ਕੋਹਿਮਾ, 5 ਦਸੰਬਰ
ਨਾਗਾਲੈਂਡ ਦੇ ਮੌਨ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਦਲਾਂ ਵੱਲੋਂ ਮਾਰੇ ਗਏ 13 ਨਾਗਰਿਕਾਂ ਕਾਰਨ ਗੁੱਸੇ ਵਿੱਚ ਲੋਕਾਂ ਦੇ ਹਜੂਮ ਨੇ ਆਸਾਮ ਰਾਈਫਲਜ਼ ਦੇ ਕੈਂਪ ਵਿੱਚ ਦੁਪਹਿਰ ਵੇਲੇ ਭੰਨਤੋੜ ਕੀਤੀ। ਸੂਤਰਾਂ ਅਨੁਸਾਰ ਲੋਕ ਮੰਗ ਕਰ ਰਹੇ ਸਨ ਕਿ 13 ਨਾਗਰਿਕਾਂ ਦੀ ਹੱਤਿਆ ਕਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਨੇ ਭਾਵੇਂ ਇੰਟਰਨੈੱਟ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ ਪਰ ਫੇਰ ਵੀ ਆਸਾਮ ਰਾਈਫਲਜ਼ ਦੇ ਕੈਂਪ ਦੀ ਭੰਨਤੋੜ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਭੰਨਤੋੜ ਦੌਰਾਨ ਕੋਈ ਵਿਅਕਤੀ ਜ਼ਖ਼ਮੀ ਤਾਂ ਨਹੀਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਪੁਲੀਸ ਜਾਂ ਪ੍ਰਸ਼ਾਸਨ ਨੇ ਇਸ ਘਟਨਾ ਬਾਰੇ ਕੋਈ ਬਿਆਨ ਨਹੀਂ ਦਿੱਤਾ। ਫੌਜ ਨੇ ਨਾਗਰਿਕਾਂ ਦੀ ਹੱਤਿਆ ਵਾਲੀ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ ਤੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ।-ਪੀਟੀਆਈ