ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ : The Tribune India

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼ੁਰੂ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਨਵੀਂ ਦਿੱਲੀ, 31 ਜਨਵਰੀ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਨੂੰ ਸਾਂਝੇ ਸੰਬੋਧਨ ਨਾਲ ਬਜਟ ਇਜਲਾਸ ਦਾ ਰਸਮੀ ਆਗਾਜ਼ ਕਰਦਿਆਂ ਕਿਹਾ ਕਿ ਦੇਸ਼ ਵਿੱਚ ‘ਸਥਿਰ, ਬੇਖੌਫ਼ ਤੇ ਫੈਸਲਾਕੁਨ’ ਸਰਕਾਰ ਹੈ, ਜਿਸ ਨੇ ਵਿਰਾਸਤ ਤੇ ਵਿਕਾਸ ’ਤੇ ਨਾਲੋ ਨਾਲ ਜ਼ੋਰ ਦਿੱਤਾ ਤੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਵਰਗਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੁੱਲ ਆਲਮ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸੁਝਾਅ ਰਹੀ ਹੈ ਤੇ ਅੱਜ ਹਰ ਦੇਸ਼ ਵਾਸੀ ਦਾ ਆਤਮਵਿਸ਼ਵਾਸ ਸਿਖਰ ’ਤੇ ਹੈ। ਮੁਰਮੂ ਨੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਨਿਰੰਤਰ ਲੜਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ‘ਜਮਹੂਰੀਅਤ ਤੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ 2047 ਤੱਕ ਭਾਰਤ ਨੂੰ ਆਤਮ-ਨਿਰਭਰ ਮੁਲਕ ਬਣ ਕੇ ਆਪਣੀਆਂ ਮਾਨਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੋਵੇਗਾ। 2047 ਦੇ ਭਾਰਤ ਵਿੱਚ ਗਰੀਬੀ ਨਹੀਂ ਹੋਣੀ ਚਾਹੀਦੀ ਤੇ ਮੱਧ ਵਰਗ ਵੀ ਖ਼ੁਸ਼ਹਾਲ ਹੋਵੇ। ਰਾਸ਼ਟਰਪਤੀ ਦੇ 65 ਮਿੰਟਾਂ ਦੇ ਇਸ ਭਾਸ਼ਣ ਦੌਰਾਨ ਕਈ ਨੁਕਤਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਸੰਸਦ ਮੈਂਬਰਾਂ ਨੇ ਮੇਜ਼ ਥਾਪੜ ਕੇ ਸਵਾਗਤ ਕੀਤਾ। ਸੰਸਦ ਦੇ ਕੇਂਦਰੀ ਹਾਲ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕੌਮੀ ਹਿੱਤਾਂ ਨੂੰ ਹਮੇਸ਼ਾ ਸਿਖਰ ’ਤੇ ਰੱਖਿਆ ਹੈ। ਉਨ੍ਹਾਂ ਕਿਹਾ, ‘‘ਮੇਰੀ ਫੈਸਲਾਕੁਨ ਸਰਕਾਰ ਨੇ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉੱਤੇ ਰੱਖਿਆ ਹੈ ਅਤੇ ਲੋੜ ਪੈਣ ’ਤੇ ਨੀਤੀਆਂ ਤੇ ਰਣਨੀਤੀਆਂ ਦੇ ਮੁਕੰਮਲ ਕਾਇਆਕਲਪ ਦੀ ਇੱਛਾ ਸ਼ਕਤੀ ਵੀ ਵਿਖਾਈ ਹੈ।’’ ਰਾਸ਼ਟਰਪਤੀ ਨੇ ਕਿਹਾ, ‘‘ਸਰਜੀਕਲ ਹਮਲਿਆਂ ਤੋਂ ਅਤਿਵਾਦ ਖਿਲਾਫ਼ ਸਖ਼ਤ ਕਾਰਵਾਈ, ਕੰਟਰੋਲ ਰੇਖਾ ਤੋਂ ਅਸਲ ਕੰਟਰੋਲ ਰੇਖਾ ਤੱਕ ਕਿਸੇ ਵੀ ਹਿਮਾਕਤ ਦਾ ਮੂੰਹ ਤੋੜਵਾਂ ਜਵਾਬ, ਧਾਰਾ 379 ਨੂੰ ਮਨਸੂਖ ਕਰਨ ਤੋਂ ਤਿੰਨ ਤਲਾਕ ਤੱਕ, ਮੇਰੀ ਸਰਕਾਰ ਨੂੰ ਫੈਸਲਾਕੁਨ ਸਰਕਾਰ ਵਜੋਂ ਮਾਨਤਾ ਮਿਲੀ ਹੈ।’’ ਅੱਜ ਭਾਰਤ ਵਿੱਚ ਸਰਕਾਰ ਹੈ, ਜੋ ਇਮਾਨਦਾਰੀ ਦਾ ਸਤਿਕਾਰ ਕਰਦੀ ਹੈ। ਅੱਜ ਭਾਰਤ ਵਿੱਚ ਸਰਕਾਰ ਹੈ, ਜੋ ਗਰੀਬਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਕੰਮ ਕਰ ਰਹੀ ਹੈ।’’ ਮੁਰਮੂ ਨੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਵੱਡੇ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਤੋਂ ਨਿਜਾਤ ਦਿਵਾਉਣ ਦੀ ਲੰਮੇ ਸਮੇਂ ਦੀ ਤਾਂਘ ਨੇ ਹੁਣ ਹਕੀਕੀ ਰੂਪ ਲਿਆ ਹੈ। ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਜਮਹੂਰੀਅਤ ਤੇ ਸਮਾਜਿਕ ਨਿਆਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ 9 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਕਈ ਸਕਾਰਾਤਮਕ ਬਦਲਾਅ ਲਿਆਂਦੇ ਹਨ, ਜੋ ਆਪਣੇ ਆਪ ਵਿੱਚ ਪਹਿਲੀ ਵਾਰ ਹਨ ਤੇ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਬਦਲਾਅ ਹਰੇਕ ਭਾਰਤੀ ਦਾ ਸਵੈ-ਵਿਸ਼ਵਾਸ ਹੈ, ਜੋ ਇਸ ਵੇਲੇ ਸਿਖਰ ’ਤੇ ਹੈ। ਕੁੱਲ ਆਲਮ ਨੇ ਭਾਰਤ ਨੂੰ ਵੇਖਣ ਦਾ ਰਵੱਈਆ ਬਦਲਿਆ ਹੈ।’’ -ਪੀਟੀਆਈ

