ਰਿਹਾਈ ਬਦਲੇ ਪੈਸੇ: ਐਨਸੀਬੀ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ

ਕਰੂਜ਼ ਡਰੱਗਜ਼ ਕੇਸ ਵਿੱਚ ਗਵਾਹ ਨੇ ਏਜੰਸੀ ਦੇ ਅਧਿਕਾਰੀ ਉੱਤੇ ਆਰੀਅਨ ਦੀ ਰਿਹਾਈ ਬਦਲੇ ਕਰੋੜਾਂ ਰੁਪਏ ਮੰਗਣ ਦਾ ਲਾਇਆ ਸੀ ਦੋਸ਼

ਰਿਹਾਈ ਬਦਲੇ ਪੈਸੇ: ਐਨਸੀਬੀ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ

ਨਵੀਂ ਦਿੱਲੀ, 25 ਅਕਤੂਬਰ

ਮੁੱਖ ਅੰਸ਼

  • ਕੁਝ ਅਧਿਕਾਰੀਆਂ ਦਾ ਪਰਦਾਫਾਸ਼ ਹੋਵੇਗਾ: ਸ਼ਿਵ ਸੈਨਾ

ਐਨਸੀਬੀ ਅਧਿਕਾਰੀ ’ਤੇ 25 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਕੇਂਦਰੀ ਏਜੰਸੀ ਨੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਰੂਜ਼ ਡਰੱਗ ਕੇਸ ਦੇ ਇਕ ਗਵਾਹ ਨੇ ਦੋਸ਼ ਲਾਇਆ ਸੀ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਰਿਹਾਈ ਬਦਲੇ ਐਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਤੇ ਕੁਝ ਹੋਰਨਾਂ ਨੇ 25 ਕਰੋੜ ਰੁਪਏ ਮੰਗੇ ਸਨ। ਮਾਮਲੇ ਦੀ ਜਾਂਚ ਐਨਸੀਬੀ ਦੇ ਡਿਪਟੀ ਡੀਜੀ ਗਿਆਨੇਸ਼ਵਰ ਸਿੰਘ ਕਰਨਗੇ ਜੋ ਕਿ ਏਜੰਸੀ ਦੇ ਉੱਤਰੀ ਖੇਤਰ ’ਚ ਤਾਇਨਾਤ ਹਨ। ਉਹ ਏਜੰਸੀ ਦੇ ਮੁੱਖ ਵਿਜੀਲੈਂਸ ਅਫ਼ਸਰ ਵੀ ਹਨ। ਇਕ ਆਜ਼ਾਦ ਗਵਾਹ ਪ੍ਰਭਾਕਰ ਸੈਲ ਨੇ ਦੱਸਿਆ ਸੀ ਕਿ ਉਹ ਇਸ ਕੇਸ ਵਿਚ ਇਕ ਹੋਰ ਗਵਾਹ ਕੇਪੀ ਗੋਸਾਵੀ ਦਾ ਬਾਡੀਗਾਰਡ ਹੈ। ਸੈਲ ਨੇ ਦਾਅਵਾ ਕੀਤਾ ਕਿ ਉਸ ਨੇ ਗੋਸਾਵੀ ਨੂੰ ਸ਼ਾਹਰੁਖ ਦੀ ਮੈਨੇਜਰ ਨਾਲ ਮਿਲਦਿਆਂ ਦੇਖਿਆ ਸੀ। ਗਵਾਹ ਨੇ ਨਾਲ ਹੀ ਕਿਹਾ ਕਿ ਉਸ ਕੋਲੋਂ ਵਾਨਖੇੜੇ ਦੀ ਹਾਜ਼ਰੀ ਵਿਚ 9-10 ਖਾਲੀ ਕਾਗਜ਼ਾਂ ਉਤੇ ਦਸਤਖ਼ਤ ਕਰਵਾਏ ਗਏ ਸਨ। ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਏਜੰਸੀ ਪੇਸ਼ੇਵਰ ਸੰਗਠਨ ਹੈ ਤੇ ਆਪਣੇ ਸਟਾਫ਼ ਉਤੇ ਲੱਗੇ ਕਿਸੇ ਵੀ ਦੋਸ਼ ਦੀ ਜਾਂਚ ਲਈ ਤਿਆਰ ਹੈ। ਪੈਸੇ ਮੰਗਣ ਦੀ ਜਾਂਚ ਹੋਣ ਤੱਕ ਵਾਨਖੇੜੇ ਦੇ ਡਰੱਗ ਕੇਸ ਦੀ ਜਾਂਚ ਵਿਚ ਲੱਗੇ ਰਹਿਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਫ਼ੈਸਲਾ ਲਵਾਂਗੇ ਕਿ ਸਮੀਰ ਵਾਨਖੇੜੇ ਕਰੂਜ਼ ਡਰੱਗ ਕੇਸ ਦੀ ਜਾਂਚ ਕਰਨਗੇ ਜਾਂ ਨਹੀਂ। ਦੱਸਣਯੋਗ ਹੈ ਕਿ ਸਮੀਰ ਵਾਨਖੇੜੇ 2008 ਬੈਚ ਦੇ ਆਈਆਰਐੱਸ ਅਧਿਕਾਰੀ (ਕਸਟਮ ਕੇਡਰ) ਹਨ। ਜਾਂਚ ਟੀਮ ਸੈਲ ਤੋਂ ਵੀ ਪੁੱਛਗਿਛ ਕਰੇਗੀ। ਗਿਆਨੇਸ਼ਵਰ ਸਿੰਘ ਦੀ ਅਗਵਾਈ ਵਿਚ ਤਿੰਨ ਮੈਂਬਰੀ ਟੀਮ ਜਲਦੀ ਹੀ ਮੁੰਬਈ ਜਾਵੇਗੀ। ਜਾਂਚ ਰਿਪੋਰਟ ਏਜੰਸੀ ਦੇ ਡੀਜੀ ਨੂੰ ਸੌਂਪੀ ਜਾਵੇਗੀ। ਇਸੇ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਕਰੂਜ਼ ਡਰੱਗ ਕੇਸ ਰਾਹੀਂ ਮਹਾਰਾਸ਼ਟਰ ਸੂਬੇ ਦੀ ਸਾਖ਼ ਨੂੰ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ‘ਕੁਝ ਅਧਿਕਾਰੀਆਂ ਦਾ ਪਰਦਾਫਾਸ਼ ਹੋਵੇਗਾ’।

ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਵੱਲੋਂ ਦੋਸ਼ਾਂ ਖ਼ਿਲਾਫ਼ ਅਦਾਲਤ ਦਾ ਰੁਖ਼

ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਆਪਣੇ ’ਤੇ ਲੱਗੇ ਦੋਸ਼ਾਂ ਖ਼ਿਲਾਫ਼ ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਚਲੇ ਗਏ ਹਨ। ਇਕ ਹਲਫ਼ਨਾਮੇ ਵਿਚ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਮੀਰ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਕੁਝ ਨਿੱਜੀ ਹਿੱਤਾਂ ਨੂੰ ਰਾਸ ਨਹੀਂ ਆ ਰਹੀ। ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਇਹ ਅਜਿਹਾ ਕੋਈ ਹੁਕਮ ਪਾਸ ਨਹੀਂ ਕਰ ਸਕਦੀ ਜੋ ਅਦਾਲਤਾਂ ਨੂੰ ਆਜ਼ਾਦ ਗਵਾਹ ਦੇ ਹਲਫਨਾਮੇ ਦਾ ਨੋਟਿਸ ਲੈਣ ਤੋਂ ਰੋਕ ਸਕੇ। ਅਧਿਕਾਰੀ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਨਿਰਪੱਖ ਜਾਂਚ ਕਰ ਰਹੇ ਹਨ। ਵਾਨਖੇੜੇ ਨੇ ਅਦਾਲਤ ਵਿਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਵੱਲ ਵੀ ਇਸ਼ਾਰਾ ਕੀਤਾ ਹੈ ਜੋ ਕਿ ਅਧਿਕਾਰੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਐਨਸੀਬੀ ਨੇ ਮਲਿਕ ਦੇ ਜਵਾਈ ਸਮੀਰ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਹਲਫ਼ਨਾਮੇ ਵਿਚ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਉਤੇ ਦੋਸ਼ ਮਾਮਲੇ ਦੀ ਜਾਂਚ ਵਿਚ ਅੜਿੱਕਾ ਪਾਉਣ ਲਈ ਲਾਏ ਗਏ ਹਨ। ਦੂਜੇ ਪਾਸੇ ਵਾਨਖੇੜੇ ’ਤੇ ਦੋਸ਼ ਲਾਉਣ ਵਾਲਾ ਗਵਾਹ ਪ੍ਰਭਾਕਰ ਸੈਲ ਵੀ ਅੱਜ ਮੁੰਬਈ ਪੁਲੀਸ ਕਮਿਸ਼ਨਰ ਦੇ ਦਫ਼ਤਰ ਪਹੁੰਚ ਗਿਆ। ਉਸ ਨੇ ਸੁਰੱਖਿਆ ਸਬੰਧੀ ਫ਼ਿਕਰ ਜ਼ਾਹਿਰ ਕੀਤੇ ਹਨ। -ਪੀਟੀਆਈ

ਐਨਸੀਬੀ ਅੱਗੇ ਪੇਸ਼ ਨਾ ਹੋਈ ਅਨੰਨਿਆ ਪਾਂਡੇ

ਮੁੰਬਈ: ਆਰੀਅਨ ਖਾਨ ਨਾਲ ਹੋਈ ਵਟਸਐਪ ਚੈਟ ਦੇ ਮਾਮਲੇ ਵਿਚ ਬੌਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਅੱਜ ਐਨਸੀਬੀ ਅੱਗੇ ਪੇਸ਼ ਨਹੀਂ ਹੋਈ। ਜ਼ਿਕਰਯੋਗ ਹੈ ਕਿ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਐਨਸੀਬੀ ਨੇ ਪਿਛਲੇ ਹਫ਼ਤੇ ਪਾਂਡੇ ਤੋਂ ਪੁੱਛਗਿੱਛ ਕੀਤੀ ਸੀ ਤੇ ਮੁੜ ਸੋਮਵਾਰ ਨੂੰ ਸੱਦਿਆ ਸੀ। ਉਸ ਨੇ ਅੱਜ 11 ਵਜੇ ਦੇ ਕਰੀਬ ਏਜੰਸੀ ਅੱਗੇ ਪੇਸ਼ ਹੋਣਾ ਸੀ ਪਰ ਉਹ ਨਹੀਂ ਆਈ। ਡਰੱਗ ਕੇਸ ਦੀ ਜਾਂਚ ਦੌਰਾਨ ਐਨਸੀਬੀ ਨੂੰ ਆਰੀਅਨ ਤੇ ਪਾਂਡੇ ਦਰਮਿਆਨ ਹੋਈ ਇਕ ਵਟਸਐਪ ਚੈਟ ਮਿਲੀ ਸੀ। ਐਨਸੀਬੀ ਅਧਿਕਾਰੀ ਇਸ ਗੱਲਬਾਤ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਸਨ। ਇਸ ਲਈ ਅਭਿਨੇਤਰੀ ਨੂੰ ਸੰਮਨ ਕੀਤਾ ਗਿਆ ਸੀ। ਏਜੰਸੀ ਨੇ ਅਨੰਨਿਆ ਦਾ ਲੈਪਟਾਪ ਤੇ ਮੋਬਾਈਲ ਵੀਰਵਾਰ ਜ਼ਬਤ ਕਰ ਲਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