ਆਗੂ ਹੈ ਤੇ ਸੂਬਾ ਸਰਕਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗਹਿਲੋਤ ਨੇ ਕਿਹਾ ਕਿ ਉਹ ਜਿਸ ਮੁਲਜ਼ਮ ਦਾ ਜ਼ਿਕਰ ਕਰ ਰਹੇ ਹਨ ਉਸ ਦਾ ਨਾਮ ਦਿਨੇਸ਼ ਬਿਨਵਾਲ ਹੈ। ਗਹਿਲੋਤ ਨੇ ਐਕਸ ’ਤੇ ਪੋਸਟ ਵਿੱਚ ਮੁਲਜ਼ਮ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੂੰ ਜੈਪੁਰ ਗ੍ਰਾਮੀਣ ਵਿੱਚ ਬੀ ਜੇ ਵਾਈ ਐੱਮ ਦੇ ਜ਼ਿਲ੍ਹਾ ਸਕੱਤਰ ਵਜੋਂ ਦਰਸਾਇਆ ਗਿਆ ਹੈ।
ਉਧਰ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆ ਉਰ-ਰਹਿਮਾਨ ਬਾਰਕ ਨੇ ਕਿਹਾ ਕਿ ਉਹ ਪੇਪਰ ਲੀਕ ਮਾਮਲੇ ਨੂੰ ਸੰਸਦ ਦੀ ਸਿੱਖਿਆ ਕਮੇਟੀ ਦੀ 21 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਰੱਖਣਗੇ। ਬਾਰਕ ਨੇ ਕਿਹਾ ਕਿ ਸਰਕਾਰ ਨਾ ਤਾਂ ਨੌਕਰੀਆਂ ਦੇ ਸਕੀ ਹੈ ਤੇ ਨਾ ਹੀ ਪ੍ਰੀਖਿਆਵਾਂ ’ਚ ਪਾਰਦਰਸ਼ਤਾ ਯਕੀਨੀ ਬਣਾ ਸਕੀ ਹੈ।
ਮੈਡੀਕਲ ਐਸੋਸੀਏਸ਼ਨ ਸੁਪਰੀਮ ਕੋਰਟ ਪਹੁੰਚੀ
ਨਵੀਂ ਦਿੱਲੀ: ਫੈਡਰੇਸ਼ਨ ਆਫ਼ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਐੱਫ ਏ ਆਈ ਐੱਮ ਏ) ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਪ੍ਰੀਖਿਆ ਪ੍ਰਣਾਲੀ ਵਿੱੱਚ ਸੁਧਾਰਾਂ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਬੇਨਿਯਮੀਆਂ ਕਰ ਕੇ ਨੀਟ ਯੂ ਜੀ 2026 ਪ੍ਰੀਖਿਆ ਰੱਦ ਕੀਤੇ ਜਾਣ ਨੂੰ ਕਥਿਤ ਤੌਰ ’ਤੇ ‘ਸਿਸਟਮ ਦੀ ਨਾਕਾਮੀ’ ਕਰਾਰ ਦਿੱਤਾ ਹੈ। ਐਸੋਸੀਏਸ਼ਨ ਨੇ ਕੌਮੀ ਪ੍ਰੀਖਿਆ ਢਾਂਚੇ ਦੇ ਮੁਕੰਮਲ ਕਾਇਆਕਲਪ ਦੀ ਮੰਗ ਕੀਤੀ, ਜਿਸ ਵਿੱਚ ਐੱਨ ਟੀ ਏ ਦੀ ਥਾਂ ਵਧੇਰੇ ਮਜ਼ਬੂਤ ਅਤੇ ਖ਼ੁਦਮੁਖ਼ਤਾਰ ਸੰਸਥਾ ਦਾ ਬਦਲ ਵੀ ਸ਼ਾਮਲ ਹੈ।
ਸਿੱਖਿਆ ਮੰਤਰੀ ਅਸਤੀਫ਼ਾ ਦੇਵੇ: ਕਾਂਗਰਸ
ਕਾਂਗਰਸ ਨੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ‘ਪੇਪਰ ਲੀਕ ਘੁਟਾਲੇ’ ਦੀ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਉਦੈ ਭਾਨੂ ਚਿਬ ਤੇ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਦੇ ਪ੍ਰਧਾਨ ਵਿਨੋਦ ਜਾਖੜ ਨੇ ਇਹ ਮੰਗ ਵੀ ਕੀਤੀ ਕਿ ਸਰਕਾਰ ਇਹ ਪ੍ਰੀਖਿਆ ਰੱਦ ਹੋਣ ਕਰ ਕੇ ਅਸਰਅੰਦਾਜ਼ ਹੋਏ ਵਿਦਿਆਰਥੀਆਂ ਨੂੰ ਯੋਗ ਮੁਆਵਜ਼ਾ ਦੇਵੇ। ਚਿਬ ਨੇ ਕਿਹਾ, ‘‘ਭਾਜਪਾ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਮੁਲਕਾਂ ਦਰਮਿਆਨ ਜੰਗ ਰੋਕ ਸਕਦੇ ਹਨ; ਪਰ ਸੱਚਾਈ ਇਹ ਹੈ ਕਿ ਉਹ ਪੇਪਰ ਲੀਕ ਵੀ ਨਹੀਂ ਰੋਕ ਸਕੇ।’’
