ਹਿਮਾਚਲ ਤੋਂ ਜੰਮੂ ਕਸ਼ਮੀਰ ਤੱਕ ਕੁਦਰਤ ਦਾ ਕਹਿਰ, 17 ਮੌਤਾਂ

ਹਿਮਾਚਲ ਤੋਂ ਜੰਮੂ ਕਸ਼ਮੀਰ ਤੱਕ ਕੁਦਰਤ ਦਾ ਕਹਿਰ, 17 ਮੌਤਾਂ

ਬੱਦਲ ਫਟਣ ਮਗਰੋਂ ਕਿਸ਼ਤਵਾੜ ਜ਼ਿਲ੍ਹੇ ਦੇ ਹੰਜ਼ੋਰ ਵਿੱਚ ਰਾਹਤ ਕਾਰਜਾਂ ਵਿੱਚ ਜੁਟੇ ਫ਼ੌਜੀ। -ਫੋਟੋ: ਪੀਟੀਆਈ

ਸ਼ਿਮਲਾ/ਜੰਮੂ, 28 ਜੁਲਾਈ

ਹਿਮਾਚਲ ਪ੍ਰਦੇਸ਼ ਵਿਚ ਜ਼ੋਰਦਾਰ ਮੀਂਹ ਪੈਣ ਕਾਰਨ ਅਚਾਨਕ ਆਏ ਹੜ੍ਹਾਂ ਵਿਚ ਨੌਂ ਜਣੇ ਮਾਰੇ ਗਏ ਹਨ। ਸੱਤ ਜਣੇ ਲਾਪਤਾ ਦੱਸੇ ਜਾ ਰਹੇ ਹਨ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਵੀ ਬੁੱਧਵਾਰ ਸੁਵਖ਼ਤੇ ਬੱਦਲ ਫਟਣ ਕਾਰਨ ਇਕ ਪਿੰਡ ’ਚ 8 ਮੌਤਾਂ ਹੋ ਗਈਆਂ ਹਨ। ਇਸ ਕੁਦਰਤੀ ਆਫ਼ਤ ਕਾਰਨ 17 ਜਣੇ ਜ਼ਖ਼ਮੀ ਵੀ ਹੋਏ ਹਨ। ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖ਼ਟਾ ਨੇ ਦੱਸਿਆ ਕਿ ਹਿਮਾਚਲ ਦੇ ਉੱਚੇ ਪਹਾੜੀ ਇਲਾਕੇ ਲਾਹੌਲ-ਸਪਿਤੀ ’ਚ ਬੱਦਲ ਫਟਣ ਕਾਰਨ ਉਦੈਪੁਰ ’ਚ ਤੋਜ਼ਿੰਗ ਨਾਲ਼ੇ ਵਿਚ ਹੜ੍ਹ ਆ ਗਿਆ ਹੈ। ਚੰਬਾ ਜ਼ਿਲ੍ਹੇ ਵਿਚ ਵੀ ਦੋ ਮੌਤਾਂ ਹੋਈਆਂ ਹਨ। ਕੁੱਲੂ ਵਿਚ ਚਾਰ ਜਣੇ ਲਾਪਤਾ ਹਨ ਤੇ ਉਨ੍ਹਾਂ ਦੇ ਮਰਨ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਇਨ੍ਹਾਂ ਵਿਚ ਇਕ ਪਣ ਬਿਜਲੀ ਪ੍ਰਾਜੈਕਟ ਦਾ ਅਧਿਕਾਰੀ ਤੇ ਦਿੱਲੀ ਤੋਂ ਆਇਆ ਇਕ ਸੈਲਾਨੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ-ਸਪਿਤੀ ਦੇ ਉਦੈਪੁਰ ਵਿਚ 12 ਮਜ਼ਦੂਰ ਮੰਗਲਵਾਰ ਰਾਤ ਅੱਠ ਵਜੇ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ। ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਨੂੰ ਜ਼ਖ਼ਮੀ ਹਾਲਤ ਵਿਚ ਬਚਾਇਆ ਗਿਆ ਹੈ ਤੇ ਤਿੰਨ ਹੋਰ ਲਾਪਤਾ ਹਨ। ਮਰਨ ਵਾਲਿਆਂ ਵਿਚੋਂ ਚਾਰ ਮੰਡੀ (ਹਿਮਾਚਲ), ਇਕ ਰਿਆਸੀ (ਜੰਮੂ ਕਸ਼ਮੀਰ) ਤੋਂ ਹਨ। ਦੋ ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਲਾਹੌਲ-ਸਪਿਤੀ ਦੇ ਡੀਸੀ ਨੀਰਜ ਕੁਮਾਰ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ ਨੂੰ ਮਲਬੇ ਥੱਲੇ ਦੱਬੇ ਮਜ਼ਦੂਰਾਂ ਨੂੰ ਬਚਾਉਣ ਲਈ ਤਾਇਨਾਤ ਕੀਤਾ ਗਿਆ ਹੈ। ਹਿਮਾਚਲ ਦੇ ਕਈ ਹਿੱਸਿਆਂ ਵਿਚ ਅਜੇ ਵੀ ਜ਼ੋਰਦਾਰ ਢੰਗ ਨਾਲ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਹਿਮਾਚਲ ਲਈ ‘ਰੈੱਡ’ ਸ਼੍ਰੇਣੀ ਦੀ ਚਿਤਾਵਨੀ ਜਾਰੀ ਕੀਤੀ ਹੈ। ਹਿਮਾਚਲ ਵਿਚ ਨਦੀ-ਨਾਲੇ ਪੂਰੇ ਭਰ ਕੇ ਵਗ਼ ਰਹੇ ਹਨ ਤੇ ਲੋਕਾਂ ਨੂੰ ਕਿਨਾਰਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਸਵੇਰੇ ਸਾਢੇ ਚਾਰ ਵਜੇ ਬੱਦਲ ਫਟਣ ਕਾਰਨ ਆਏ ਹੜ੍ਹਾਂ ’ਚ ਛੇ ਘਰਾਂ ਤੇ ਇਕ ਰਾਸ਼ਨ ਦੀ ਦੁਕਾਨ ਨੂੰ ਨੁਕਸਾਨ ਪੁੱਜਾ ਹੈ। ਇਹ ਘਰ ਤੇ ਦੁਕਾਨ ਉਸ ਨਾਲੇ ਦੇ ਬਿਲਕੁਲ ਕੰਢੇ ਉਤੇ ਸਥਿਤ ਹਨ ਜਿਸ ਵਿਚ ਪਾਣੀ ਦਾ ਵਹਾਅ ਬੱਦਲ ਫਟਣ ਕਾਰਨ ਇਕਦਮ ਵੱਧ ਗਿਆ। ਬੱਦਲ ਫਟਣ ਕਾਰਨ ਇਕ ਪੁਲ਼ ਵੀ ਨੁਕਸਾਨਿਆ ਗਿਆ ਹੈ। ਫ਼ੌਜ ਤੇ ਐੱਸਡੀਆਰਐਫ ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਹਾਦਸਾ ਦੱਛਣ ਤਹਿਸੀਲ ਦੇ ਹੋਂਜ਼ਾਰ ਪਿੰਡ ਵਿਚ ਵਾਪਰਿਆ ਹੈ ਤੇ 20-30 ਜਣੇ ਅਜੇ ਵੀ ਲਾਪਤਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਕਿਸ਼ਤਵਾੜ ਦੀ ਸਥਿਤੀ ਉਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਡੀਜੀਪੀ ਦਿਲਬਾਗ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਇਲਾਕੇ ਵਿਚ ਵੱਖ-ਵੱਖ ਥਾਵਾਂ ਤੋਂ ਐੱਸਡੀਆਰਐਫ ਦੀਆਂ ਟੀਮਾਂ ਵੀ ਪੁੱਜ ਗਈਆਂ ਹਨ। ਇਸ ਤੋਂ ਇਲਾਵਾ ਐਨਡੀਆਰਐਫ ਦੀ ਇਕ ਟੀਮ ਵੀ ਲੁਧਿਆਣਾ ਤੋਂ ਕਿਸ਼ਤਵਾੜ ਪੁੱਜ ਰਹੀ ਹੈ। ਅਧਿਕਾਰੀਆਂ ਮੁਤਾਬਕ ਮਚੇਲ, ਪੱਦਾਰ, ਬੰਜਵਾਹ ਇਲਾਕਿਆਂ ਵਿਚ ਵੀ ਹੜ੍ਹ ਆ ਗਿਆ ਹੈ। ਦੋ ਫ਼ੌਜੀ ਟੁਕੜੀਆਂ ਨੂੰ ਪ੍ਰਸ਼ਾਸਨ ਦੀ ਮਦਦ ਲਈ ਭੇਜਿਆ ਗਿਆ ਹੈ। ਕਿਸ਼ਤਵਾੜ ’ਚ ਜ਼ਖ਼ਮੀਆਂ ਨੂੰ ਹਵਾਈ ਰਸਤੇ ਹਸਪਤਾਲਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ। ਅਮਰਨਾਥ ਧਾਮ ਨੇੜੇ ਵੀ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਜਾਨੀ-ਮਾਲੀ ਨੁਕਸਾਨ ਉਤੇ ਦੁੱਖ ਜ਼ਾਹਿਰ ਕੀਤਾ ਹੈ। -ਪੀਟੀਆਈ

