ਸ੍ਰੀਨਗਰ, 7 ਅਗਸਤ
ਸਥਾਨਕ ਪ੍ਰਸ਼ਾਸਨ ਨੇ ਮੁਹੱਰਮ ਮੌਕੇ ਸ਼ੀਆ ਭਾਈਚਾਰੇ ਦੇ ਮੈਂਬਰਾਂ ਨੂੰ ਸ੍ਰੀਨਗਰ ਵਿੱਚ ਤਾਜ਼ੀਆ ਕੱਢਣ ਤੋਂ ਰੋਕਣ ਲਈ ਕਰਫਿਊ ਵਰਗੀਆਂ ਪਾਬੰਦੀਆਂ ਲਗਾਈਆਂ ਹਨ। ਨੌਜਵਾਨਾਂ ਨੇ ਇਨ੍ਹਾਂ ਪਾਬੰਦੀਆਂ ਖ਼ਿਲਾਫ਼ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਸੁਰੱਖਿਆ ਜਵਾਨਾਂ ਨੇ ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕਾਂ ਦੀ ਆਮਦੋਰਫ਼ਤ ਅਤੇ ਇਕੱਠੇ ਹੋਣ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਬੰਦੀ ਵਾਲੇ ਇਲਾਕਿਆਂ ਵਿੱਚ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਸਰਕਾਰੀ ਵਾਹਨਾਂ ਦੀ ਆਵਾਜਾਈ ਠੱਪ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਬਾਜ਼ਾਰ ਤੋਂ ਬਚਵਾੜਾ ਅਤੇ ਅਬੀ ਬਾਜ਼ਾਰ ਤੋਂ ਜ਼ਾਦੀਬਲ ਤੱਕ ਮੁਹੱਰਮ ਸਬੰਧੀ ਤਾਜ਼ੀਆ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੀਤੇ ਦੀਆਂ ਹਿੰਸਕ ਘਟਨਾਵਾਂ ਦਾ ਹਵਾਲਾ ਦਿੰਦਿਆਂ ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਲੋਕ ਹਿੱਤ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣਾ ਸਰਕਾਰ ਦੀ ਮੁੱਖ ਤਰਜੀਹ ਹੈ। ਮੁਹੱਰਮ ਮੌਕੇ ਦਸ ਦਿਨ ਦਾ ਸੋਗ ਮਨਾਇਆ ਜਾਂਦਾ ਹੈ ਅਤੇ ਅੱਠਵੇਂ ਦਿਨ ਤਾਜ਼ੀਆ ਕੱਢਿਆ ਜਾਂਦਾ ਹੈ। 1990 ਵਿੱਚ ਅਤਿਵਾਦ ਦੇ ਉਭਾਰ ਮਗਰੋਂ ਤਾਜ਼ੀਆ ਕੱਢਣ ’ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। -ਪੀਟੀਆਈ