DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ’ਚ ਐੱਨ ਡੀ ਏ ਦੀ ਤੂਫ਼ਾਨੀ ਵਾਪਸੀ

ਵਿਧਾਨ ਸਭਾ ਦੀਆਂ 243 ’ਚੋਂ 202 ਸੀਟਾਂ ਜਿੱਤੀਆਂ ; ਭਾਜਪਾ 89 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣੀ; ਵਿਰੋਧੀ ਮਹਾਗੱਠਜੋਡ਼ ਮਹਿਜ਼ 35 ਸੀਟਾਂ ਤੱਕ ਸਿਮਟਿਆ

  • fb
  • twitter
  • whatsapp
  • whatsapp
featured-img featured-img
ਪਟਨਾ ਵਿੱਚ ਪਟਾਕੇ ਚਲਾ ਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਾਜਪਾ ਸਮਰਥਕ। -ਫੋਟੋ: ਪੀਟੀਆਈ
Advertisement

ਬਿਹਾਰ ’ਚ ਹੁਕਮਰਾਨ ਗੱਠਜੋੜ ਐੱਨ ਡੀ ਏ ਨੇ ਅੱਜ ਵਿਧਾਨ ਸਭਾ ਚੋਣਾਂ  ਵਿੱਚ ਮੁੜ ਸ਼ਾਨਦਾਰ ਵਾਪਸੀ ਕਰਦਿਆਂ  243 ’ਚੋਂ 202 ਸੀਟਾਂ ਜਿੱਤ ਕੇ ਵਿਸ਼ਾਲ ਬਹੁਮਤ ਹਾਸਲ ਕਰ ਲਿਆ ਹੈ ਜਦਕਿ ਵਿਰੋਧੀ ਮਹਾਗੱਠਜੋੜ ਸਿਰਫ਼ 35 ਸੀਟਾਂ ਜਿੱਤ ਸਕਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਬਿਹਾਰ ’ਚ ਸਰਕਾਰ ਬਣਾਉਣ ਲਈ 122 ਸੀਟਾਂ ਦੀ ਜ਼ਰੂਰਤ ਹੈ।

ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਜਪਾ ਨੇ 89 ਸੀਟਾਂ ਜਿੱਤੀਆਂ ਹਨ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਨੇ 101 ਸੀਟਾਂ ’ਤੇ ਚੋਣ ਲੜੀ ਸੀ। ਉਸ ਦੀ ਸਹਿਯੋਗੀ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਾਰਟੀ ਜਨਤਾ ਦਲ (ਯੂ) ਨੇ 85 ਸੀਟਾਂ ਜਿੱਤੀਆਂ ਹਨ। ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 19 ਸੀਟਾਂ ਹਾਸਲ ਕੀਤੀਆਂ ਹਨ। ਹਿੰਦੁਸਤਾਨ ਅਵਾਮ ਮੋਰਚਾ (ਸੈਕੁਲਰ) ਨੇ 5 ਤੇ ਰਾਸ਼ਟਰੀ ਲੋਕ ਮੋਰਚਾ ਨੇ 4 ਸੀਟਾਂ ਜਿੱਤੀਆਂ ਹਨ। ਐੱਨ ਡੀ ਏ ਵੱਲੋਂ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਰਾਜ ਮੰਤਰੀ ਪ੍ਰੇਮ ਕੁਮਾਰ, ਮਹੇਸ਼ਵਰ ਹਜ਼ਾਰੀ ਤੇ ਸੰਜੈ ਸਰੋਗੀ ਅਤੇ ਭਾਜਪਾ ਉਮੀਦਵਾਰ ਮੈਥਿਲੀ ਠਾਕੁਰ ਚੋਣ ਜਿੱਤ ਚੁੱਕੇ ਹਨ। ਆਰ ਜੇ ਡੀ ਆਗੂ ਤੇ ਇੰਡੀਆ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ, ਮਰਹੂਮ ਮੁਹੰਮਦ ਸ਼ਹਾਬੂਦੀਨ ਦਾ ਪੁੱਤਰ ਓਸਾਮਾ ਸ਼ਹਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦਾ ਸੰਦੀਪ ਸੌਰਵ ਵਿਰੋਧੀ ਧਿਰ ਦੇ ਜਿੱਤੇ ਅਹਿਮ ਆਗੂਆਂ ’ਚ ਸ਼ਾਮਲ ਹਨ। ਇੰਡੀਆ ਗੱਠਜੋੜ ਸਿਰਫ਼ 35 ਸੀਟਾਂ ’ਤੇ ਜਿੱਤ ਹਾਸਲ ਕਰ ਸਕਿਆ ਹੈ। ਆਰ ਜੇ ਡੀ ਨੇ 25 ਸੀਟਾਂ ਅਤੇ ਕਾਂਗਰਸ ਨੇ ਛੇ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਦੋ ਸੀਟਾਂ ਹਾਸਲ ਕੀਤੀਆਂ ਹਨ। ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁੱਦੀਨ ਓਵਾਇਸੀ ਦੀ ਅਗਵਾਈ ਹੇਠਲੀ ਏ ਆਈ ਐੱਮ ਆਈ ਐੱਮ ਨੇ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਖਾਤਾ ਵੀ ਨਾ ਖੁੱਲ੍ਹ ਸਕਿਆ।

Advertisement

ਲੋਕਤੰਤਰ ’ਤੇ ਹਮਲਾ ਕਰਨ ਵਾਲੇ ਹਾਰੇ: ਮੋਦੀ

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨ ਡੀ ਏ ਦੀ ਜਿੱਤ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਜਿੱਤ ਨੇ ਨਵਾਂ ‘ਐੱਮ-ਵਾਈ (ਮਹਿਲਾ ਤੇ ਯੂਥ)’ ਫਾਰਮੂਲਾ ਦਿੱਤਾ ਹੈ। ਉਨ੍ਹਾਂ ਮੁਤਾਬਕ ਲੋਕਾਂ ਨੇ ‘ਜੰਗਲ ਰਾਜ ਵਾਲਿਆਂ ਦੇ ਫਿਰਕੂ ਐੱਮ-ਵਾਈ ਫਾਰਮੂਲੇ’ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੱਛਮੀ ਬੰਗਾਲ ’ਚੋਂ ਵੀ ‘ਜੰਗਲ ਰਾਜ’ ਖ਼ਤਮ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਜਿਵੇਂ ਗੰਗਾ ਨਦੀ ਬਿਹਾਰ ਤੋਂ ਹੋ ਕੇ ਬੰਗਾਲ ਜਾਂਦੀ ਹੈ, ਉਸੇ ਤਰ੍ਹਾਂ ਇਹ ਜਿੱਤ ਭਾਜਪਾ ਲਈ ਉੱਥੇ ਵੀ ਜਿੱਤ ਦਾ ਰਾਹ ਪੱਧਰਾ ਕਰੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨਾਲ ਜੁੜਨ ਲਈ ਇੱਕ ਸੰਕੇਤਕ ਇਸ਼ਾਰੇ ਵਜੋਂ ਵਾਲਾ ‘ਗਮਛਾ’ ਪਹਿਨਿਆ ਹੋਇਆ ਸੀ।

Advertisement

ਬਿਹਾਰ ਚੋਣਾਂ ’ਚ ਜਿੱਤ ਦਾ ਭਾਜਪਾ ਦਫ਼ਤਰ ’ਤੇ ਜਸ਼ਨ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਮੁਕੇਸ਼ ਅਗਰਵਾਲ
ਬਿਹਾਰ ਚੋਣਾਂ ’ਚ ਜਿੱਤ ਦਾ ਭਾਜਪਾ ਦਫ਼ਤਰ ’ਤੇ ਜਸ਼ਨ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਮੁਕੇਸ਼ ਅਗਰਵਾਲ

