ਜਲ ਸੈਨਾ ਨੂੰ ਮਿਲੇਗੀ ਤੀਜੀ ਸਵਦੇਸ਼ੀ ਪਰਮਾਣੂ ਪਣਡੁੱਬੀ
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਆਪਣੀ ਪਰਮਾਣੂ ਸਮਰੱਥਾ ਨੂੰ ਮਜ਼ਬੂਤ ਕਰ ਰਿਹਾ ਹੈ; ਇਸ ਤਹਿਤ ਦੇਸ਼ ਵਿੱਚ ਬਣੀ ਤੀਜੀ ਪਰਮਾਣੂ ਪਣਡੁੱਬੀ ‘ਅਰਿਦਮਨ’ ਨੂੰ ਜਲਦੀ ਹੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦਾ ਬਲ ਆਪਣੀ ਸਮਰੱਥਾ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਜਲ ਸੈਨਾ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਪ੍ਰਾਜੈਕਟ 75 ਇੰਡੀਆ (ਪੀ75-ਆਈ) ਤਹਿਤ ਛੇ ਪਣਡੁੱਬੀਆਂ ਦਾ ਤਜਵੀਜ਼ਤ ਸੌਦਾ ਮੁਕੰਮਲ ਹੋਣ ਵਾਲਾ ਹੈ। ਜਲ ਸੈਨਾ ਨੂੰ 26 ਰਾਫੇਲ-ਐੱਮ ਲੜਾਕੂ ਜਹਾਜ਼ਾਂ ਵਿੱਚੋਂ ਪਹਿਲੇ ਚਾਰ ਜਹਾਜ਼ 2028 ਵਿੱਚ ਮਿਲ ਜਾਣਗੇ। ਭਾਰਤ ਨੇ ਇਨ੍ਹਾਂ ਜਹਾਜ਼ਾਂ ਦੀ ਖ਼ਰੀਦ ਲਈ ਅਪਰੈਲ ਵਿੱਚ ਫਰਾਂਸ ਨਾਲ 64,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਮਈ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਬਲ ਦੇ ਹਮਲਾਵਰ ਰੁਖ਼ ਕਾਰਨ ਪਾਕਿਸਤਾਨੀ ਜਲ ਸੈਨਾ ਨੂੰ ਆਪਣੀਆਂ ਬੰਦਰਗਾਹਾਂ ਨੇੜੇ ਰਹਿਣ ਲਈ ਮਜਬੂਰ ਹੋਣਾ ਪਿਆ ਸੀ।
ਜਲ ਸੈਨਾ ਕਾਰਨ ‘ਜੰਗਬੰਦੀ’ ਲਈ ਮਜਬੂਰ ਹੋਇਆ ਪਾਕਿ: ਸਵਾਮੀਨਾਥਨ
ਮੁੰਬਈ: ਵਾਈਸ ਐਡਮਿਰਲ ਕੇ ਸਵਾਮੀਨਾਥਨ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਜਲ ਸੈਨਾ ਦੀ ਹਮਲਾਵਰ ਕਾਰਵਾਈ ਦੇ ਡਰ ਕਾਰਨ ਪਾਕਿਸਤਾਨ ‘ਜੰਗਬੰਦੀ’ ਦੀ ਮੰਗ ਕਰਨ ਲਈ ਮਜਬੂਰ ਹੋਇਆ। ਜਲ ਸੈਨਾ ਦਿਵਸ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਵਾਈਸ ਐਡਮਿਰਲ ਸਵਾਮੀਨਾਥਨ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਬਹੁਤ ਹੀ ਘੱਟ ਸਮੇਂ ਵਿੱਚ 30 ਤੋਂ ਵੱਧ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਵਧੀਆ ਢੰਗ ਨਾਲ ਤਾਇਨਾਤ ਕੀਤਾ ਗਿਆ। ਦੁਨੀਆ ਦੀ ਕਿਸੇ ਵੀ ਜਲ ਸੈਨਾ ਲਈ 30 ਜੰਗੀ ਜਹਾਜ਼ਾਂ ਨੂੰ ਚਲਾਉਣ ਦੇ ਯੋਗ ਹੋਣਾ, ਜਿਨ੍ਹਾਂ ਨੂੰ ਚਾਰ, ਪੰਜ ਜਾਂ ਛੇ ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਤਿਆਰ ਕਰਕੇ ਤਾਇਨਾਤੀ ਲਈ ਭੇਜਿਆ ਜਾ ਸਕੇ, ਵੱਡੀ ਪ੍ਰਾਪਤੀ ਹੈ।
