ਨੈਸ਼ਨਲ ਹੈਰਾਲਡ ਕਿਸੇ ਕਾਂਗਰਸੀ ਆਗੂ ਦੀ ਨਿੱਜੀ ਜਾਇਦਾਦ ਨਹੀਂ, ਪਰ ਬਦਲਾਖੋਰੀ ਦੀ ਸਿਆਸਤ ਠੀਕ ਨਹੀਂ: ਸ਼ਿਵਕੁਮਾਰ
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕੇਂਦਰ ਸਰਕਾਰ ’ਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਖਿਲਾਫ ‘ਸਿਆਸੀ ਬਦਲਾਖੋਰੀ’ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ‘ਦੁਰਵਰਤੋਂ’ ਕੀਤੀ ਜਾ ਰਹੀ ਹੈ। ਵਿਧਾਨ ਸੌਧਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਿਵਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ‘ਸਿਆਸੀ ਤੰਗ ਪ੍ਰੇਸ਼ਾਨ ਕਰਨ ਦੀਆਂ ਸੀਮਾਵਾਂ’ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਹੈਰਾਲਡ ਕਿਸੇ ਕਾਂਗਰਸੀ ਆਗੂ ਦੀ ਨਿੱਜੀ ਜਾਇਦਾਦ ਨਹੀਂ ਬਲਕਿ ਪਾਰਟੀ ਦਾ ਅਸਾਸਾ ਹੈ।
ਸ਼ਿਵਕੁਮਾਰ ਨੇ ਕਿਹਾ, ‘‘ਨੈਸ਼ਨਲ ਹੈਰਾਲਡ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੀ ਨਿੱਜੀ ਜਾਇਦਾਦ ਨਹੀਂ ਹੈ। ਉਹ ਪ੍ਰਧਾਨ ਹੋਣ ਕਰਕੇ ਇੱਕ ਸ਼ੇਅਰਧਾਰਕ ਸਨ। ਮੁੱਖ ਮੰਤਰੀ ਅਤੇ ਮੈਂ ਕਈ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਪ੍ਰਧਾਨ ਵੀ ਹਾਂ। ਇੱਕ ਪ੍ਰਧਾਨ ਹੋਣ ਦੇ ਨਾਤੇ, ਉਨ੍ਹਾਂ ਕੋਲ ਕੁਝ ਸ਼ੇਅਰ ਹੋਣਗੇ ਅਤੇ ਜਦੋਂ ਉਹ ਅਹੁਦਾ ਛੱਡ ਦਿੰਦੇ ਹਨ ਤਾਂ ਉਨ੍ਹਾਂ (ਸ਼ੇਅਰਾਂ) ਦਾ ਤਬਾਦਲਾ ਹੋ ਜਾਂਦਾ ਹੈ। ਕਾਂਗਰਸ ਨੇਤਾਵਾਂ ਦਾ ਨੈਸ਼ਨਲ ਹੈਰਾਲਡ ਦਾ ਪ੍ਰਧਾਨ ਬਣਨਾ ਇੱਕ ਇਤਿਹਾਸਕ ਰੁਝਾਨ ਹੈ।’’
ਉਪ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਪ੍ਰਕਾਸ਼ਨ ਪਾਰਟੀ ਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਸਮੇਤ ਪਿਛਲੇ ਆਗੂਆਂ ਨੇ ਸੰਸਥਾ ਦੇ ਹਿੱਤ ਵਿੱਚ ਫੈਸਲੇ ਲਏ ਸਨ। ਸ਼ਿਵਕੁਮਾਰ ਨੇ ਕਿਹਾ, ‘‘ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਨਾ ਤਾਂ ਯੰਗ ਇੰਡੀਆ ਅਤੇ ਨਾ ਹੀ ਨੈਸ਼ਨਲ ਹੈਰਾਲਡ ਨਿੱਜੀ ਜਾਇਦਾਦ ਹੈ। ਮੋਰਾਰਜੀ ਦੇਸਾਈ ਨੇ ਪਾਰਟੀ ਦੇ ਹਿੱਤ ਵਿੱਚ ਕੁਝ ਫੈਸਲੇ ਲਏ ਸਨ। ਜਦੋਂ ਸੀਤਾਰਾਮ ਕੇਸਰੀ ਦੇ ਸਮੇਂ ਪਾਰਟੀ ਮੁਸ਼ਕਲ ਹਾਲਾਤ ਵਿੱਚ ਸੀ, ਤਾਂ ਪਾਰਟੀ ਆਗੂਆਂ ਨੇ ਸੋਨੀਆ ਗਾਂਧੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੀ ਜ਼ਿੰਮੇਵਾਰੀ ਲੈਣ ਦੀ ਬੇਨਤੀ ਕੀਤੀ।’’ ਉਨ੍ਹਾਂ ਯਾਦ ਕੀਤਾ ਕਿ ਸੀਤਾਰਾਮ ਕੇਸਰੀ ਦੇ ਕਾਰਜਕਾਲ ਦੌਰਾਨ, ਜਦੋਂ ਸੰਗਠਨ ਨੂੰ ਚੁਣੌਤੀਆਂ ਦਰਪੇਸ਼ ਸਨ ਤਾਂ ਕਾਂਗਰਸੀ ਆਗੂਆਂ ਨੇ ਸੋਨੀਆ ਗਾਂਧੀ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਬੇਨਤੀ ਕੀਤੀ ਸੀ।
ਉਪ ਮੁੱਖ ਮੰਤਰੀ ਨੇ ਕਿਹਾ, ‘‘ਉਨ੍ਹਾਂ ਨੂੰ ਹੁਣ ਸਿਆਸੀ ਬਦਲਾਖੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਤਿਹਾਸ ਦੁਹਰਾਏਗਾ। ਰਾਹੁਲ ਗਾਂਧੀ ਨੂੰ ਜੇਲ੍ਹ ਵਿੱਚ ਸੁੱਟਣ ਦੀ ਕੋਈ ਪ੍ਰਵਾਹ ਨਹੀਂ, ਪਰ ਬਦਲਾਖੋਰੀ ਦੀ ਸਿਆਸਤ ਚੰਗੀ ਨਹੀਂ ਹੈ। ਰਾਜਨੀਤੀ ਸਿੱਧੀ ਹੋਣੀ ਚਾਹੀਦੀ ਹੈ। ਆਓ ਚੋਣਾਂ ਲੜੀਏ, ਪਰ ਇਸ ਤਰ੍ਹਾਂ ਤਸ਼ੱਦਦ ਨਾ ਕਰੀਏ, ਜਾਂਚ ਏਜੰਸੀਆਂ ਦੀ ਦੁਰਵਰਤੋਂ ਨਾ ਕਰੀਏ।’’
