ਐਗਜ਼ਿਟ ਪੋਲ ਨੇ ਅੱਜ ਬਿਹਾਰ ਵਿੱਚ ਐੱਨ ਡੀ ਏ ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਮਹਾਗਠਬੰਧਨ ਉੱਤੇ ਵੱਡੀ ਜਿੱਤ ਹੈ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੁਰਾਜ ਦਾ ਆਪਣੀ ਪਹਿਲੀ ਚੋਣ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਹੈ। ਬਿਹਾਰ ਚੋਣਾਂ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਕਰਵਾਈਆਂ ਗਈਆਂ ਸਨ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
ਮੈਟਰਾਈਜ਼ ਐਗਜ਼ਿਟ ਪੋਲ ਨੇ ਐੱਨ ਡੀ ਏ ਨੂੰ 147-167 ਸੀਟਾਂ, ਮਹਾਗੱਠਬੰਧਨ ਨੂੰ 70-90 ਅਤੇ ਜਨ ਸੁਰਾਜ ਨੂੰ 0-2 ਸੀਟਾਂ ਅਤੇ ਦੈਨਿਕ ਭਾਸਕਰ ਨੇ ਐੱਨ ਡੀ ਏ ਲਈ 145-160 ਅਤੇ ਮਹਾਗਠਬੰਧਨ ਲਈ 73-91 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ। ਦੋ ਪੋਲਸਟਰ ਐਕਸਿਸ ਮਾਈ ਇੰਡੀਆ ਅਤੇ ਟੂਡੇ’ਜ਼ ਚਾਣਕਿਆ 12 ਨਵੰਬਰ ਨੂੰ ਐਗਜ਼ਿਟ ਪੋਲ ਜਾਰੀ ਕਰਨਗੇ। ਇਸੇ ਤਰ੍ਹਾਂ ਪੀਪਲਜ਼ ਇਨਸਾਈਟ ਨੇ ਐੱਨ ਡੀ ਏ ਲਈ 133-148, ਮਹਾਗੱਠਬੰਧਨ ਲਈ 87-102 ਅਤੇ ਜਨ ਸੁਰਾਜ ਲਈ 0-2, ਪੀਪਲਜ਼ ਪਲਸ ਨੇ ਐੱਨ ਡੀ ਏ ਨੂੰ 133-159, ਮਹਾਗੱਠਬੰਧਨ ਨੂੰ 75-101 ਅਤੇ ਜਨ ਸੁਰਾਜ ਨੂੰ 0-5 ਸੀਟਾਂ ਦਿੱਤੀਆਂ ਹਨ। ਜੇ ਵੀ ਸੀ ਨੇ ਐੱਨ ਡੀ ਏ ਲਈ 135-150 ਅਤੇ ਮਹਾਗੱਠਬੰਧਨ ਲਈ 88-103 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਪੋਲਸਟ੍ਰੇਟ ਨੇ ਐੱਨ ਡੀ ਏ ਲਈ 133-148 ਅਤੇ ਮਹਾਗੱਠਬੰਧਨ ਲਈ 87-102 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਜਿੱਥੇ ਚਾਣਕਿਆ ਰਣਨੀਤੀਆਂ ਨੇ ਐੱਨ ਡੀ ਏ ਨੂੰ 130-138, ਮਹਾਗੱਠਬੰਧਨ ਨੂੰ 100-108 ਅਤੇ ਜਨ ਸੁਰਾਜ ਨੂੰ 0 ਸੀਟਾਂ ਦਿੱਤੀਆਂ ਸਨ, ਉੱਥੇ ਪੋਲਸਟਰ ਪੀ-ਮਾਰਕ ਨੇ ਐੱਨ ਡੀ ਏ ਨੂੰ 142-162, ਮਹਾਗਠਬੰਧਨ ਨੂੰ 80-98 ਅਤੇ ਜਨ ਸੁਰਾਜ ਦੇ 1-4 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਐਗਜ਼ਿਟ ਪੋਲ ਦੇ ਅਨੁਮਾਨ ਚੋਣ ਸਰਵੇਖਣ ਏਜੰਸੀਆਂ ਦੇ ਵੋਟਰਾਂ ਨਾਲ ਗੱਲਬਾਤ ਦੇ ਆਧਾਰ ‘ਤੇ ਲਗਾਏ ਜਾਂਦੇ ਹਨ। ਇਹ ਅਨੁਮਾਨ ਅਸਲ ਨਤੀਜਿਆਂ ਤੋਂ ਬਹੁਤ ਵੱਖਰੇ ਹੋ ਸਕਦੇ ਹਨ।
