DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਿਵਾਦ ਦੇ ਖਾਤਮੇ ਵੱਲ ਧਿਆਨ ਦੇਣ ਦੀ ਲੋੜ: ਬੈਨਰਜੀ

ਸਰਬ ਪਾਰਟੀ ਵਫ਼ਦ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
  • fb
  • twitter
  • whatsapp
  • whatsapp
featured-img featured-img
ਸਰਬ ਪਾਰਟੀ ਵਫ਼ਦ ਦੇ ਮੈਂਬਰ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਸਿਓਲ, 26 ਮਈ

ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਅੱਜ ਚਿਤਾਵਨੀ ਦਿੱਤੀ ਕਿ ਦੁਨੀਆ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਹੀ ਸਾਵਧਾਨ ਤੇ ਚੌਕਸ ਰਹਿਣ ਦੀ ਲੋੜ ਹੈ ਕਿ ਪਾਕਿਸਤਾਨ ਕਿਸ ਤਰ੍ਹਾਂ ਦੇ ਅਤਿਵਾਦ ਨੂੰ ਪਨਾਹ ਦੇ ਰਿਹਾ ਹੈ। ਬੈਨਰਜੀ ਦੱਖਣੀ ਕੋਰੀਆ ਦੀ ਯਾਤਰਾ ’ਤੇ ਪਹੁੰਚੇ ਸਰਬ ਪਾਰਟੀ ਸੰਸਦੀ ਵਫ਼ਦ ’ਚ ਸ਼ਾਮਲ ਹਨ।

Advertisement

ਬੈਨਰਜੀ ਨੇ ਸਿਓਲ ’ਚ ਕੋਰਿਆਈ ‘ਥਿੰਕ ਟੈਂਕ’ ਨਾਲ ਇੱਕ ਉੱਚ ਪੱਧਰੀ ਵਾਰਤਾ ’ਚ ਕਿਹਾ, ‘ਪਿੱਠ ਪਿੱਛੇ ਸੱਪ ਪਾਲਣਾ ਅਤੇ ਉਮੀਦ ਕਰਨਾ ਕਿ ਉਹ ਸਿਰਫ਼ ਤੁਹਾਡੇ ਗੁਆਂਢੀ ਨੂੰ ਡੰਗ ਮਾਰੇ, ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਇੱਕ ਵਾਰ ਜਦੋਂ ਉਹ ਸੱਪ ਬਾਹਰ ਆ ਜਾਂਦਾ ਹੈ ਤਾਂ ਉਹ ਜਿਸ ਨੂੰ ਚਾਹੇ ਡੰਗ ਮਾਰ ਸਕਦਾ ਹੈ। ਸੱਪ ਤਾਂ ਸੱਪ ਹੀ ਰਹਿੰਦਾ ਹੈ। ਇਸ ਲਈ ਇਸ ਗੱਲ ਨੂੰ ਲੈ ਬਹੁਤ ਹੀ ਸਾਵਧਾਨ ਤੇ ਚੌਕਸ ਰਹਿਣ ਦੀ ਲੋੜ ਹੈ ਕਿ ਪਾਕਿਸਤਾਨ ਕਿਸ ਤਰ੍ਹਾਂ 11 ਸਤੰਬਰ (2001), 26 ਨਵੰਬਰ (2008) ਤੋਂ ਲੈ ਕੇ ਉੜੀ, ਪਹਿਲਗਾਮ ਤੱਕ ਲਗਾਤਾਰ ਇੱਕ ਤੋਂ ਬਾਅਦ ਇੱਕ ਅਤਿਵਾਦੀ ਹਮਲੇ ਰਾਹੀਂ ਅਤਿਵਾਦ ਤੇ ਅਤਿਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਓਸਾਮਾ ਬਿਨ ਲਾਦੇਨ ਪਾਕਿਸਤਾਨ ਦੇ ਐਬਟਾਬਾਦ ’ਚ ਲੁਕਿਆ ਸੀ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਦਿੱਤੀ ਗਈ ਕੋਈ ਵੀ ਹਮਾਇਤ ਅਤਿਵਾਦੀ ਸੰਗਠਨਾਂ ਨੂੰ ਹਮਾਇਤ ਦੇਣਾ ਹੈ। ਪਾਕਿਸਤਾਨ ਦੀਆਂ ਹਰਕਤਾਂ ਦੀ ਹਮਾਇਤ ਕਰਨ ਵਾਲਾ ਕੋਈ ਵੀ ਵਿਅਕਤੀ ਅਸਲ ਵਿੱਚ ਅਤਿਵਾਦ ਦੀ ਹਮਾਇਤ ਕਰ ਰਿਹਾ ਹੈ। ਵਫ਼ਦ ਨੇ ਅੱਜ ਕੋਰਿਆਈ ਕੌਮੀ ਅਸੈਂਬਲੀ ਦੇ ਕੋਰੀਆ-ਭਾਰਤ ਸੰਸਦੀ ਦੋਸਤੀ ਸਮੂਹ ਦੇ ਚੇਅਰਮੈਨ ਯੂਨ ਹੋ-ਜੰਗ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ‘ਅਪਰੇਸ਼ਨ ਸਿੰਧੂਰ’ ਬਾਰੇ ਦੱਸਿਆ। -ਪੀਟੀਆਈ