ਇੱਥੇ ਭਾਜਪਾ ਹੈੱਡਕੁਆਰਟਰ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਿਹਾਰ ਲੋਕਤੰਤਰ ਦੀ ਜਨਮ ਭੂਮੀ ਹੈ ਅਤੇ ਇਸੇ ਧਰਤੀ ਨੇ ਲੋਕਤੰਤਰ ’ਤੇ ਹਮਲਾ ਕਰਨ ਵਾਲਿਆਂ ਨੂੰ ਹਰਾਇਆ ਹੈ। ਉਨ੍ਹਾਂ ਕਿਹਾ, ‘‘ਬਿਹਾਰ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਝੂਠ ਹਾਰਦਾ ਹੈ ਅਤੇ ਲੋਕਾਂ ਦਾ ਭਰੋਸਾ ਜਿੱਤਦਾ ਹੈ।’’ ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ ਅਤੇ ਐੱਨ ਡੀ ਏ ਦੇ ਸਹਿਯੋਗੀਆਂ ਨੂੰ ਚੋਣ ਜਿੱਤ ਲਈ ਵਧਾਈ ਦਿੱਤੀ। ਵਿਰੋਧੀ ਧਿਰ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, ‘‘ਅੱਜ ਬਿਹਾਰ ਵੱਡੀ ਨੌਜਵਾਨ ਆਬਾਦੀ ਵਾਲੇ ਰਾਜਾਂ ’ਚੋਂ ਇੱਕ ਹੈ ਅਤੇ ਇਹ ਨੌਜਵਾਨ ਸਾਰੇ ਧਰਮਾਂ ਤੇ ਜਾਤਾਂ ਦੇ ਹਨ। ਉਨ੍ਹਾਂ ਦੀਆਂ ਇੱਛਾਵਾਂ, ਉਮੀਦਾਂ ਅਤੇ ਸੁਫਨਿਆਂ ਨੇ ਜੰਗਲ ਰਾਜ ਵਾਲਿਆਂ ਦੇ ਫਿਰਕੂ ਐੱਮ-ਵਾਈ ਫਾਰਮੂਲੇ ਨੂੰ ਤਬਾਹ ਕਰ ਦਿੱਤਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਜਿੱਤ ਨੇ ਚੋਣ ਕਮਿਸ਼ਨ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਕੀਤਾ ਹੈ। -ਪੀਟੀਆਈ

ਚੋਣਾਂ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸਨ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਗੱਠਜੋੜ ਅਜਿਹੀ ਚੋਣ ਨਹੀਂ ਜਿੱਤ ਸਕਿਆ ਜੋ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸਨ। ਉਨ੍ਹਾਂ ਐਕਸ ’ਤੇ ਕਿਹਾ, ‘‘ਮੈਂ ਬਿਹਾਰ ’ਚ ਉਨ੍ਹਾਂ ਕਰੋੜਾਂ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਮਹਾਗੱਠਜੋੜ ’ਤੇ ਭਰੋਸਾ ਜ਼ਾਹਿਰ ਕੀਤਾ। ਬਿਹਾਰ ਦਾ ਇਹ ਨਤੀਜਾ ਸਚਮੁੱਚ ਹੈਰਾਨ ਕਰਨ ਵਾਲਾ ਹੈ। ਅਸੀਂ ਅਜਿਹੀ ਚੋਣ ’ਚ ਜਿੱਤ ਹਾਸਲ ਨਹੀਂ ਕਰ ਸਕੇ ਜੋ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸੀ।’’ ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਤੇ ਲੋਕਤੰਤਰ ਦੀ ਰਾਖੀ ਦੀ ਲੜਾਈ ਹੈ। ਕਾਂਗਰਸ ਪਾਰਟੀ ਤੇ ਵਿਰੋਧੀ ਗੱਠਜੋੜ ‘ਇੰਡੀਆ’ ਇਸ ਨਤੀਜੇ ਦੀ ਡੂੰਘਾਈ ਨਾਲ ਸਮੀਖਿਆ ਕਰਨਗੇ ਤੇ ਲੋਕਤੰਤਰ ਨੂੰ ਬਚਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਹੋਰ ਅਸਰਦਾਰ ਬਣਾਉਣਗੇ। -ਪੀਟੀਆਈ

