
ਚੰਡੀਗੜ੍ਹ ’ਚ ਸ਼ਨਿਚਰਵਾਰ ਨੂੰ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਸ਼ਾਮਲ (ਖੱਬੇ ਤੋਂ ਸੱਜੇ) ਵਾਈਸ ਐਡਮਿਰਲ ਗਿਰੀਸ਼ ਲੂਥਰਾ, ਐਡਮਿਰਲ ਸੁਨੀਲ ਲਾਂਬਾ, ਵਾਈਸ ਐਡਮਿਰਲ ਅਨੂਪ ਸਿੰਘ। -ਫੋਟੋ: ਨਿਤਿਨ ਮਿੱਤਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਦਸੰਬਰ
ਭਾਰਤ ਦੀਆਂ ਊਰਜਾ ਸਬੰਧੀ ਲੋੜਾਂ ਦੀ 90 ਫੀਸਦੀ ਪੂਰਤੀ ਦਰਾਮਦ ਰਾਹੀਂ ਹੋਣ ਦਾ ਜ਼ਿਕਰ ਕਰਦਿਆਂ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਕੁਮਾਰ ਲਾਂਬਾ ਨੇ ਅੱਜ ਦੇਸ਼ ਦੀ ਸਮੁੰਦਰੀ ਤਾਕਤ ਨੂੰ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਇੱਥੇ ਅੱਜ ਸ਼ੁਰੂ ਹੋੲੇ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਐਡਮਿਰਲ ਲਾਂਬਾ ਨੇ ਕਿਹਾ ਕਿ ਊਰਜਾ ਉਤਪਾਦਾਂ ਦੀ ਢੋਆ-ਢੁਆਈ ਦਾ ਸਭ ਤੋਂ ਸੁਖਾਲਾ ਢੰਗ ਸਮੁੰਦਰੀ ਮਾਰਗ ਹੈ ਅਤੇ ਜੇ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਖ਼ੁਦ ਨੂੰ ਜੋਖ਼ਮ ’ਚ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਸਮੁੰਦਰੀ ਸ਼ਕਤੀ ’ਚ ਨਾ ਭਾਰਤੀ ਜਲ ਸੈਨਾ ਬਲਕਿ ਭਾਰਤੀ ਮਰਚੈਂਟ ਨੇਵੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਮੰਚ ’ਤੇ ਭਾਰਤ ਦਾ ਉਭਾਰ ਹੋਣ ਕਾਰਨ ਇਸ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ ਹਨ। ਉਨ੍ਹਾਂ ਕਿਹਾ, ‘ਜੇਕਰ ਆਲਮੀ ਮਸਲਿਆਂ ’ਚ ਅਸੀਂ ਅਰਥਪੂਰਨ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੌਮੀ ਸ਼ਕਤੀ ਦੇ ਨਾਲ ਸਾਡੀ ਸਮੁੰਦਰੀ ਸ਼ਕਤੀ ਵੀ ਵਧਾਉਣੀ ਚਾਹੀਦੀ ਹੈ।’

ਉਨ੍ਹਾਂ ਕਿਹਾ ਕਿ ਭਾਰਤ ਨੇ ਲੰਮਾ ਸਮਾਂ ਸਮੁੰਦਰੀ ਤਾਕਤ ਵੱਲ ਧਿਆਨ ਨਾ ਦੇ ਕੇ ਸਿਰਫ਼ ਪੱਛਮੀ ਤੇ ਉੱਤਰੀ ਸਰਹੱਦ ਵੱਲ ਹੀ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਬਦਲ ਰਹੇ ਹਨ ਤੇ ਜਲ ਸੈਨਾ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਵਿੱਚ ਜੰਗੀ ਬੇੜੇ (ਏਅਰਕ੍ਰਾਫਟ ਕੈਰੀਅਰ) ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਵਾਈਸ ਐਡਮਿਰਲ ਗਿਰੀਸ਼ ਲੂਥਰਾ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਬਣ ਰਹੇ ਗੰਭੀਰ ਹਾਲਾਤ ਤੇ ਉਭਰ ਰਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਵਾਈਸ ਐਡਮਿਰਲ ਏਕੇ ਚਾਵਲਾ ਨੇ ਸਵਦੇਸ਼ੀ ਜੰਗੀ ਹਵਾਈ ਜਹਾਜ਼ ਪ੍ਰਾਜੈਕਟ ਤੇ ਆਈਐੱਨਐੱਸ ਵਿਕਰਾਂਤ ਬਾਰੇ ਜਾਣਕਾਰੀ ਦਿੱਤੀ। ਵਾਈਸ ਐਡਮਿਰਲ ਅਨੂਪ ਸਿੰਘ ਨੇ ਸਮੁੰਦਰੀ ਤਾਕਤ ’ਚ ਜੰਗੀ ਜਹਾਜ਼ਾਂ ਦੀ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ।
ਮਾਹਿਰਾਂ ਨੇ ਜੰਗ ’ਚ ਆਧੁਨਿਕ ਤਕਨੀਕ ਦੇ ਮਹੱਤਵ ਨੂੰ ਉਭਾਰਿਆ
ਸਮਾਗਮ ਨੂੰ ਸੰਬੋਧਨ ਕਰਦਿਆਂ ਫੌਜੀ ਮਾਹਿਰਾਂ ਨੇ ਰੂਸ-ਯੂਕਰੇਨ ਜੰਗ ਦੇ ਹਵਾਲੇ ਨਾਲ ਮੌਜੂਦਾ ਸਮੇਂ ਦੀ ਜੰਗ ’ਚ ਠੋਸ ਸਿਧਾਂਤ ਤੇ ਆਧੁਨਿਕ ਤਕਨੀਕ ਦੇ ਮਹੱਤਵ ਬਾਰੇ ਗੱਲ ਕੀਤੀ। ਮੇਜਰ ਹਰਵਿਜੈ ਸਿੰਘ (ਸੇਵਾਮੁਕਤ) ਨੇ ਕਿਹਾ ਕਿ ਇਸ ਜੰਗ ਦੌਰਾਨ ਦੋਵਾਂ ਧਿਰਾਂ ਵਿੱਚ (ਰੂਸ ਤੇ ਯੂਕਰੇਨ) ਹਾਲਾਂਕਿ ਇਲੈਕਟ੍ਰੌਨਿਕ ਜੰਗ, ਹਵਾਈ ਸੁਰੱਖਿਆ ਤੇ ਡਰੋਨ ਰੋਕੂ ਪੈਮਾਨਿਆਂ ਦੀ ਘਾਟ ਦਿਖਾਈ ਦਿੱਤੀ। ਅੱਜ ਦੇ ਜੰਗੀ ਮਾਹੌਲ ਵਿੱਚ ਅਜਿਹੀ ਤਕਨੀਕ ਸਭ ਤੋਂ ਮਹੱਤਵਪੂਰਨ ਹੈ। ਕਰਨਲ ਅਵਿਨਾਸ਼ ਸ਼ਰਮਾ (ਸੇਵਾਮੁਕਤ) ਨੇ ਕਿਹਾ ਕਿ ਜੰਗ ਦੇ ਮੂਲ ਸਿਧਾਂਤ ਨਹੀਂ ਬਦਲੇ ਪਰ ਤਕਨੀਕ ਨੇ ਜੰਗ ਦੇ ਢੰਗ-ਤਰੀਕੇ ਬਦਲ ਦਿੱਤੇ ਹਨ। ਮੇਜਰ ਜਨਰਲ ਰਾਜੇਸ਼ ਪੁਸ਼ਕਰ ਨੇ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦਾ ਇਤਿਹਾਸਕ ਪਿਛੋਕੜ ਦੱਸਿਆ। ਬ੍ਰਿਗੇਡੀਅਰ ਸੌਰਭ ਭਟਨਾਗਰ ਨੇ ਕਿਹਾ ਕਿ ਅਜੋਕੀ ਤਕਨੀਕ ’ਚ ਸਿਲੀਕੌਨ ਚਿੱਪ ਸਭ ਤੋਂ ਅਹਿਮ ਕਾਢ ਹੈ ਜਿਸ ਦੀ ਮਦਦ ਨਾਲ ਡਰੋਨ, ਆਧੁਨਿਕ ਰੋਬੋਟ, ਮਸਨੂਈ ਬੌਧਿਕਤਾ ਤੇ ਹੋਰ ਆਧੁਨਿਕ ਮਸ਼ੀਨਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