ਬੰਗਾਲ ਵਿੱਚ ਮੁਸਲਿਮ ਵੋਟਾਂ ਨੇ ਸਿਆਸੀ ਸਮੀਕਰਨ ਬਦਲੇ
ਤ੍ਰਿਣਮੂਲ ਕਾਂਗਰਸ ਨੂੰ ਅੈੱਸ ਆਈ ਆਰ ਖ਼ਿਲਾਫ਼ ਪ੍ਰਚਾਰ ਪੁੱਠਾ ਪਿਆ; ਵੋਟਾਂ ਕਾਂਗਰਸ ਤੇ ਖੱਬੇ ਪੱਖੀਆਂ ’ਚ ਵੰਡੀਆਂ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਦਿੱਤੇ ਹਨ। ਭਾਜਪਾ ਨੇ ਨਾ ਸਿਰਫ਼ ਆਪਣੇ ਪੁਰਾਣੇ ਗੜ੍ਹ ਬਚਾਏ ਹਨ, ਸਗੋਂ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ ਵੀ ਜਿੱਤ ਹਾਸਲ ਕਰ ਕੇ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਗੜ੍ਹ ’ਚ ਸੰਨ੍ਹ ਲਾਈ ਹੈ। ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਐੱਸ ਆਈ ਆਰ ਦੌਰਾਨ ਵੋਟਰਾਂ ਦੇ ਵੱਡੇ ਪੱਧਰ ’ਤੇ ਨਾਂ ਕੱਟੇ ਗਏ। ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਮੁਸਲਿਮ ਵੋਟਾਂ ਟੀ ਐੱਮ ਸੀ ਦੇ ਹੱਕ ਵਿੱਚ ਭੁਗਤਣਗੀਆਂ, ਪਰ ਨਤੀਜਾ ਬਿਲਕੁਲ ਉਲਟ ਰਿਹਾ। ਪਿਛਲੇ ਦਹਾਕੇ ਤੋਂ ਮੁਰਸ਼ਿਦਾਬਾਦ, ਮਾਲਦਾ ਅਤੇ ਉੱਤਰ ਦਿਨਾਜਪੁਰ ਵਰਗੇ ਜ਼ਿਲ੍ਹਿਆਂ ਵਿੱਚ ਟੀ ਐੱਮ ਸੀ ਦਾ ਰਾਜ ਸੀ, ਜੋ ਇਸ ਵਾਰ ਵੱਖ-ਵੱਖ ਪਾਰਟੀਆਂ ਵਿੱਚ ਵੰਡੇ ਜਾਣ ਕਾਰਨ ਖ਼ਤਮ ਹੋ ਗਿਆ ਹੈ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੀਆਂ 43 ਸੀਟਾਂ ’ਚੋਂ ਭਾਜਪਾ ਦੀਆਂ ਸੀਟਾਂ 8 ਤੋਂ ਵੱਧ ਕੇ 19 ਹੋ ਗਈਆਂ ਅਤੇ ਟੀ ਐੱਮ ਸੀ 35 ਤੋਂ ਘਟ ਕੇ 22 ’ਤੇ ਸਿਮਟ ਗਈ ਹੈ। ਸਭ ਤੋਂ ਵੱਡਾ ਉਲਟਫੇਰ ਮੁਰਸ਼ਿਦਾਬਾਦ ਵਿੱਚ ਦੇਖਣ ਨੂੰ ਮਿਲਿਆ, ਜਿੱਥੇ 66 ਫ਼ੀਸਦੀ ਮੁਸਲਿਮ ਆਬਾਦੀ ਹੋਣ ਦੇ ਬਾਵਜੂਦ ਭਾਜਪਾ ਨੇ 9 ਸੀਟਾਂ ਜਿੱਤ ਕੇ ਟੀ ਐੱਮ ਸੀ ਦੀ ਬਰਾਬਰੀ ਕਰ ਲਈ ਹੈ। ਸਿਆਸੀ ਮਾਹਿਰਾਂ ਅਨੁਸਾਰ, ਕਾਂਗਰਸ, ਸੀ ਪੀ ਐੱਮ ਅਤੇ ਹੁਮਾਯੂੰ ਕਬੀਰ ਦੀ ‘ਆਮ ਜਨਤਾ ਉਨਯਨ ਪਾਰਟੀ’ ਨੇ ਮੁਸਲਿਮ ਵੋਟਾਂ ਵਿੱਚ ਵੱਡੀ ਸੰਨ੍ਹ ਲਾਈ, ਜਿਸ ਦਾ ਸਿੱਧਾ ਫ਼ਾਇਦਾ ਭਾਜਪਾ ਨੂੰ ਹੋਇਆ।
ਸਥਾਨਕ ਮੁੱਦਿਆਂ ਅਤੇ ਵਿਰੋਧੀ ਪਾਰਟੀਆਂ ਦੇ ਮੁੜ ਉਭਾਰ ਨੇ ਟੀ ਐੱਮ ਸੀ ਦੇ ਕਿਲ੍ਹੇ ਨੂੰ ਖ਼ੋਰਾ ਲਾਇਆ ਹੈ, ਜਿਸ ਕਾਰਨ ਭਾਜਪਾ ਉਨ੍ਹਾਂ ਇਲਾਕਿਆਂ ਵਿੱਚ ਵੀ ਪੈਰ ਜਮਾਉਣ ਵਿੱਚ ਕਾਮਯਾਬ ਹੋਈ ਹੈ ਜੋ ਕਦੇ ਉਸ ਲਈ ਪਹੁੰਚ ਤੋਂ ਬਾਹਰ ਮੰਨੇ ਜਾਂਦੇ ਸਨ।

