ਮੁੰਬਈ, 1 ਸਤੰਬਰ
ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਮਹੇਂਦਰਗਿਰੀ ਨੂੰ ਅੱਜ ਇਥੇ ਸਮੁੰਦਰ ’ਚ ਉਤਾਰਿਆ ਗਿਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਪਤਨੀ ਸੁਦੇਸ਼ ਨੇ ਜੰਗੀ ਬੇੜੇ ਨੂੰ ਲਾਂਚ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਜਗਦੀਪ ਧਨਖੜ ਨੇ ਕਿਹਾ ਕਿ ਇਹ ਬੜੀ ਖੂਬਸੂਰਤ ਗੱਲ ਹੈ ਕਿ ਜੰਗੀ ਬੇੜੇ ਨੂੰ ਮੁੰਬਈ ਵਰਗੇ ਸ਼ਹਿਰ ’ਚ ਸਮੁੰਦਰ ’ਚ ਉਤਾਰਿਆ ਜਾ ਰਿਹਾ ਹੈ।
ਉੜੀਸਾ ਦੇ ਪੂਰਬੀ ਘਾਟਾਂ ਦੀ ਇਕ ਚੋਟੀ ਦੇ ਨਾਮ ’ਤੇ ਇਸ ਜੰਗੀ ਬੇੜੇ ਦਾ ਨਾਮ ਰੱਖਿਆ ਗਿਆ ਹੈ। ਇਹ ਪ੍ਰਾਜੈਕਟ 17ਏ ਫ੍ਰੀਗੇਟ ਸੀਰੀਜ਼ ਦਾ ਸੱਤਵਾਂ ਬੇੜਾ ਹੈ ਜੋ ਅਤਿ ਆਧੁਨਿਕ ਹਥਿਆਰਾਂ, ਸੈਂਸਰ ਅਤੇ ਪਲੈਟਫਾਰਮ ਪ੍ਰਬੰਧਨ ਪ੍ਰਣਾਲੀਆਂ ਨਾਲ ਲੈਸ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹੇਂਦਰਗਿਰੀ ਨੂੰ ਕਮਿਸ਼ਨ ਮਿਲਣ ’ਤੇ ਇਹ ਸਮੁੰਦਰ ’ਚ ਤਿਰੰਗਾ ਪੂਰੇ ਸ਼ਾਨ ਨਾਲ ਲਹਿਰਾਏਗਾ। ਉਨ੍ਹਾਂ ਕਿਹਾ ਕਿ ਸੈਨਾ ਸੁਰੱਖਿਆ ਪੱਖੋਂ ਹੋਰ ਸੁਧਾਰ ਕਰਦੀ ਰਹੇਗੀ। ਧਨਖੜ ਨੇ ਕਿਹਾ ਕਿ ਥਲ, ਜਲ ਅਤੇ ਹਵਾਈ ਸੈਨਾ ’ਚ 10 ਹਜ਼ਾਰ ਤੋਂ ਜ਼ਿਆਦਾ ਔਰਤਾਂ ਦੀ ਮੌਜੂਦਗੀ ਨਾਲ ਫ਼ੌਜ ਲਿੰਗ ਬਰਾਬਰੀ ’ਚ ਪੁਲਾਂਘਾਂ ਪੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਆਤਮ ਨਿਰਭਰਤਾ ਦੀ ਵਚਨਬੱਧਤਾ ਤਹਿਤ ਨੀਲਗਿਰੀ ਸ਼੍ਰੇਣੀ ਲਈ ਸਾਜ਼ੋ-ਸਾਮਾਨ ਅਤੇ ਪ੍ਰਣਾਲੀਆਂ ਦੇਸੀ ਕੰਪਨੀਆਂ ਨੇ ਬਣਾਈਆਂ ਹਨ।
ਇਸ ਦੌਰਾਨ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਕਿ ਆਈਐੱਨਐੱਸ ਵਿਕਰਾਂਤ ਨੂੰ ਜਲ ਸੈਨਾ ’ਚ ਸ਼ਾਮਲ ਕਰਨ ਮਗਰੋਂ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ (ਆਈਏਸੀ) ਲਈ ਮੁੜ ਆਰਡਰ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਵਦੇਸ਼ੀ ਤੌਰ ’ਤੇ ਬਣੇ ਆਈਐੱਨਐੱਸ ਵਿਕਰਾਂਤ ਨਾਲ ਕੋਚੀਨ ਸ਼ਿਪਯਾਰਡ ਨੇ ਆਈਏਸੀ ਬਣਾਉਣ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਸ, ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ। ਜਲ ਸੈਨਾ ਵੱਲੋਂ ਹਾਲ ਹੀ ਵਿਚ ਕਈ ਵਰਗਾਂ ਦੇ ਸਮੁੰਦਰੀ ਜੰਗੀ ਬੇੜੇ ਉਤਾਰੇ ਗਏ ਹਨ। -ਪੀਟੀਆਈ