ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਦੂਜੀ ਵਾਰ ਕਿਹਾ ਕਿ ਪ੍ਰਧਾਨ ਮੰਤਰੀ 17 ਜੁਲਾਈ ਨੂੰ ਪੰਜਾਬ ਦੌਰਾ ਕਰਨਗੇ; ਪੰਜਾਬ ਭਾਜਪਾ ਕੋਲ ਇਸ ਬਾਰੇ ਅਜੇ ਤੱਕ ਕੋਈ ਰਸਮੀ ਜਾਣਕਾਰੀ ਨਹੀਂ ਹੈ। ਬਿੱਟੂ ਦੇ ਦਾਅਵੇ ਦੇ ਬਾਵਜੂਦ ਹਾਲ ਦੀ ਘੜੀ ਕਿਧਰੇ ਵੀ ਦੌਰੇ ਨੂੰ ਲੈ ਕੇ ਕੋਈ ਤਿਆਰੀ ਨਜ਼ਰ ਨਹੀਂ ਆ ਰਹੀ।
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਦੇ ਦੌਰੇ ਬਾਰੇ ਹਾਲ ਦੀ ਘੜੀ ਪੰਜਾਬ ਭਾਜਪਾ ਕੋਲ ਕੋਈ ਰਸਮੀ ਸੂਚਨਾ ਨਹੀਂ ਹੈ। ਕੇਂਦਰੀ ਲੀਡਰਸ਼ਿਪ ਜਾਂ ਪ੍ਰਧਾਨ ਮੰਤਰੀ ਦਫ਼ਤਰ ਤਰਫ਼ੋਂ ਅਜਿਹੀ ਕੋਈ ਸੂਚਨਾ ਸਾਂਝੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਕਈ ਹੋਰ ਭਾਜਪਾ ਆਗੂਆਂ ਨੇ ਵੀ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨੂੰ ਲੈ ਕੇ ਅਣਜਾਣਤਾ ਜਤਾਈ ਹੈ। ਬਿੱਟੂ ਤੋਂ ਬਿਨਾਂ ਕਿਸੇ ਨੇ ਵੀ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਹਨ। ਪ੍ਰਧਾਨ ਮੰਤਰੀ ਦੇ ਸੰਭਾਵੀ ਪੰਜਾਬ ਦੌਰੇ ’ਚ ਸਿਰਫ਼ ਨੌਂ ਦਿਨ ਬਚੇ ਹਨ ਪਰ ਪੰਜਾਬ ਸਰਕਾਰ ਕੋਲ ਵੀ ਅਜੇ ਤੱਕ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਕੋਈ ਸੂਚਨਾ ਨਹੀਂ ਆਈ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੀ ਵਾਰ ਫਰਵਰੀ ਮਹੀਨੇ ਗੁਰੂ ਰਵੀਦਾਸ ਜਯੰਤੀ ਮੌਕੇ ਡੇਰਾ ਸੱਚਖੰਡ ਬੱਲਾਂ (ਜਲੰਧਰ) ਆਏ ਸਨ। ਪ੍ਰਧਾਨ ਮੰਤਰੀ ਦੇ ਸੰਭਾਵੀ ਪੰਜਾਬ ਦੌਰੇ ਬਾਰੇ ਖ਼ੁਦ ਪੰਜਾਬ ਭਾਜਪਾ ਦੇ ਆਗੂ ਇੱਧਰੋਂ ਉਧਰੋਂ ਪੁੱਛਗਿੱਛ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਹਰਿਆਣਾ ਆਉਣ ਦੀ ਸੂਚਨਾ ਹੈ। ਇਸ ਦੌਰਾਨ ਉਹ ਜੀਂਦ ਸੋਨੀਪਤ ਦਰਮਿਆਨ ਚੱਲਣ ਵਾਲੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ।