ਰਾਸ਼ਟਰਪਤੀ ਦਰੋਪਦੀ ਮੁਰਮੂ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਮਗਰੋਂ ਜਾਂਦੇ ਸਮੇਂ ਕਾਂਗਰਸੀ ਨੇਤਾ ਸੋਨੀਆ ਗਾਂਧੀ ਤੇ ਹੋਰ ਮੈਂਬਰਾਂ ਨਾਲ ਦੁਆ ਸਲਾਮ ਕਰਦੇ ਹੋਏ। -ਫੋਟੋ: ਪੀਟੀਆਈ

ਭਾਸ਼ਣ ਦੌਰਾਨ ਮੂਹਰਲੀ ਕਤਾਰ ’ਚ ਇਕੱਲਿਆਂ ਬੈਠੀ ਸੋਨੀਆ ਗਾਂਧੀ

ਨਵੀਂ ਦਿੱਲੀ: ਸੰਸਦ ਦੇ ਕੇਂਦਰੀ ਹਾਲ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੌਰਾਨ ਕਾਂਗਰਸ ਆਗੂ ਸੋਨੀਆ ਗਾਂਧੀ ਮੂਹਰਲੀ ਕਤਾਰ ਵਿੱਚ ਇਕੱਲਿਆਂ ਬੈਠੇ ਨਜ਼ਰ ਆਏ। ਹਾਲਾਂਕਿ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਨੀਆ ਗਾਂਧੀ ਕੋਲ ਜਾ ਕੇ ਰਸਮੀ ਦੁਆ ਸਲਾਮ ਕੀਤੀ। ਮੁਰਮੂ ਦੇ ਭਾਸ਼ਣ ਤੋਂ ਪਹਿਲਾਂ ਟੀਐੱਮਸੀ ਦੇ ਓ’ਬ੍ਰਾਇਨ ਤੇ ਗਾਂਧੀ ਲੰਮੀ ਗੱਲਬਾਤ ਕਰਦੇ ਨਜ਼ਰ ਆੲੇ। ਸ੍ਰੀਮਤੀ ਗਾਂਧੀ ਦੇ ਨਾਲ ਦੀਆਂ ਸੀਟਾਂ ਖਾਲੀ ਪਈਆਂ ਰਹੀਆਂ ਕਿਉਂਕਿ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਖਰਾਬ ਮੌਸਮ ਕਰਕੇ ਸ੍ਰੀਨਗਰ ਵਿੱਚ ਵੀ ਫਸੇ ਰਹੇ।ਉਧਰ ਆਮ ਆਦਮੀ ਪਾਰਟੀ (ਆਪ) ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ। -ਪੀਟੀਆਈ