ਕਤਰ: ਸਰਬ ਪਾਰਟੀ ਵਫ਼ਦ ਵੱਲੋਂ ਵਿਦੇਸ਼ ਰਾਜ ਮੰਤਰੀ ਨਾਲ ਮੁਲਾਕਾਤ

ਦੋਹਾ: ਭਾਰਤ ਵੱਲੋਂ ਭੇਜੇ ਗਏ ਸਰਬ ਪਾਰਟੀ ਵਫ਼ਦ ਨੇ ਅੱਜ ਕਤਰ ਦੇ ਜੂਨੀਅਰ ਮੰਤਰੀ ਨੂੰ ਪਹਿਲਗਾਮ ਅਤਿਵਾਦੀ ਹਮਲੇ, ਅਪਰੇਸ਼ਨ ਸਿੰਧੂਰ ’ਤੇ ਨਵੀਂ ਦਿੱਲੀ ਦੇ ਰੁਖ਼ ਤੇ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਨੂੰ ਲੈ ਕੇ ਭਾਰਤ ਦੀ ਨੀਤੀ ਬਾਰੇ ਜਾਣੂ ਕਰਵਾਇਆ। ਐੱਨਸੀਪੀ-ਐੱਸਪੀ ਦੀ ਨੇਤਾ ਸੁਪ੍ਰਿਆ ਸੂਲੇ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਲੰਘੀ ਦੇਰ ਰਾਤ ਕਤਰ ਪੁੱਜਾ ਸੀ।

ਸੰਸਦ ਮੈਂਬਰ ਸੁਪ੍ਰਿਆ ਸੂਲੇ ਕਤਰ ਦੇ ਵਿਦੇਸ਼ ਰਾਜ ਮੰਤਰੀ ਮੁਹੰਮਦ ਬਿਨ ਅਬਦੁਲ ਅਜ਼ੀਜ਼ ਬਿਨ ਸਾਲੇਹ ਅਲ ਖੁਲੈਫੀ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਕਤਰ ਸਥਿਤ ਭਾਰਤੀ ਦੂਤਾਵਾਸ ਨੇ ਐਕਸ ’ਤੇ ਪੋਸਟ ਕੀਤਾ, ‘ਅੱਜ ਸਵੇਰੇ ਸਰਬ ਪਾਰਟੀ ਵਫ਼ਦ ਨੇ ਵਿਦੇਸ਼ ਰਾਜ ਮੰਤਰੀ ਡਾ. ਮੁਹੰਮਦ ਬਿਨ ਅਬਦੁਲ ਅਜ਼ੀਜ਼ ਬਿਨ ਸਾਲੇਹ ਅਲ ਖੁਲੈਫੀ ਨਾਲ ਮੁਲਾਕਾਤ ਕੀਤੀ ਅਤੇ ਪਹਿਲਗਾਮ ਅਤਿਵਾਦੀ ਹਮਲੇ, ਅਪਰੇਸ਼ਨ ਸਿੰਧੂਰ ਤੇ ਅਤਿਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਲੈ ਕੇ ਭਾਰਤ ਦੀ ਕੌਮੀ ਆਮ ਸਹਿਮਤੀ ਤੇ ਭਾਰਤ ਦੇ ਨਜ਼ਰੀਏ ਬਾਰੇ ਜਾਣਕਾਰੀ ਦਿੱਤੀ।’ ਦੂਤਾਵਾਸ ਨੇ ਇੱਕ ਹੋਰ ਪੋਸਟ ’ਚ ਕਿਹਾ, ‘ਵਿਦੇਸ਼ ਰਾਜ ਮੰਤਰੀ ਨੇ ਖੇਤਰੀ ਸਥਿਰਤਾ ਤੇ ਖੁਸ਼ਹਾਲੀ ਲਈ ਭਾਰਤ ਤੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਨੀਤੀ ਪ੍ਰਤੀ ਕਤਰ ਵੱਲੋਂ ਇਕਜੁੱਟਤਾ ਜ਼ਾਹਿਰ ਕੀਤੀ।’ ਵਫ਼ਦ ਨੇ ਬੀਤੇ ਦਿਨ ਕਤਰ ਸ਼ੂਰਾ ਕੌਂਸਲ ਦੇ ਡਿਪਟੀ ਚੇਅਰਮੈਨ ਡਾ. ਹਮਦਾ ਅਲ ਸੁਲੈਤੀ ਤੇ ਹੋਰ ਕਤਰੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ ਤੇ 22 ਅਪਰੈਲ ਨੂੰ ਹੋਏ ਪਹਿਲਗਾਮ ਅਤਿਵਾਦੀ ਹਮਲੇ ਬਾਰੇ ਜਾਣਕਾਰੀ ਦਿੱਤੀ ਸੀ। ਵਫ਼ਦ ’ਚ ਐੱਨਸੀਪੀ-ਐੱਸਪੀ ਦੀ ਕਾਰਜਕਾਰੀ ਪ੍ਰਧਾਨ ਸੂਲੇ ਤੋਂ ਇਲਾਵਾ ਭਾਜਪਾ ਆਗੂ ਰਾਜੀਵ ਪ੍ਰਤਾਪ ਰੂਡੀ, ਅਨੁਰਾਗ ਠਾਕੁਰ ਤੇ ਵੀ ਮੁਰਲੀਧਰਨ, ਕਾਂਗਰਸ ਆਗੂ ਮਨੀਸ਼ ਤਿਵਾੜੀ ਤੇ ਆਨੰਦ ਸ਼ਰਮਾ, ਟੀਡੀਪੀ ਆਗੂ ਲਵੂ ਸ੍ਰੀਕ੍ਰਿਸ਼ਨ ਦੇਵਰਾਯਾਲੂ, ‘ਆਪ’ ਆਗੂ ਵਿਕਰਮਜੀਤ ਸਿੰਘ ਤੇ ਸਾਬਕਾ ਕੂਟਨੀਤਕ ਸੈਯਦ ਅਕਬਰੂਦੀਨ ਸ਼ਾਮਲ ਹਨ। -ਪੀਟੀਆਈ

Advertisement
×