Women Protester ਨੂੰ Threat ਕਰਨ ’ਤੇ Mumbai Police ਘਿਰੀ
ਪੁਲੀਸ ਵਿਭਾਗ ਦੇ ਇਕ ਡਰਾਈਵਰ ਵੱਲੋਂ ਵਿਦਿਆਰਥੀ ਮੁਜ਼ਾਹਰਾਕਾਰੀਆਂ ਨੂੰ ਨਸ਼ੇ ਦੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪਹਿਲਾਂ ਹੀ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੀ ਮੁੰਬਈ ਪੁਲੀਸ ਅੱਜ ਉਸ ਸਮੇਂ ਮੁੜ ਵਿਵਾਦਾਂ ਵਿੱਚ ਘਿਰ ਗਈ, ਜਦੋਂ...
ਪੁਲੀਸ ਵਿਭਾਗ ਦੇ ਇਕ ਡਰਾਈਵਰ ਵੱਲੋਂ ਵਿਦਿਆਰਥੀ ਮੁਜ਼ਾਹਰਾਕਾਰੀਆਂ ਨੂੰ ਨਸ਼ੇ ਦੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪਹਿਲਾਂ ਹੀ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੀ ਮੁੰਬਈ ਪੁਲੀਸ ਅੱਜ ਉਸ ਸਮੇਂ ਮੁੜ ਵਿਵਾਦਾਂ ਵਿੱਚ ਘਿਰ ਗਈ, ਜਦੋਂ ਇੱਕ ਵਾਇਰਲ ਵੀਡੀਓ ’ਚ ਸਿਵਲ ਕੱਪੜਿਆਂ ਵਿੱਚ ਇੱਕ ਅਧਿਕਾਰੀ ਨੀਟ ਪੇਪਰ ਲੀਕ ਵਿਰੁੱਧ ਮੁਜ਼ਾਹਰੇ ਦੌਰਾਨ ਮਹਿਲਾ ਪ੍ਰਦਰਸ਼ਨਕਾਰੀ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕਰਦਾ ਨਜ਼ਰ ਆਇਆ। ਜਿੱਥੇ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਮਹਿਲਾ ਦੀ ਆਬਰੂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸਿਵਲ ਕੱਪੜਿਆਂ ਵਾਲੇ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ, ਉੱਥੇ ਹੀ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਵੀਡੀਓ ਦੀ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਗ਼ਲਤ ਵਿਆਖਿਆ ਕੀਤੀ ਜਾ ਰਹੀ ਹੈ।
ਇਹ ਘਟਨਾ ਦਾਦਰ ਦੇ ਸ਼ਿਵਾਜੀ ਪਾਰਕ ਵਿੱਚ ਪ੍ਰਦਰਸ਼ਨਾਂ ਦੌਰਾਨ ਵਾਪਰੀ, ਜਿੱਥੇ ਵਿਦਿਆਰਥੀ ਅਤੇ ਕਾਰਕੁਨ ਨੀਟ ਪ੍ਰੀਖਿਆ ਵਿੱਚ ਕਥਿਤ ਧਾਂਦਲੀਆਂ ਖ਼ਿਲਾਫ਼ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਲਈ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਪੁਲੀਸ ਨੇ ਖਿੰਡਾ ਦਿੱਤਾ ਸੀ। ਉੱਧਰ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਦੋਸ਼ ਲਾਇਆ ਕਿ ਦਿੱਲੀ ’ਚ ਲਾਠੀਚਾਰਜ ‘ਬਦਲੇ’ ਦੀ ਕਾਰਵਾਈ ਜਾਪਦਾ ਹੈ।
ਜੰਤਰ ਮੰਤਰ ਵਿਖੇ ਭਾਰੀ ਭੀੜ ਵਿਚਾਲੇ ਛੂਤ ਦੀਆਂ ਬਿਮਾਰੀਆਂ ਦਾ ਖ਼ਤਰਾ
ਨਵੀਂ ਦਿੱਲੀ: ਅਤਿ ਦੀ ਗਰਮੀ, ਹੁੰਮਸ ਅਤੇ ਭਾਰੀ ਭੀੜ ਵਿਚਕਾਰ, ਜੰਤਰ ਮੰਤਰ ਵਿਖੇ ਧਰਨਾ ਸਥਾਨ ’ਤੇ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਦੀ ‘ਫਾਈਵ ਰਿਵਰ ਹਾਰਟ ਐਸੋਸੀਏਸ਼ਨ’ ਦੀ ਡਾ. ਸ਼ਿਲਪਾ ਨੇ ਦੱਸਿਆ ਕਿ ਵੱਡੀ ਗਿਣਤੀ ਲੋਕ ਗਲੇ ਦੀ ਖਰਾਸ਼, ਸਿਰ ਦਰਦ ਅਤੇ ਤੇਜ਼ ਬੁਖ਼ਾਰ ਦੀਆਂ ਸ਼ਿਕਾਇਤਾਂ ਲੈ ਕੇ ਉਨ੍ਹਾਂ ਕੋਲ ਆ ਰਹੇ ਹਨ। ਜੰਤਰ ਮੰਤਰ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਮੁਫਤ ਡਾਕਟਰੀ ਸਹਾਇਤਾ ਦੇ ਰਹੀ ਡਾ. ਸ਼ਿਲਪਾ ਨੇ ਕਿਹਾ ਕਿ ਕਈ ਲੋਕ ਖੁੱਲ੍ਹੇ ਵਿੱਚ ਜ਼ਮੀਨ ’ਤੇ ਸੌਂ ਰਹੇ ਹਨ, ਜਿਸ ਨਾਲ ਲਾਗ ਦਾ ਖ਼ਤਰਾ ਵਧ ਰਿਹਾ ਹੈ। -ਪੀਟੀਆਈ
ਦਿੱਲੀ ਪ੍ਰਦਰਸ਼ਨਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ: ਸੰਘ
ਜੰਮੂ: ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਨੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਆਪਣੇ ਅੰਦੋਲਨ ਨੂੰ ‘ਭਾਰਤੀ’ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਾਂ-ਪੱਖੀ ਸਿਆਸਤ ਅਤੇ ਦੇਸ਼ ਨਿਰਮਾਣ ’ਚ ਆਪਣਾ ਯੋਗਦਾਨ ਪਾਉਣ। ਕੁਮਾਰ ਨੇ ਦੋਸ਼ ਲਾਇਆ ਕਿ ਵਿਦੇਸ਼ੀ ਤਾਕਤਾਂ ਨੇ ਦਿੱਲੀ ’ਚ ਚੱਲ ਰਹੇ ਅੰਦੋਲਨ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਮੁਲਕ ਵਿਰੋਧੀ ਅਨਸਰਾਂ ਦੇ ‘ਏਜੰਟ’ ਜਾਂ ਕਠਪੁਤਲੀ ਨਾ ਬਣਨ ਦੀ ਚਿਤਾਵਨੀ ਦਿੱਤੀ। -ਪੀਟੀਆਈ

