Himachal Pradesh 'ਚ ਮੌਨਸੂਨ ਦੌਰਾਨ 150 ਤੋਂ ਵੱਧ ਮੌਤਾਂ; ਸੂਬੇ ਨੂੰ 3,220 ਕਰੋੜ ਰੁਪਏ ਦਾ ਨੁਕਸਾਨ
ਅਰਕੀ ਵਿੱਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ-205 ਬੰਦ; ਰਾਹਗੀਰਾਂ ਨੂੰ ਬਦਲਵੇਂ ਰਸਤੇ ਵਰਤਣ ਦੀ ਸਲਾਹ
30 ਜੂਨ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਲੈ ਕੇ 29 ਸਤੰਬਰ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 153 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਸੂਬੇ ਨੂੰ ਅੰਦਾਜ਼ਨ 3,220 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਸੂਬੇ ਵਿੱਚ 1 ਜੂਨ ਤੋਂ 29 ਸਤੰਬਰ ਤੱਕ ਮੌਨਸੂਨ ਸੀਜ਼ਨ ਦੌਰਾਨ ਆਮ 733.4 ਮਿਲੀਮੀਟਰ ਦੇ ਮੁਕਾਬਲੇ 652.6 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ 11 ਫੀਸਦੀ ਘੱਟ ਹੈ।
ਅਧਿਕਾਰੀਆਂ ਮੁਤਾਬਕ ਇਸ ਦੌਰਾਨ ਜ਼ਮੀਨ ਖਿਸਕਣ ਅਤੇ ਅਚਾਨਕ ਆਏ ਹੜ੍ਹਾਂ ਵਿੱਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਕਿਸੇ ਮੌਤ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 62 ਲੋਕਾਂ ਦੀ ਉਚਾਈ ਤੋਂ ਡਿੱਗਣ, 17 ਲੋਕਾਂ ਦੀ ਡੁੱਬਣ ਅਤੇ 16 ਲੋਕਾਂ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਈ। ਇਸ ਤੋਂ ਇਲਾਵਾ 10 ਲੋਕ ਕਰੰਟ ਲੱਗਣ ਦੀਆਂ ਘਟਨਾਵਾਂ ਅਤੇ 29 ਲੋਕਾਂ ਦੀਆਂ ਜਾਨਾਂ ਹੋਰ ਕਾਰਨਾਂ ਕਰਕੇ ਚਲੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਤੋਂ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕਾ ਬਾਰਿਸ਼ ਹੋਈ, ਜਿਸ ਵਿੱਚ ਰਾਮਪੁਰ ਵਿੱਚ 16.8 ਮਿਲੀਮੀਟਰ ਅਤੇ ਖਦਰਾਲਾ ਵਿੱਚ 7.1 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ 5 ਅਤੇ 6 ਅਕਤੂਬਰ ਨੂੰ ਸੂਬੇ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਬੁੱਧਵਾਰ ਸਵੇਰੇ ਸੋਲਨ ਜ਼ਿਲ੍ਹੇ ਦੀ ਅਰਕੀ ਸਬ-ਡਿਵੀਜ਼ਨ ਵਿੱਚ ਰਾਜਘਾਟੀ ਨੇੜੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ-205 'ਤੇ ਆਵਾਜਾਈ ਠੱਪ ਹੋ ਗਈ। ਸੜਕ 'ਤੇ ਮਲਬੇ ਅਤੇ ਵੱਡੇ ਪੱਥਰਾਂ ਦੇ ਢੇਰ ਖਿੱਲਰੇ ਹੋਏ ਸਨ, ਜਿਸ ਨਾਲ ਰਸਤਾ ਬੰਦ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਰਾਹਗੀਰਾਂ ਨੂੰ ਸੋਲਨ ਅਤੇ ਬਿਲਾਸਪੁਰ ਰਾਹੀਂ ਬਦਲਵੇਂ ਰਸਤੇ ਵਰਤਣ ਦੀ ਸਲਾਹ ਦਿੱਤੀ ਗਈ ਹੈ ਅਤੇ ਸੜਕ ਨੂੰ ਜਲਦੀ ਤੋਂ ਜਲਦੀ ਸਾਫ਼ ਕਰਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (SEOC) ਦੇ ਅਨੁਸਾਰ, ਬੁੱਧਵਾਰ ਸ਼ਾਮ ਤੱਕ, 45 ਸੜਕਾਂ ਆਵਾਜਾਈ ਲਈ ਬੰਦ ਸਨ ਅਤੇ 34 ਬਿਜਲੀ ਟਰਾਂਸਫਾਰਮਰ ਅਤੇ ਚਾਰ ਜਲ ਸਪਲਾਈ ਸਕੀਮਾਂ ਠੱਪ ਸਨ।
ਸਭ ਤੋਂ ਵੱਧ 28 ਸੜਕਾਂ ਮੰਡੀ ਵਿੱਚ ਬੰਦ ਸਨ। ਇਸ ਤੋਂ ਬਾਅਦ ਕਾਂਗੜਾ ਵਿੱਚ ਛੇ, ਕੁੱਲੂ ਵਿੱਚ ਪੰਜ, ਸਿਰਮੌਰ ਅਤੇ ਊਨਾ ਵਿੱਚ ਦੋ-ਦੋ, ਅਤੇ ਸ਼ਿਮਲਾ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਬੰਦ ਸੀ।

