Mumbai Landslide: ਮੁੰਬਈ ਦੇ ਘਾਟਕੋਪਰ ’ਚ ਢਿੱਗਾਂ ਡਿੱਗੀਆਂ, 7 ਹਲਾਕ
ਇੱਥੇ ਅੱਜ ਤੜਕੇ ਭਾਰੀ ਮੀਂਹ ਤੋਂ ਬਾਅਦ ਘਾਟਕੋਪਰ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਿੱਤੀ ਹੈ। ਮ੍ਰਿਤਕਾਂ ਵਿੱਚ ਦੋ ਤੋਂ 14 ਸਾਲ...
ਇੱਥੇ ਅੱਜ ਤੜਕੇ ਭਾਰੀ ਮੀਂਹ ਤੋਂ ਬਾਅਦ ਘਾਟਕੋਪਰ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਿੱਤੀ ਹੈ। ਮ੍ਰਿਤਕਾਂ ਵਿੱਚ ਦੋ ਤੋਂ 14 ਸਾਲ ਦੇ ਤਿੰਨ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਚਿਰਾਗ ਨਗਰ ਦੇ ਅਸ਼ੋਕ ਨਗਰ ਸਥਿਤ ਗੌਸੀਆ ਚਾਲ ਵਿੱਚ ਤੜਕੇ 3.48 ਵਜੇ ਵਾਪਰਿਆ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਤੋਂ ਮਿੱਟੀ ਅਤੇ ਮਲਬਾ ਦੋ-ਤਿੰਨ ਘਰਾਂ ’ਤੇ ਡਿੱਗ ਗਿਆ, ਜਿਸ ਨਾਲ ਇਹ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਸੱਤ ਵਿਅਕਤੀਆਂ ਨੂੰ ਘਾਟਕੋਪਰ ਦੇ ਸਰਕਾਰੀ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਨਿਗਮ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਸਮੀਰ ਅੰਸਾਰੀ (14), ਸਾਹਿਲ ਹੁਸੈਨ ਅਬਦੁਲ ਕਾਜ਼ੀ (19), ਇੱਕ ਅਣਪਛਾਤੇ ਵਿਅਕਤੀ (ਉਮਰ ਲਗਪਗ 45 ਸਾਲ), ਆਬਾਨ ਆਰਿਫ ਸ਼ੇਖ਼ (2), ਮੰਨਤ ਆਰਿਫ ਸ਼ੇਖ਼ (4), ਮਰਜੀਨਾ ਆਰਿਫ਼ ਸ਼ੇਖ਼ (27) ਅਤੇ ਵਿਕੇਤ ਰਮੇਸ਼ ਯਾਦਵ (27) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਤਿੰਨ ਜ਼ਖ਼ਮੀਆਂ ਫ਼ਰਾਨਾ ਦਿਲਾਵਰ ਖ਼ਾਨ (28), ਦਿਲਾਵਰ ਅਮਾਨੁੱਲਾ ਖ਼ਾਨ (38) ਅਤੇ ਸ਼ਮੀਮ ਮੁਸਲਿਮ ਖ਼ਾਨ (26) ਨੂੰ ਰਾਜਾਵਾੜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਚਾਰ ਹੋਰ ਜ਼ਖ਼ਮੀਆਂ ਸੋਹੇਲ ਅੰਸਾਰੀ (18), ਮੁਹੰਮਦ ਅੰਸਾਰੀ (14), ਨਈਮੁਦੀਨ ਇਕਬਾਲ ਖ਼ਾਨ (28) ਅਤੇ ਸਾਜਿਦ ਅੰਸਾਰੀ (16) ਨੂੰ ਕੁਰਲਾ ਦੇ ਭਾਭਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਵੀ ਸਥਿਰ ਹੈ। ਅਧਿਕਾਰੀਆਂ ਅਨੁਸਾਰ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪ੍ਰਭਾਵਿਤ ਖੇਤਰ ਦਾ ਰਸਤਾ ਬਹੁਤ ਹੀ ਤੰਗ ਹੈ।
ਮੇਅਰ ਨੇ ਪੀੜਤਾਂ ਲਈ ਵਿੱਤੀ ਸਹਾਇਤਾ ਐਲਾਨੀ
ਮੁੰਬਈ ਦੀ ਮੇਅਰ ਰਿਤੂ ਤਾਵੜੇ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਮਦਰਦੀ ਅਤੇ ਸਹਾਇਤਾ ਦਾ ਭਰੋਸਾ ਦਿੱਤਾ। ਮੇਅਰ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦੀ ਫ਼ੌਰੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਏਜੰਸੀਆਂ ਨੂੰ ਆਪਣੇ ਯਤਨਾਂ ਵਿੱਚ ਤੇਜ਼ੀ ਲਿਆਉਣ ਅਤੇ ਆਪਸੀ ਤਾਲਮੇਲ ਬਣਾ ਕੇ ਰੱਖਣ ਦੇ ਹੁਕਮ ਦਿੱਤੇ ਹਨ।

