DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NEET-PG Exam: ਨੀਟ ਦੀ ਪ੍ਰੀਖਿਆ ’ਚ ਮੁੜ ਗੜਬੜ

ਜੈਪੁਰ ਦੇ ਦੋ ਕੇਂਦਰਾਂ ’ਚ ਤਕਨੀਕੀ ਖਰਾਬੀ ਸਾਹਮਣੇ ਆਈ; ਪੰਜ ਸਤੰਬਰ ਨੂੰ ਮੁਡ਼ ਪ੍ਰੀਖਿਆ ਹੋਵੇਗੀ; ਦੇਸ਼ ’ਚ 2.63 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਦੇਸ਼ ਭਰ ਵਿੱਚ ਅੱਜ 2.63 ਲੱਖ ਤੋਂ ਵੱਧ ਉਮੀਦਵਾਰਾਂ ਲਈ ਨੀਟ-ਪੀ ਜੀ (2026) ਪ੍ਰੀਖਿਆ ਕਰਵਾਈ ਗਈ; ਹਾਲਾਂਕਿ ਅੰਦਰੂਨੀ ਪੱਧਰ ’ਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਜੈਪੁਰ ਵਿੱਚ ਦੋ ਕੇਂਦਰਾਂ ’ਤੇ ਪ੍ਰੀਖਿਆ ਪੂਰੀ ਨਹੀਂ ਹੋ ਸਕੀ। ਮੈਡੀਕਲ ਸਾਇੰਸਿਜ਼ ਪ੍ਰੀਖਿਆਵਾਂ ਬਾਰੇ ਕੌਮੀ ਬੋਰਡ ਵੱਲੋਂ ਜਾਰੀ ਨੋਟਿਸ ਅਨੁਸਾਰ, ਜੈਪੁਰ ਵਿੱਚ ਪ੍ਰਭਾਵਿਤ ਉਮੀਦਵਾਰਾਂ ਲਈ 5 ਸਤੰਬਰ ਨੂੰ ਦੁਪਹਿਰੇ 3 ਵਜੇ ਮੁੜ ਪ੍ਰੀਖਿਆ ਰੱਖੀ ਗਈ ਹੈ। ਵੇਰਵਿਆਂ ਮੁਤਾਬਕ ਜੈਪੁਰ ਦੇ ਸੀਤਾਪੁਰਾ ਸਥਿਤ ਕੇਂਦਰ ’ਤੇ ਪ੍ਰੀਖਿਆ ਪੂਰੀ ਨਾ ਹੋਣ ’ਤੇ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਪ੍ਰੀਖਿਆ ਦੌਰਾਨ ਕੰਪਿਊਟਰ ਵਾਰ-ਵਾਰ ਬੰਦ ਹੋ ਰਹੇ ਸਨ। ਉਮੀਦਵਾਰਾਂ ਮੁਤਾਬਕ ਪ੍ਰੀਖਿਆ ਸਵੇਰੇ ਨੌਂ ਵਜੇ ਸ਼ੁਰੂ ਹੋਣੀ ਸੀ ਪਰ ਇਸ ਵਿੱਚ ਦੇਰ ਹੋਈ। ਤਕਨੀਕੀ ਅੜਿੱਕਿਆਂ ਵਿਚਾਲੇ ਕਈ ਉਮੀਦਵਾਰ ਪ੍ਰੀਖਿਆ ਕੇਂਦਰ ਦੇ ਬਾਹਰ ਆ ਗਏ ਤੇ ਇੰਤਜ਼ਾਮਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਤਕਨੀਕੀ ਸਮੱਸਿਆ ਆਉਣ ਬਾਰੇ ਕੇਂਦਰ ਦੇ ਕਰਮਚਾਰੀਆਂ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਪ੍ਰੀਖਿਆ ਦੀ ਨਿਰਪੱਖਤਾ ਬਾਰੇ ਵੀ ਸਵਾਲ ਚੁੱਕੇ। ਉਮੀਦਵਾਰਾਂ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਤੇ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਕਿਸੇ ਵੀ ਵਿਦਿਆਰਥੀ ਨੂੰ ਇਸ ਦਾ ਖ਼ਮਿਆਜ਼ਾ ਨਾ ਭੁਗਤਣਾ ਪਵੇ। ਗੜਬੜੀ ’ਤੇ ਹੰਗਾਮੇ ਤੋਂ ਬਾਅਦ ਬੋਰਡ ਨੇ ਤਕਨੀਕੀ ਭਾਈਵਾਲ ਅਤੇ ਪ੍ਰੀਖਿਆ ਕੇਂਦਰਾਂ ’ਤੇ ਢੁੱਕਵਾਂ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਏਜੰਸੀ ਵਿਰੁੱਧ ਕਾਰਵਾਈ ਬਾਰੇ ਫ਼ੈਸਲਾ ਲੈਣ ਲਈ ਫੌਰੀ ਮੀਟਿੰਗ ਸੱਦੀ।

ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੀਤਾਪੁਰਾ, ਜੈਪੁਰ ਦੇ ਦੋ ਆਈ ਓ ਐੱਨ ਡਿਜੀਟਲ ਜ਼ੋਨ ਕੇਂਦਰਾਂ ’ਤੇ, ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਅਤੇ ਤਕਨੀਕੀ ਭਾਈਵਾਲ ਟੀ ਸੀ ਐੱਸ ਲਿਮਟਿਡ ਦੀ ਤਕਨੀਕੀ ਗੜਬੜ ਕਾਰਨ 2,445 ਉਮੀਦਵਾਰਾਂ ਦੀ ਪ੍ਰੀਖਿਆ ਪੂਰੀ ਨਹੀਂ ਹੋ ਸਕੀ। ਮੁੜ ਪ੍ਰੀਖਿਆ ਲਈ ਸਥਾਨ ਅਤੇ ਸੋਧੇ ਹੋਏ ਦਾਖ਼ਲਾ ਕਾਰਡਾਂ ਸਮੇਤ ਹੋਰ ਵੇਰਵੇ ਵੱਖਰੇ ਤੌਰ ’ਤੇ ਸਾਂਝੇ ਕੀਤੇ ਜਾਣਗੇ। ਮੰਤਰਾਲੇ ਨੇ ਦੱਸਿਆ ਕਿ ਨੀਟ-ਪੀ ਜੀ ਪ੍ਰੀਖਿਆ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 339 ਸ਼ਹਿਰਾਂ ਦੇ 1,111 ਪ੍ਰੀਖਿਆ ਕੇਂਦਰਾਂ ’ਤੇ 2,73,096 ਉਮੀਦਵਾਰਾਂ ਲਈ ਰੱਖੀ ਗਈ ਸੀ। ਕੁੱਲ 2,65,980 ਉਮੀਦਵਾਰ ਪ੍ਰੀਖਿਆ ਦੇਣ ਆਏ, ਜਿਨ੍ਹਾਂ ਵਿੱਚੋਂ ਲਗਭਗ 2,63,535 ਉਮੀਦਵਾਰਾਂ ਦੀ ਪ੍ਰੀਖਿਆ ਸਫਲਤਾ ਨਾਲ ਮੁਕੰਮਲ ਹੋ ਗਈ।

Advertisement

ਤਕਨੀਕੀ ਗੜਬੜੀ ਦੀ ਜਾਂਚ ਲਈ ਕਮੇਟੀ ਕਾਇਮ

Advertisement

ਜੈਪੁਰ ਦੇ ਕੇਂਦਰਾਂ ਵਿੱਚ ਪ੍ਰੀਖਿਆ ਦੌਰਾਨ ਤਕਨੀਕੀ ਗੜਬੜੀ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਇਸ ਵਿੱਚ ਰਾਜਸਥਾਨ ਸਰਕਾਰ ਦਾ ਸੀਨੀਅਰ ਅਧਿਕਾਰੀ, ਕੇਂਦਰੀ ਸਿਹਤ ਮੰਤਰਾਲੇ ਦਾ ਜੁਆਇੰਟ ਸਕੱਤਰ ਪੱਧਰ ਦਾ ਅਧਿਕਾਰੀ ਅਤੇ ਕੇਂਦਰੀ ਬਿਜਲੀ ਅਥਾਰਿਟੀ ਦਾ ਸੀਨੀਅਰ ਇੰਜਨੀਅਰਿੰਗ ਅਧਿਕਾਰੀ ਸ਼ਾਮਲ ਹੋਵੇਗਾ।

Advertisement
×