ਰਾਹੁਲ ਗਾਂਧੀ ਦੀ ਯਾਤਰਾ ਰਹੀ ਬੇਅਸਰ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕੀਤੀ ਗਈ ‘ਵੋਟਰ ਅਧਿਕਾਰ ਯਾਤਰਾ’ ਬੇਅਸਰ ਸਾਬਤ ਹੋਈ। ਜਿਨ੍ਹਾਂ ਖੇਤਰਾਂ ’ਚੋਂ ਇਹ ਯਾਤਰਾ ਲੰਘੀ, ਉੱਥੇ ਵੀ ਸੂਬੇ ਦੇ ਬਾਕੀ ਹਿੱਸਿਆਂ ਵਾਂਗ ਮਹਾਗੱਠਜੋੜ ਦਾ ਸਫਾਇਆ ਹੋ ਗਿਆ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਬੀਤੀ 17 ਅਗਸਤ ਨੂੰ ਰੋਹਤਾਸ ਜ਼ਿਲ੍ਹੇ ਦੇ ਸਾਸਾਰਾਮ ਤੋਂ ਸ਼ੁਰੂ ਹੋਈ ਇਹ ਯਾਤਰਾ ਕਥਿਤ ਵੋਟ ਚੋਰੀ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਦੇ ਖ਼ਿਲਾਫ਼ ਸੀ। ਯਾਤਰਾ ਦੀ ਸ਼ੁਰੂਆਤ ਸਾਸਾਰਾਮ ਤੋਂ ਹੋਈ ਸੀ, ਜਿੱਥੇ ਮਹਾਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਸਾਰਾਮ ਵਿਧਾਨ ਸਭਾ ਹਲਕੇ ਵਿੱਚ ਰਾਸ਼ਟਰੀ ਲੋਕ ਮੋਰਚਾ ਦੀ ਸਨੇਹਲਤਾ ਨੇ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਸਤੇਂਦਰ ਸ਼ਾਹ ਨੂੰ ਹਰਾਇਆ।ਰੋਹਤਾਸ ਜ਼ਿਲ੍ਹੇ ਤੋਂ ਬਾਅਦ ਇਸ ਯਾਤਰਾ ਦਾ ਦੂਜਾ ਮੁੱਖ ਪੜਾਅ ਔਰੰਗਾਬਾਦ ਜ਼ਿਲ੍ਹਾ ਸੀ। ਇੱਥੇ ਵੀ ਮਹਾਗੱਠਜੋੜ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਜ਼ਿਲ੍ਹੇ ਦੀ ਕੁਟੁੰਬਾ ਵਿਧਾਨ ਸਭਾ ਸੀਟ ’ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਰਾਮ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਯਾਤਰਾ ਦੌਰਾਨ ਗਯਾ ਸ਼ਹਿਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਹੋਈ ਸੀ, ਪਰ ਇਸ ਖੇਤਰ ਵਿੱਚ ਵੀ ਭਾਜਪਾ ਦੇ ਸੀਨੀਅਰ ਆਗੂ ਅਤੇ ਮੰਤਰੀ ਪ੍ਰੇਮ ਕੁਮਾਰ ਜੇਤੂ ਰਹੇ। ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਸੀਮਾਂਚਲ ਅਤੇ ਕਈ ਹੋਰ ਇਲਾਕਿਆਂ ਵਿੱਚ ਭਾਰੀ ਭੀੜ ਇਕੱਠੀ ਹੋਈ ਸੀ, ਪਰ ਇਨ੍ਹਾਂ ਇਲਾਕਿਆਂ ਵਿੱਚ ਵੀ ਗੱਠਜੋੜ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। -ਪੀਟੀਆਈ

ਮਹਿਲਾ ਵੋਟਰਾਂ ਨੇ ਪਲਟਿਆ ਪਾਸਾ

ਪਟਨਾ: ਬਿਹਾਰ ਵਿੱਚ ਐੱਨ ਡੀ ਏ ਦੀ ਵੱਡੀ ਜਿੱਤ ਦਾ ਕਾਰਨ ਔਰਤਾਂ ਨੂੰ ਮੰਨਿਆ ਜਾ ਰਿਹਾ ਹੈ। ਚੋਣ ਕਮਿਸ਼ਨ ਅਨੁਸਾਰ ਬਿਹਾਰ ਵਿੱਚ ਚੋਣਾਂ ਵਿੱਚ ਔਰਤਾਂ ਨੇ ਪੁਰਸ਼ਾਂ ਤੋਂ ਵੱਧ ਵੋਟਾਂ ਪਾਈਆਂ ਹਨ। ਬਿਹਾਰ ਦੇ ਸੱਤ ਜ਼ਿਲ੍ਹਿਆਂ ’ਚ ਔਰਤਾਂ ਵੱਲੋਂ ਵੋਟ ਭੁਗਤਣ ਦੀ ਗਿਣਤੀ ਪੁਰਸ਼ਾਂ ਨਾਲੋਂ 14 ਫ਼ੀਸਦੀ ਵੱਧ ਹੈ। ਦਸ ਹੋਰ ਜ਼ਿਲ੍ਹਿਆਂ ’ਚ 10 ਫੀਸਦ ਦਾ ਫਰਕ ਹੈ। ਸੱਤਾਧਾਰੀ ਗੱਠਜੋੜ ਐੱਨ ਡੀ ਏ ਦੀ ਜਿੱਤ ਮਗਰੋਂ ਸੂਬੇ ਭਰ ਵਿੱਚ ਔਰਤਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਕੁਝ ਥਾਵਾਂ ’ਤੇ ਔਰਤਾਂ ਗੁਲਾਲ ਨਾਲ ਖੇਡਦੀਆਂ ਦਿਖਾਈ ਦੇ ਰਹੀਆਂ ਹਨ। ਜਦੋਂ ਇੱਕ ਮਹਿਲਾ ਵੋਟਰ ਨੂੰ ਪੁੱਛਿਆ ਗਿਆ ਕਿ ਉਸ ਨੇ ਐੱਨ ਡੀ ਏ ਨੂੰ ਵੋਟ ਕਿਉਂ ਪਾਈ ਹੈ ਤਾਂ ਜਵਾਬ ਆਇਆ, “ਅਸੀਂ ਉਨ੍ਹਾਂ ਨੂੰ ਵੋਟ ਕਿਉਂ ਨਾ ਦਈਏ ਜਿਨ੍ਹਾਂ ਨੇ ਸਾਨੂੰ ਰਾਸ਼ਨ, ਪਾਣੀ, ਸੜਕਾਂ ਅਤੇ ਪੁਲ ਦਿੱਤੇ ਹਨ।” ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਸਰਕਾਰ ਨੇ 1.21 ਕਰੋੜ ਤੋਂ ਵੱਧ ਔਰਤਾਂ ਨੂੰ ਛੋਟੇ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ 10-10 ਹਜ਼ਾਰ ਰੁਪਏ ਦਿੱਤੇ ਸਨ। -ਪੀਟੀਆਈ

