ਨਵੀਂ ਦਿੱਲੀ, 26 ਸਤੰਬਰ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਪਾਰਟੀ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਇਸ ਵਿਚ ਕੁਝ ਪੁਰਾਣੇ ਨਾਵਾਂ ਨੂੰ ਬਰਕਰਾਰ ਰੱਖਦਿਆਂ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਨਵੀਂ ਟੀਮ ਵਿਚ ਭੁਪਿੰਦਰ ਯਾਦਵ, ਅਰੁਣ ਸਿੰਘ ਅਤੇ ਕੈਲਾਸ਼ ਵਿਜੇਵਰਗੀਆ ਨੂੰ ਬਰਕਰਾਰ ਰੱਖਦਿਆਂ ਅੱਠ ਜਨਰਲ ਸਕੱਤਰਾਂ ਦੀ ਸੂਚੀ ਵਿਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਹਾਲਾਂਕਿ ਰਾਮ ਮਾਧਵ, ਪੀ. ਮੁਰਲੀਧਰ ਰਾਓ, ਸਰੋਜ ਪਾਂਡੇ ਅਤੇ ਅਨਿਲ ਜੈਨ ਦੀ ਥਾਂ ਨਵੇਂ ਚਿਹਰਿਆਂ ਨੂੰ ਲਿਆ ਗਿਆ ਹੈ। ਦੁਸ਼ਯੰਤ ਕੁਮਾਰ ਗੌਤਮ, ਡੀ. ਪੁਰੰਦਰੇਸਵਰੀ, ਸੀਟੀ ਰਵੀ, ਤਰੁਣ ਚੁੱਘ ਅਤੇ ਦਿਲੀਪ ਸੈਕੀਆ ਨਵੇਂ ਜਨਰਲ ਸਕੱਤਰ ਹੋਣਗੇ। ਭਾਜਪਾ ਦੇ ਸੰਸਦ ਮੈਂਬਰ ਤੇਜਸ਼ਵੀ ਸੂਰਿਆ ਨੂੰ ਪਾਰਟੀ ਦੀ ਯੂਥ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹ ਪੂਨਮ ਮਹਾਜਨ ਦੀ ਥਾਂ ਲੈਣਗੇ। ਪਾਰਟੀ ਨੇ ਆਪਣੇ ਬੁਲਾਰਿਆਂ ਦੀ ਸੂਚੀ ਦਾ ਵਿਸਥਾਰ ਵੀ ਕੀਤਾ ਹੈ। ਹੁਣ ਇਸ ਵਿਚ 23 ਬੁਲਾਰੇ ਰੱਖੇ ਗਏ ਹਨ। ਇਸ ਵਿੱਚ ਸੰਸਦ ਮੈਂਬਰ ਅਨਿਲ ਬਲੂਨੀ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।