ਦੂਜੇ ਗੇੜ ਵਿੱਚ ਰਿਕਾਰਡ 69 ਫੀਸਦੀ ਵੋਟਿੰਗ
ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਗੇੜ ਵਿੱਚ ਅੱਜ ਰਿਕਾਰਡ 69 ਫੀਸਦ ਦੇ ਕਰੀਬ ਵੋਟਾਂ ਪਈਆਂ ਹਨ। ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟ ਪ੍ਰਤੀਸ਼ਤਤਾ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਦੇ ਦੋਵਾਂ ਗੇੜਾਂ ਤਹਿਤ ਤਕਰੀਬਨ 66.90 ਫੀਸਦ ਵੋਟਾਂ ਪਈਆਂ ਹਨ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਮੁਕਾਬਲੇ 9.6 ਫੀਸਦ ਵੱਧ ਹਨ।
ਮੁੱਖ ਚੋਣ ਅਫਸਰ ਵਿਨੋਦ ਸਿੰਘ ਨੇ ਦੱਸਿਆ ਕਿ ਦੂਜੇ ਗੇੜ ਵਿੱਚ 122 ਵਿਧਾਨ ਸਭਾ ਹਲਕਿਆਂ ਵਿੱਚ 68.79 ਫੀਸਦੀ (ਆਰਜ਼ੀ) ਵੋਟਿੰਗ ਦਰਜ ਕੀਤੀ ਗਈ, ਜੋ 2020 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਹੈ ਜਦੋਂ 57.29 ਫੀਸਦ ਵੋਟਾਂ ਪਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਕਈ ਪੋਲਿੰਗ ਸਟੇਸ਼ਨਾਂ ’ਤੇ ਸ਼ਾਮ ਤੱਕ ਲੰਬੀਆਂ ਕਤਾਰਾਂ ਦੇਖੀਆਂ ਗਈਆਂ, ਇਸ ਲਈ ਅੰਤਿਮ ਵੋਟ ਪ੍ਰਤੀਸ਼ਤਤਾ ਹੋਰ ਵਧਣ ਦੀ ਸੰਭਾਵਨਾ ਹੈ। ਕਮਿਸ਼ਨ ਨੇ ਦੱਸਿਆ ਕਿ ਰਾਜ ਦਾ ਮੁਸਲਿਮ ਬਹੁ ਗਿਣਤੀ ਵਾਲਾ ਜ਼ਿਲ੍ਹਾ ਕਿਸ਼ਨਗੰਜ ਇਸ ਗੇੜ ਵਿੱਚ ਸਭ ਤੋਂ ਵੱਧ ਵੋਟਿੰਗ ਵਾਲੇ ਜ਼ਿਲ੍ਹਿਆਂ ਵਿੱਚ ਮੋਹਰੀ ਰਿਹਾ ਜਿੱਥੇ 76.26 ਫੀਸਦੀ ਵੋਟਾਂ ਪਈਆਂ। ਇਸ ਤੋਂ ਬਾਅਦ ਕਟਿਹਾਰ (75.23 ਫੀਸਦੀ), ਪੂਰਨੀਆ (73.79 ਫੀਸਦੀ), ਸੁਪੌਲ (70.69 ਫੀਸਦੀ) ਅਤੇ ਅਰਰੀਆ (67.79 ਫੀਸਦੀ) ਦਾ ਸਥਾਨ ਰਿਹਾ। ਇਹ ਸਾਰੇ ਜ਼ਿਲ੍ਹੇ ਨੇਪਾਲ ਦੀ ਸਰਹੱਦ ਨਾਲ ਲਗਦੇ ਕੋਸੀ-ਸੀਮਾਂਚਲ ਖੇਤਰ ਵਿੱਚ ਆਉਂਦੇ ਹਨ, ਜੋ ਹੜ੍ਹ ਪ੍ਰਭਾਵਿਤ ਅਤੇ ਵਧੇਰੇ ਘੱਟ ਗਿਣਤੀ ਆਬਾਦੀ ਵਾਲੇ ਇਲਾਕੇ ਹਨ। ਦੱਖਣੀ ਬਿਹਾਰ ਦੇਜ਼ਿਲ੍ਹਿਆਂ ਵਿੱਚ ਵੀ ਵੋਟ ਪ੍ਰਤੀਸ਼ਤਤਾ ਵੱਧ ਰਹੀ।
