ਬਰਾਮਦ ਨੂੰ ਹੁਲਾਰੇ ਲਈ ਜੁੱਤਾ ਕਾਰੋਬਾਰ ਦੇ ਵਿਸਥਾਰ ਦੀ ਲੋੜ: ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਦੁਨੀਆ ਵਿੱਚ ਜੁੱਤੇ-ਚੱਪਲ (ਫੁੱਟਵੀਅਰ) ਦਾ ਅਹਿਮ ਬਰਾਮਦਕਾਰ ਹੈ ਅਤੇ ਇਸ ਖੇਤਰ ਵਿੱਚ ਦੇਸ਼ ਦੀ ਬਰਾਮਦ ਨੂੰ ਹੁਲਾਰਾ ਦੇਣ ਵਾਸਤੇ ਕਾਰੋਬਾਰ ਦਾ ਹੋਰ ਵਿਸਥਾਰ ਕਰਨ ਦੀ ਜ਼ਰੂਰਤ ਹੈ। ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐੱਫ ਡੀ ਡੀ ਆਈ) ਦੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਖੇਡਾਂ ਦੇ ਤੇਜ਼ੀ ਨਾਲ ਵਿਕਾਸ ਅਤੇ ਗੈਰ-ਚਮੜਾ ਖੇਤਰਾਂ ਵਿੱਚ ਕਾਰੋਬਾਰ ਲਈ ਬਹੁਤ ਸਾਰੇ ਮੌਕੇ ਹਨ। ਵਣਜ ਤੇ ਉਦਯੋਗ ਮੰਤਰਾਲੇ ਵੱਲੋਂ ਇਸ ਖੇਤਰ ਵਿੱਚ ਨਿਵੇਸ਼ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਭਾਰਤ ਦੁਨੀਆ ਦਾ ਅਹਿਮ ਫੁੱਟਵੀਅਰ ਬਰਾਮਦਕਾਰ ਹੈ ਪਰ ਸਾਡੀ ਬਰਾਮਦ ਨੂੰ ਹੋਰ ਹੁਲਾਰਾ ਦੇਣ ਲਈ ਇਸ ਕਾਰੋਬਾਰ ਦਾ ਵਧੇਰੇ ਵਿਸਥਾਰ ਕਰਨ ਦੀ ਜ਼ਰੂਰਤ ਹੈ।’’ ਵਿੱਤੀ ਸਾਲ 2024-25 ਵਿੱਚ ਭਾਰਤ ਦੇ ਫੁੱਟਵੀਅਰ ਦੀ ਬਰਾਮਦ 2.5 ਅਰਬ ਅਮਰੀਕੀ ਡਾਲਰ ਤੋਂ ਵੱਧ ਅਤੇ ਦਰਾਮਦ 68 ਕਰੋੜ ਅਮਰੀਕੀ ਡਾਲਰ ਸੀ। ਰਾਸ਼ਟਰਪਤੀ ਨੇ ਇਸ ਸਬੰਧੀ ਕਿਹਾ ਕਿ ਬਰਾਮਦ ਦੇਸ਼ ਦੀ ਦਰਾਮਦ ਤੋਂ ਚਾਰ ਗੁਣਾ ਵੱਧ ਹੈ ਅਤੇ ਇਹ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਦੇਸ਼ ਜੁੱਤਾ ਉਤਪਾਦਨ ਤੇ ਖਪਤ ਵਿੱਚ ਦੁਨੀਆ ਵਿੱਚ ਦੂਜੇ ਸਥਾਨ ’ਤੇ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੇਸ਼ ਇਸ ਖੇਤਰ ਵਿੱਚ ਵਿਸ਼ਵ ਦੀ ਅਗਵਾਈ ਕਰੇਗਾ। ਐੱਫ ਡੀ ਡੀ ਆਈ ਅਤੇ ਨੌਰਥੈਂਪਟਨ ਯੂਨੀਵਰਸਿਟੀ ਵਿਚਾਲੇ ਸਮਝੌਤਾ ਭਾਰਤ ਅਤੇ ਇੰਗਲੈਂਡ ਦਰਮਿਆਨ ਮੁਕਤ ਵਪਾਰ ਸਮਝੌਤੇ ਤਹਿਤ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇੱਕ ਹੋਰ ਪਹਿਲੂ ਹੈ। 1986 ਵਿੱਚ ਸਥਾਪਤ ਐੱਫ ਡੀ ਡੀ ਆਈ ਅਹਿਮ ਵਿੱਦਿਅਕ ਤੇ ਸਿਖਲਾਈ ਸੰਸਥਾ ਹੈ, ਜੋ ਜੁੱਤੇ, ਚਮੜੇ ਦੇ ਸਾਮਾਨ ਆਦਿ ਖੇਤਰਾਂ ਦੇ ਵਿਕਾਸ ਨੂੰ ਸਮਰਪਿਤ ਹੈ।