ਨੀਟ ਪੇਪਰ ਲੀਕ ਨਾਲ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਟੁੱਟੇ: ਮਾਨ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਟ ਪ੍ਰੀਖਿਆ ਲੀਕ ਹੋਣ ਦੇ ਮਾਮਲੇ ’ਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਇਸ ਘਟਨਾ ਨੂੰ ਦੇਸ਼ ਦੇ ਲੱਖਾਂ ਹੋਣਹਾਰ ਵਿਦਿਆਰਥੀਆਂ ਨਾਲ ਵੱਡਾ ਵਿਸ਼ਵਾਸਘਾਤ ਕਰਾਰ ਦਿੱਤਾ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਕਾਰਨ ਦਿਨ-ਰਾਤ ਮਿਹਨਤ ਕਰ ਕੇ ਸੁਖਾਵੇਂ ਭਵਿੱਖ ਦੀ ਆਸ ਲਾਈ ਬੈਠੇ ਨੌਜਵਾਨਾਂ ਦੇ ਸੁਪਨੇ ਚੂਰ-ਚੂਰ ਹੋ ਗਏ ਹਨ। ਜੇ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਈ ਹੁੰਦੀ, ਤਾਂ ਅੱਜ ਲੱਖਾਂ ਪ੍ਰੀਖਿਆਰਥੀਆਂ ਦੀ ਕਿਸਮਤ ਦਾਅ ’ਤੇ ਨਾ ਲੱਗੀ ਹੁੰਦੀ।
ਆਗਾਮੀ ਚੋਣਾਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁੜ ਰੰਗਲਾ ਪੰਜਾਬ ਦੇ ਏਜੰਡੇ ’ਤੇ ਲੋਕਾਂ ਤੋਂ ਫ਼ਤਵਾ ਮੰਗੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕ ਭਲਾਈ ਅਤੇ ਵਿਕਾਸ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਪਾਰਟੀ ਇਮਾਨਦਾਰ ਸ਼ਾਸਨ ਦੇ ਆਧਾਰ ’ਤੇ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਵੱਡੇ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ।
ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਦੇ 90 ਫ਼ੀਸਦੀ ਘਰਾਂ ਵਿੱਚ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਲੋਕ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਕਰਵਾ ਰਹੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਇਨ੍ਹਾਂ ਲੋਕ ਪੱਖੀ ਪਹਿਲਕਦਮੀਆਂ ਦਾ ਪੂਰਾ ਸਮਰਥਨ ਕਰਨਗੇ ਅਤੇ ਸੂਬੇ ਵਿੱਚ ਸਰਬਪੱਖੀ ਵਿਕਾਸ ਜਾਰੀ ਰਹੇਗਾ।