ਮੁਰਮੂ ਦਾ ਭਾਸ਼ਣ 2024 ਲੋਕ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਕਰਾਰ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਭਾਸ਼ਣ ਦੀ ਨੁਕਤਾਚੀਨੀ ਕਰਦਿਆਂ ਤਕਰੀਰ ਨੂੰ ਸੱਤਾਧਾਰੀ ਭਾਜਪਾ ਦੇ 2024 ਦੀਆਂ ਲੋਕ ਸਭਾ ਚੋਣਾਂ ਦੇ ਮੈਨੀਫੈਸਟੋ ਦਾ ‘ਪਹਿਲਾ ਅਧਿਆਏ’ ਕਰਾਰ ਦਿੱਤਾ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਮਹਿੰਗਾਈ, ਫਿਰਕੂ ਸਦਭਾਵਨਾ ਤੇ ਮਹਿਲਾਵਾਂ ਨਾਲ ਜੁੜੇ ਅਹਿਮ ਮਸਲੇ ਭਾਸ਼ਣ ’ਚੋਂ ‘ਗਾਇਬ’ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ‘ਇਹ ਸਰਕਾਰੀ ਬਿਆਨ ਹੈ, ਜਿਹੜਾ ਰਾਸ਼ਟਰਪਤੀ ਦੇ ਮਾਰਫ਼ਤ ਆਇਆ ਹੈ’ ਅਤੇ ਇਸ ਵਿੱਚ ਨਵਾਂ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ, ‘‘ਜੇਕਰ ਸਰਕਾਰ ਦਾਅਵਾ ਕਰਦੀ ਹੈ ਕਿ ਦੇਸ਼ ਨੇ ਇੰਨੀ ਤਰੱਕੀ ਕੀਤੀ ਹੈ ਤਾਂ ਫਿਰ ਦੇਸ਼ ਦੇ ਗਰੀਬ ਲੋਕਾਂ ਨੂੰ ਬੇਰੁਜ਼ਗਾਰੀ ਤੇ ਅਸਮਾਨੀ ਪੁੱਜੀ ਮਹਿੰਗਾਈ ਦੀ ਮਾਰ ਕਿਉਂ ਝੱਲਣੀ ਪੈ ਰਹੀ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ‘ਮੁੜ ਨਾਂ ਬਦਲ ਕੇ’ ਚਲਾਈਆਂ ਸਕੀਮਾਂ ਦੇਸ਼ ਦੇ ਅਤਿ ਗਰੀਬ ਵਰਗਾਂ ਤੱਕ ਨਹੀਂ ਪੁੱਜ ਰਹੀਆਂ। ਟੀਐੱਮਸੀ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਭਾਰਤ ਸਰਕਾਰ ਵੱਲੋਂ ‘ਲਿਖੇ’ ਜਾਣ ਦਾ ਦਸਤੂਰ ਹੈ, ਪਰ ਉਨ੍ਹਾਂ ਦੇ ਭਾਸ਼ਣ ’ਚੋਂ ਅਹਿਮ ਮਸਲੇ ਗਾਇਬ ਸਨ। ਓ’ਬ੍ਰਾਇਨ ਨੇ ਕਿਹਾ, ‘‘ਦਸਤੂਰ ਮੁਤਾਬਕ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਦੌਰਾਨ ਪੜ੍ਹਿਆ ਜਾਣ ਵਾਲਾ ਭਾਸ਼ਣ ਭਾਰਤ ਸਰਕਾਰ ਵੱਲੋਂ ਲਿਖਿਆ ਜਾਂਦਾ ਹੈ। ਭਾਸ਼ਣ ਵਿੱਚ ਮਹਿੰਗਾਈ ਨੂੰ ਕਾਬੂ ਕਰਨ, ਨੌਕਰੀਆਂ/ਰੁਜ਼ਗਾਰ ਸਿਰਜਣ, (ਵਿੱਤੀ) ਸੰਘਵਾਦ ਨੂੰ ਮਜ਼ਬੂਤ ਕਰਨ, ਫਿਰਕੂ ਸਦਭਾਵਨਾ ਦੇ ਪ੍ਰਚਾਰ ਪਾਸਾਰ, ਮਹਿਲਾ ਰਾਖਵਾਂਕਰਨ ਬਿੱਲ ਨੂੰ ਪਾਸ ਕਰਨ ਬਾਰੇ ਕੋਈ ਲਾਈਨ ਨਹੀਂ ਸੀ। ਹਾਂ, ਉੱਤਰ ਪੂਰਬ ਬਾਰੇ ਇਕ ਦੋ ਲਾਈਨਾਂ ਜ਼ਰੂਰ ਸਨ।’’ ਸੀਪੀਆਈ ਦੇ ਸੰਸਦ ਮੈਂਬਰ ਬਿਨੋੲੇ ਵਿਸਵਮ ਨੇ ਕਿਹਾ ਕਿ ਮਹਿਲਾਵਾਂ, ਨੌਜਵਾਨਾਂ, ਦਲਿਤਾਂ ਤੇ ਆਦਿਵਾਸੀਆਂ ਦਾ ਸ਼ਕਤੀਕਰਨ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ। ਇਸ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਹਨ, ਉਹ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਦਿਲਾਸਾ ਦੇਣ ਲਈ ਕਾਫੀ ਨਹੀਂ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All