ਬਿਹਾਰ ਦੇ ਲੋਕਾਂ ਨੇ ਵਿਕਾਸ ’ਚ ਭਰੋਸਾ ਜਤਾਇਆ: ਸ਼ਾਹ

ਨਵੀਂ ਦਿੱਲੀ, 14 ਨਵੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ‘ਹਰ ਬਿਹਾਰੀ ਦੀ ਜਿੱਤ’ ਕਰਾਰ ਦਿੰਦਿਆਂ ਅੱਜ ਕਿਹਾ ਕਿ ਐੱਨ ਡੀ ਏ ਨੂੰ ਮਿਲਿਆ ਲੋਕ ਫਤਵਾ ਵਿਕਾਸ, ਮਹਿਲਾ ਸੁਰੱਖਿਆ ਤੇ ਗ਼ਰੀਬਾਂ ਦੀ ਭਲਾਈ ਲਈ ਉਸ ਦੇ ਕੰਮਾਂ ’ਤੇ ਜਨਤਾ ਦੀ ਮੋਹਰ ਹੈ। ਸ਼ਾਹ ਨੇ ਐਕਸ ’ਤੇ ਕਿਹਾ, ‘‘ਬਿਹਾਰ ਦੀ ਜਨਤਾ ਨੇ ਪੂਰੇ ਦੇਸ਼ ਦਾ ਰੁਝਾਨ ਦੱਸ ਦਿੱਤਾ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਜ਼ਰੂਰੀ ਹੈ ਅਤੇ ਇਸ ਖ਼ਿਲਾਫ਼ ਸਿਆਸਤ ਲਈ ਕੋਈ ਥਾਂ ਨਹੀਂ ਹੈ।’’ ਸ਼ਾਹ ਨੇ ਕਿਹਾ ਕਿ ਪਿਛਲੇ 11 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਵਿਕਾਸ ਲਈ ਕੰਮ ਕੀਤਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਨੂੰ ‘ਜੰਗਲ ਰਾਜ’ ਦੇ ਹਨੇਰੇ ’ਚੋਂ ਕੱਢਣ ਲਈ ਜ਼ੋਰ ਲਾਇਆ। ਉਨ੍ਹਾਂ ਕਿਹਾ, ‘‘ਗਿਆਨ, ਮਿਹਨਤ ਤੇ ਲੋਕਤੰਤਰ ਦੀ ਰੱਖਿਅਕ ‘ਬਿਹਾਰ ਦੀ ਧਰਤੀ’ ਦੇ ਲੋਕਾਂ ਨੂੰ ਦਿਲੋਂ ਨਮਨ।’’ ਇਸੇ ਤਰ੍ਹਾਂ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਬਿਹਾਰ ਚੋਣਾਂ ’ਚ ਐੱਨ ਡੀ ਏ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੱਤਾ ਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਿਤੀਸ਼ ਕਰਮਾਰ ਦੀ ‘ਡਬਲ ਇੰਜਣ’ ਸਰਕਾਰ ਦੀਆਂ ਵਿਕਾਸ ਤੇ ਲੋਕ ਭਲਾਈ ਨੀਤੀਆਂ ’ਤੇ ਭਰੋਸੇ ਦੀ ਮੋਹਰ ਹੈ। -ਪੀਟੀਆਈ

ਮਹੂਆ ’ਚ ਤੀਜੇ ਸਥਾਨ ’ਤੇ ਰਹੇ ਤੇਜ ਪ੍ਰਤਾਪ

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਅਤੇ ਜਨਸ਼ਕਤੀ ਜਨਤਾ ਦਲ ਦੇ ਪ੍ਰਧਾਨ ਤੇਜ ਪ੍ਰਤਾਪ ਯਾਦਵ ਅੱਜ ਮਹੂਆ ਵਿਧਾਨ ਸਭਾ ਸੀਟ ’ਤੇ ਤੀਜੇ ਸਥਾਨ ’ਤੇ ਰਹੇ। ਇਸ ਸੀਟ ’ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਉਮੀਦਵਾਰ ਸੰਜੈ ਕੁਮਾਰ ਸਿੰਘ ਨੇ ਆਰ ਜੇ ਡੀ ਦੇ ਮੁਕੇਸ਼ ਕੁਮਾਰ ਰੌਸ਼ਨ ਨੂੰ 44,997 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਚੋਣ ਕਮਿਸ਼ਨ ਅਨੁਸਾਰ ਤੇਜ ਪ੍ਰਤਾਪ ਨੂੰ ਸਿਰਫ਼ 35,703 ਵੋਟਾਂ ਮਿਲੀਆਂ। ਜੇਤੂ ਉਮੀਦਵਾਰ ਸੰਜੈ ਕੁਮਾਰ ਸਿੰਘ ਨੂੰ 87,641, ਜਦਕਿ ਦੂਜੇ ਨੰਬਰ ’ਤੇ ਰਹੇ ਆਰ ਜੇ ਡੀ ਉਮੀਦਵਾਰ ਰੌਸ਼ਨ ਨੂੰ 42,644 ਵੋਟਾਂ ਹਾਸਲ ਹੋਈਆਂ। ਜ਼ਿਕਰਯੋਗ ਹੈ ਕਿ ਤੇਜ ਪ੍ਰਤਾਪ ਨੇ ਹਾਲ ਹੀ ਵਿੱਚ ਆਪਣੇ ਪਿਤਾ ਵੱਲੋਂ ਆਰ ਜੇ ਡੀ ’ਚੋਂ ਕੱਢੇ ਜਾਣ ਤੋਂ ਬਾਅਦ ਨਵੀਂ ਸਿਆਸੀ ਪਾਰਟੀ ਬਣਾਈ ਸੀ। -ਪੀਟੀਆਈ

Advertisement
×