ਕੁੱਲੂ ਦੇ ਲੋਰਾਂ ਵਿੱਚ ਭਾਰੀ ਮੀਂਹ ਪੈਣ ਬਾਅਦ ਲੋਕ ਮਲਬੇ ਵਿੱਚ ਫਸੇ ਵਾਹਨਾਂ ਨੂੰ ਕੱਢਦੇ ਹੋਏ। -ਫੋਟੋ: ਪੀਟੀਆਈ

ਕਾਰਗਿਲ ਿਵੱਚ ਪਾਵਰ ਪ੍ਰਾਜੈਕਟ ਦਾ ਨੁਕਸਾਨ

ਕਾਰਗਿਲ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਵੀ ਬੱਦਲ ਫਟਣ ਦੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਨਾਲ ਇਕ ਛੋਟੇ ਪਾਵਰ ਪ੍ਰਾਜੈਕਟ ਨੂੰ ਨੁਕਸਾਨ ਪੁੱਜਾ ਹੈ। ਕਈ ਘਰਾਂ ਤੇ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ। ਹਾਲਾਂਕਿ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾਵਾਂ ਸਾਂਗਰਾ ਤੇ ਖੰਗਰਾਲ ਵਿਚ ਵਾਪਰੀਆਂ ਹਨ। ਪ੍ਰਸ਼ਾਸਨ ਨੇ ਹਾਲਾਂਕਿ ਬਿਜਲੀ ਤੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਹੈ।

ਜ਼ਮੀਨ ਖ਼ਿਸਕਣ ਕਾਰਨ ਹਿਮਾਚਲ ਦੇ ਕਈ ਮਾਰਗ ਜਾਮ

ਕੁੱਲੂ: ਕੁੱਲੂ ਦੇ ਮਨੀਕਰਨ ਨੇੜੇ 26 ਸਾਲਾ ਪੂਨਮ ਆਪਣੇ ਚਾਰ ਸਾਲਾ ਬੱਚੇ ਨਿਕੁੰਜ ਨਾਲ ਪਾਰਵਤੀ ਨਦੀ ਦੀ ਸਹਾਇਕ ਬ੍ਰਹਮਗੰਗਾ ਵਿਚ ਰੁੜ੍ਹ ਗਈ। ਨਦੀ ਵਿਚ ਪਾਣੀ ਦਾ ਪੱਧਰ ਅਚਾਨਕ ਕਾਫ਼ੀ ਵੱਧ ਗਿਆ ਸੀ। ਲਾਹੌਲ ਸਪਿਤੀ ਵਿਚ ਕਈ ਸੜਕਾਂ ਜਾਮ ਹੋ ਗਈਆਂ ਹਨ ਤੇ ਕਰੀਬ 60 ਵਾਹਨ ਫਸ ਗਏ ਹਨ। ਪੂਰੇ ਰਾਜ ਵਿਚ ਜ਼ਮੀਨ ਖ਼ਿਸਕਣ ਕਾਰਨ ਕਈ ਮਾਰਗ ਜਾਮ ਹੋ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All