ਨਵੀਂ ਦਿੱਲੀ, 14 ਅਗਸਤ
ਕੇਂਦਰ ਸਰਕਾਰ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਆਜ਼ਾਦੀ ਦਿਵਸ ’ਤੇ ਨਾਇਕ ਦੇਵੇਂਦਰ ਪ੍ਰਤਾਪ ਸਿੰਘ ਨੂੰ ਦੂਜੇ ਸਰਵਉਚ ਸ਼ਾਂਤੀਕਾਲੀਨ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ 29 ਜਨਵਰੀ ਨੂੰ ਪੁਲਵਾਮਾ ’ਚ ਬਹਾਦਰੀ ਨਾਲ ਦਹਿਸ਼ਤਗਰਦਾਂ ਦਾ ਟਾਕਰਾ ਕਰਦਿਆਂ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਕੇਂਦਰ ਨੇ 8 ਜਵਾਨਾਂ ਨੂੰ ਸ਼ੌਰਿਆ ਚੱਕਰ ਵੀ ਦਿੱਤੇ ਹਨ ਜਿਨ੍ਹਾਂ ਵਿਚ ਸਿਪਾਈ ਕਰਨਵੀਰ ਸਿੰਘ, ਜਸਬੀਰ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ੌਰਿਆ ਚੱਕਰ ਮੇਜਰ ਨਿਤਿਨ ਧਾਨੀਆ, ਅਮਿਤ ਦਹੀਆ, ਸੰਦੀਪ ਕੁਮਾਰ, ਅਭਿਸ਼ੇਕ ਸਿੰਘ, ਹਵਲਦਾਰ ਘਨਸ਼ਿਆਮ, ਲਾਂਸ ਨਾਇਕ ਰਾਘਵੇਂਦਰ ਸਿੰਘ ਨੂੰ ਦਿੱਤਾ ਗਿਆ। ਭਾਰਤੀ ਫੌਜ ਦੇ ਅਸਾਲਟ ਡਾਗ ਐਕਸਲ ਨੂੰ ਮਰਨ ਉਪਰੰਤ ਵੀਰਤਾ ਪੁਰਸਕਾਰ ਮੈਂਸ਼ਨ ਇਨ ਡਿਸਪੇਚੇਸ ਨਾਲ ਸਨਮਾਨਿਆ ਗਿਆ ਜਿਸ ਨੇ ਜੰਮੂ ਕਸ਼ਮੀਰ ਵਿਚ ਦਹਿਸ਼ਤਵਾਦ ਰੋਕੂ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਸੀ।