ਗਲਸੀ (ਪੱਛਮੀ ਬੰਗਾਲ), 17 ਅਪਰੈਲਕੂਚ ਬਿਹਾਰ ਵਿਚ ਹੋਈ ਗੋਲੀਬਾਰੀ ਸਬੰਧੀ ਕਥਿਤ ਆਡੀਓ ਟੇਪ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਉਨ੍ਹਾਂ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਮਾਮਲੇ ਦੀ ਸੀਆਈਡੀ ਤੋਂ ਜਾਂਚ ਕਰਵਾਉਣ ਦਾ ਆਦੇਸ਼ ਦੇਣਗੇ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਸ਼ੁੱਕਰਵਾਰ ਨੂੰ ਇਕ ਕਥਿਤ ਆਡੀਓ ਕਲਿੱਪ ਜਾਰੀ ਕੀਤੀ ਗਈ ਸੀ, ਜਿਸ ਵਿਚ ਬੈਨਰਜੀ ਸੀਤਲਕੂਚੀ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ ਕਥਿਤ ਤੌਰ ’ਤੇ ਇਹ ਕਹਿੰਦੀ ਸੁਣ ਰਹੀ ਹੈ ਕਿ ਉਹ ਕੇਂਦਰੀ ਬਲਾਂ ਦੀ ਗੋਲੀਬਾਰੀ ਵਿਚ ਮਾਰੇ ਗਏ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰਨ। ਤ੍ਰਿਣਮੂਲ ਕਾਂਗਰਸ ਨੇ ਆਡੀਓ ਕਲਿੱਪ ਨੂੰ ‘ਫ਼ਰਜ਼ੀ’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਹੋਈ। ਮਮਤਾ ਨੇ ਇੱਥੇ ਅੱਜ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਵਿਕਾਸ ਪ੍ਰੋਗਰਾਮਾਂ ’ਤੇ ਆਧਾਰਤ ਤ੍ਰਿਣਮੂਲ ਕਾਂਗਰਸ ਦੀ ਮੁਹਿੰਮ ਦਾ ਮੁਕਾਬਲਾ ਨਹੀਂ ਕਰ ਸਕਦੀ, ਇਸ ਵਾਸਤੇ ਇਹ ਸਾਜਿਸ਼ ਰੱਚ ਰਹੀ ਹੈ।