ਜਮੁਈ ਵਿੱਚ 67.81 ਫੀਸਦੀ, ਗਯਾ ਵਿੱਚ 67.50 ਫੀਸਦੀ ਅਤੇ ਕੈਮੂਰ ਵਿੱਚ 67.22 ਫੀਸਦੀ ਮਤਦਾਨ ਦਰਜ ਕੀਤਾ ਗਿਆ। ਨਵਾਦਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ 57.31 ਫੀਸਦੀ ਵੋਟਾਂ ਪਈਆਂ। ਦੂਜੇ ਗੇੜ ਵਿੱਚ 1,302 ਉਮੀਦਵਾਰਾਂ ਦੀ ਕਿਸਮਤ ਈ ਵੀ ਐੱਮ ਵਿੱਚ ਬੰਦ ਹੋਈ, ਜਿਨ੍ਹਾਂ ਵਿੱਚ ਕਈ ਮੰਤਰੀ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ ਅਤੇ ਨਵਾਂ ਰਿਕਾਰਡ ਬਣਾਉਣ ਦੀ ਅਪੀਲ ਕੀਤੀ ਸੀ। ਦੂਜੇ ਗੇੜ ਲਈ ਵੋਟਿੰਗ ਦੌਰਾਨ ਜੇ ਡੀ (ਯੂ) ਦੇ ਕਾਰਜਕਾਰੀ ਪ੍ਰਧਾਨ ਸੰਜੈ ਝਾਅ ਤੇ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ, ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ, ਬਿਹਾਰ ਕਾਂਗਰਸ ਦੇ ਮੁਖੀ ਰਾਜੇਸ਼ ਰਾਮ, ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ, ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ, ਭੋਜਪੁਰੀ ਗਾਇਕ ਪਵਨ ਸਿੰਘ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੇ ਵੋਟ ਪਾਈ ਹੈ। -ਪੀਟੀਆਈ
ਜ਼ਿਮਨੀ ਚੋਣ: ਅੰਟਾ ਤੇ ਡੰਪਾ ’ਚ 80 ਫੀਸਦ ਤੋਂ ਵੱਧ ਪੋਲਿੰਗ
ਨਵੀਂ ਦਿੱਲੀ: ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਛੇ ਰਾਜਾਂ ਦੀਆਂ ਅੱਠ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਲਈ ਅੱਜ ਉੱਚ ਤੋਂ ਦਰਮਿਆਨੇ ਪੱਧਰ ਦੀ ਵੋਟਿੰਗ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਵੋਟਾਂ ਮਿਜ਼ੋਰਮ ਦੇ ਡੰਪਾ ਜਦਕਿ ਸਭ ਤੋਂ ਘੱਟ ਪੋਲਿੰਗ ਤਿਲੰਗਾਨਾ ਦੇ ਜੁਬਲੀ ਹਿੱਲਜ਼ ’ਚ ਹੋਈ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਜ਼ੋਰਮ ਦੇ ਡੰਪਾ ’ਚ 82.34 ਫੀਸਦ, ਰਾਜਸਥਾਨ ਦੇ ਅੰਟਾ ’ਚ 80.32, ਉੜੀਸਾ ਦੇ ਨੌਪਾੜਾ ’ਚ 79.41, ਜੰਮੂ ਕਸ਼ਮੀਰ ਦੇ ਨਗਰੋਟਾ ’ਚ 75.08, ਝਾਰਖੰਡ ਦੇ ਘਟਸ਼ਿਲਾ ’ਚ 74.63, ਪੰਜਾਬ ਦੇ ਤਰਨ ਤਾਰਨ ’ਚ 60.95, ਜੰਮੂ ਕਸ਼ਮੀਰ ਦੇ ਬਡਗਾਮ ’ਚ 50.02 ਤੇ ਤਿਲੰਗਾਨਾ ਦੇ ਜੁਬਲੀ ਹਿੱਲਜ਼ ’ਚ 48.47 ਫੀਸਦ ਵੋਟਾਂ ਪਈਆਂ ਹਨ। -ਪੀਟੀਆਈ

