ਮੂਡੀਜ਼ ਰੇਟਿੰਗਜ਼ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦਾ ਆਰਥਿਕ ਵਿਕਾਸ ਦਾ ਅਨੁਮਾਨ ਨੂੰ 6.8 ਫ਼ੀਸਦ ਤੋਂ ਘਟਾ ਕੇ 6 ਫ਼ੀਸਦ ਕਰ ਦਿੱਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਿਹਾ ਸੰਘਰਸ਼ ਵਿਕਾਸ ਦੀ ਰਫ਼ਤਾਰ ਨੂੰ ਮੱਠਾ ਕਰੇਗਾ ਅਤੇ ਮਹਿੰਗਾਈ ਦੇ ਖ਼ਤਰੇ ਨੂੰ ਵਧਾਏਗਾ। ਸੰਸਥਾ ਨੇ ਵਿੱਤੀ ਵਰ੍ਹੇ 2027 ਵਿੱਚ ਔਸਤ ਮਹਿੰਗਾਈ 4.8 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਹੈ, ਜੋ ਵਿੱਤੀ ਵਰ੍ਹੇ 2026 ਵਿੱਚ 2.4 ਫ਼ੀਸਦੀ ਸੀ।
ਭਾਰਤ ਬਾਰੇ ਆਪਣੀ ਕ੍ਰੈਡਿਟ ਓਪੀਨੀਅਨ ਰਿਪੋਰਟ ਵਿੱਚ ਮੂਡੀਜ਼ ਨੇ ਕਿਹਾ ਕਿ ਲੰਮੇ ਸਮੇਂ ਤੱਕ ਚੱਲਣ ਵਾਲੇ ਵਿਘਨ, ਖਾਸਕਰ ਟਕਰਾਅ ਕਾਰਨ ਐੱਲ ਪੀ ਜੀ ਦੀਆਂ ਖੇਪਾਂ ਵਿੱਚ ਦੇਰ, ਘਰੇਲੂ ਪੱਧਰ ’ਤੇ ਕਿੱਲਤ ਪੈਦਾ ਕਰ ਸਕਦੀ ਹੈ। ਇਸ ਨਾਲ ਬਾਲਣ ਅਤੇ ਆਵਾਜਾਈ ਦੀ ਲਾਗਤ ਵਧੇਗੀ ਅਤੇ ਦਰਾਮਦ ਕੀਤੀਆਂ ਜਾਣ ਵਾਲੀਆਂ ਖਾਦਾਂ ’ਤੇ ਭਾਰਤ ਦੀ ਨਿਰਭਰਤਾ ਕਾਰਨ ਭੋਜਨ ਦੀ ਮਹਿੰਗਾਈ ਵੀ ਵਧ ਸਕਦੀ ਹੈ।
ਪੱਛਮੀ ਏਸ਼ੀਆ ਖੇਤਰ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਦਾ ਲਗਪਗ 55 ਫ਼ੀਸਦ ਅਤੇ ਐੱਲ ਪੀ ਜੀ ਦੀ ਸਪਲਾਈ ਦਾ 90 ਫ਼ੀਸਦ ਤੋਂ ਵੱਧ ਹਿੱਸਾ ਪੂਰਾ ਕਰਦਾ ਹੈ। ਮੂਡੀਜ਼ ਨੇ ਕਿਹਾ, ‘‘ਮਹਿੰਗਾਈ ਹਾਲੇ ਭਾਵੇਂ ਕਾਬੂ ਹੇਠ ਹੈ, ਪਰ ਭੂ-ਸਿਆਸੀ ਜੋਖਮਾਂ ਨੇ ਮਹਿੰਗਾਈ ਦੇ ਨਜ਼ਰੀਏ ਨੂੰ ਉੱਪਰ ਵੱਲ ਮੋੜ ਦਿੱਤਾ ਹੈ।’’
ਚੋਟੀ ਦੀਆਂ 6 ਕੰਪਨੀਆਂ ਦਾ ਮਾਰਕੀਟ ਕੈਪ 65 ਹਜ਼ਾਰ ਕਰੋੜ ਘਟਿਆ
ਨਵੀਂ ਦਿੱਲੀ: ਪਿਛਲੇ ਹਫ਼ਤੇ (ਜੋ ਛੁੱਟੀਆਂ ਕਾਰਨ ਛੋਟਾ ਸੀ) ਦੌਰਾਨ ਦੇਸ਼ ਦੀਆਂ ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 6 ਦੇ ਸਾਂਝੇ ਬਾਜ਼ਾਰ ਮੁਲਾਂਕਣ ਵਿੱਚ 64,734.46 ਕਰੋੜ ਰੁਪਏ ਦਾ ਨਿਘਾਰ ਆਇਆ ਹੈ। ਸ਼ੇਅਰ ਬਾਜ਼ਾਰ ਵਿੱਚ ਆਈ ਆਮ ਕਮਜ਼ੋਰੀ ਦਰਮਿਆਨ ਭਾਰਤੀ ਏਅਰਟੈੱਲ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਪਿਛਲੇ ਹਫ਼ਤੇ, ਬੀ ਐੱਸ ਈ ਦਾ ਬੈਂਚਮਾਰਕ ਸੈਂਸੈਕਸ 263.67 ਅੰਕ ਜਾਂ 0.35 ਫ਼ੀਸਦ ਡਿੱਗਿਆ; ਐੱਨ ਐੱਸ ਈ ਦਾ ਨਿਫਟੀ 106.5 ਅੰਕ ਜਾਂ 0.46 ਫ਼ੀਸਦ ਹੇਠਾਂ ਆ ਗਿਆ।

