ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਵੀਡੀਓ ਸੁਨੇਹੇ ਰਾਹੀਂ ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਨਾਸਮਝੀ’ ਨੇ ਮੁਲਕ ਨੂੰ ਕਮਜ਼ੋਰ ਬਣਾ ਦਿੱਤਾ ਹੈ। ਟਵਿਟਰ ’ਤੇ ਪੋਸਟ ਕੀਤੇ ਸੁਨੇਹੇ ’ਚ ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਭਾਰਤ ਦੀ ਵਿਦੇਸ਼ ਅਤੇ ਆਰਥਿਕ ਨੀਤੀ ਢਾਹ ਲਾਉਣ ਵਾਲੀ ਰਹੀ ਜਿਸ ਨੂੰ ਦੇਖ ਕੇ ਚੀਨ ਨੇ ਭਾਰਤ ਖਿਲਾਫ਼ ਹਮਲਾਵਾਰ ਰਵੱਈਆ ਅਪਣਾਇਆ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਮੇਂ ’ਚ ਤਕਰੀਬਨ ਸਾਰੇ ਗੁਆਂਢੀ ਮੁਲਕਾਂ ਨਾਲ ਭਾਰਤ ਦੇ
ਰਿਸ਼ਤੇ ਖ਼ਰਾਬ ਹਨ ਅਤੇ ਸਰਕਾਰ ਨੇ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਲਈ ਵਿਰੋਧੀ ਧਿਰ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ। ਉਧਰ ਭਾਜਪਾ ਨੇ ਰਾਹੁਲ ਗਾਂਧੀ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਹ ਮੁਲਕ ਨੂੰ ਵੰਡਣ ਅਤੇ ਸਰਹੱਦੀ ਹਾਲਾਤ ਨਾਲ ਸਿੱਝਣ ਬਾਰੇ ਸਵਾਲ ਪੁੱਛ ਕੇ ਮੁਲਕ ਦੇ ਹਥਿਆਰਬੰਦ ਬਲਾਂ ਦਾ ਹੌਸਲਾ ਢਾਹ ਰਿਹਾ ਹੈ। -ਪੀਟੀਆਈ
ਐੱਨਡੀਏ ਦੀਆਂ ਨੀਤੀਆਂ ਕਾਰਨ ਆਇਆ ਮੰਦਵਾੜਾ: ਚਿਦੰਬਰਮ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਐੱਨਡੀਏ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ ਦੀ ਅਗਵਾਈ ਹੇਠ ਨੌਂ ਤਿਮਾਹੀਆਂ ਵਿੱਤੀ ਘਾਟੇ ਵਾਲੀਆਂ ਰਹੀਆਂ ਹਨ ਅਤੇ ਇਸ ਦੇ ਨਤੀਜੇ ਵਜੋਂ 2020-21 ਦਾ ਮੰਦਵਾੜਾ ਆਇਆ ਹੈ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, ‘ਜਿਹੜੇ ਯੂਪੀਏ ਸਰਕਾਰ ਦੇ ਰਿਕਾਰਡ ਦਾ ਮਜ਼ਾਕ ਉਡਾਉਂਦੇ ਸਨ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਰਥਿਕ ਮਾਹਿਰ ਉਨ੍ਹਾਂ ਦੀ ਹੀ ਅਣਗਹਿਲੀ ਤੇ ਅਯੋਗਤਾ ਦਾ ਮਜ਼ਾਕ ਉਡਾ ਰਹੇ ਹਨ।’ ਉਨ੍ਹਾਂ ਐੱਨਡੀਏ ਸਰਕਾਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ 2015 ਤੋਂ ਬਾਅਦ ਕੀ ਕੀਤਾ ਹੈ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਆਕਸਫੋਰਡ ਗਰੀਬੀ ਤੇ ਮਨੁੱਖੀ ਵਿਕਾਸ ਪਹਿਲ (ਓਪੀਐੱਚਆਈ) ਅਧਿਐਨ ’ਚ ਇਹ ਖੁਲਾਸਾ ਹੋਇਆ ਹੈ ਕਿ 2005 ਤੋਂ 2015 ਦੌਰਾਨ 27 ਕਰੋੜ ਭਾਰਤੀਆਂ ਦਾ ਜੀਵਨ ਗਰੀਬੀ ਰੇਖਾ ਤੋਂ ਉੱਪਰ ਉੱਠਿਆ ਹੈ। -ਪੀਟੀਆਈ