ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ ਸਿਆਸੀ ਆਗੂਆਂ ਸਣੇ ਸਮਾਗਮ ਵਿਚ 175 ਜਣੇ ਹਿੱਸਾ ਲੈਣਗੇ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ


ਨਵੀਂ ਦਿੱਲੀ/ਅਯੁੱਧਿਆ, 4 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਯੁੱਧਿਆ ਵਿਚ ‘ਸ੍ਰੀ ਰਾਮ ਜਨਮਭੂਮੀ ਮੰਦਰ’ ਦਾ ਨੀਂਹ ਪੱਥਰ ਰੱਖਣ ਲਈ ਕਰਵਾਏ ਜਾ ਰਹੇ ਜਨਤਕ ਸਮਾਗਮ ਵਿਚ ਹਿੱਸਾ ਲੈਣਗੇ। ਸਮਾਗਮ ਤੋਂ ਪਹਿਲਾਂ ਮੋਦੀ ਹਨੂਮਾਨਗੜ੍ਹੀ ਵਿਚ ‘ਪੂਜਾ’ ਤੇ ‘ਦਰਸ਼ਨਾਂ’ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਿਆਨ ਜਾਰੀ ਹੋਣ ਮਗਰੋਂ ਹੁਣ ਉਨ੍ਹਾਂ ਦਾ ਸਮਾਗਮ ਵਿਚ ਹਿੱਸਾ ਲੈਣਾ ਤੈਅ ਹੈ। ਹਨੂਮਾਨਗੜ੍ਹੀ ਤੋਂ ਉਹ ‘ਸ੍ਰੀ ਰਾਮ ਜਨਮਭੂਮੀ’ ਜਾਣਗੇ। ਉੱਥੇ ਉਹ ‘ਭਗਵਾਨ ਸ੍ਰੀ ਰਾਮਲੱਲਾ ਵਿਰਾਜਮਾਨ’ ਦੀ ਪੂਜਾ ਅਤੇ ਦਰਸ਼ਨ ਕਰਨਗੇ। ਉਹ ਉੱਥੇ ਪਾਰਿਜਾਤ ਦਾ ਬੂਟਾ ਵੀ ਲਾਉਣਗੇ। ਇਸ ਤੋਂ ਬਾਅਦ ‘ਭੂਮੀ ਪੂਜਨ’ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ‘ਸ੍ਰੀ ਰਾਮ ਜਨਮਭੂਮੀ ਮੰਦਰ’ ਨੂੰ ਸਮਰਪਿਤ ਡਾਕ ਟਿਕਟ ਵੀ ਜਾਰੀ ਕਰਨਗੇ। ਅਯੁੱਧਿਆ ਵਿਚ ਦੀਵਾਰਾਂ ਨੂੰ ਨਵਾਂ ਰੰਗ ਕੀਤਾ ਗਿਆ ਹੈ। ਪੂਰੇ ਸ਼ਹਿਰ ਵਿਚ ਪੁਲੀਸ ਨਾਕੇ ਤੇ ਪੀਲੇ ਬੈਨਰ ਨਜ਼ਰ ਆ ਰਹੇ ਹਨ। ਕਈ ਥਾਵਾਂ ਉਤੇ ਭਜਨ ਹੋ ਰਹੇ ਹਨ।

‘ਭੂਮੀ ਪੂਜਨ’ ਸਮਾਗਮ ਵਿਚ 175 ਜਣੇ ਹਿੱਸਾ ਲੈਣਗੇ। ਸੰਤਾਂ ਤੇ ਸਿਆਸੀ ਆਗੂਆਂ ਦੀ ਇਕ ਵਿਸ਼ੇਸ਼ ਸੂਚੀ ਤਿਆਰ ਕੀਤੀ ਗਈ ਹੈ ਜੋ ਪੂਜਾ ਵਿਚ ਹਿੱਸਾ ਲੈਣਗੇ। ਕਰੋਨਾਵਾਇਰਸ ਕਾਰਨ ਪ੍ਰਸ਼ਾਸਨ ਲੋਕਾਂ ਨੂੰ ਅਯੁੱਧਿਆ ਆਉਣ ਤੋਂ ਗੁਰੇਜ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਨੂੰ ਘਰਾਂ ਵਿਚ ਹੀ ਖ਼ੁਸ਼ੀ ਮਨਾਉਣ ਲਈ ਕਿਹਾ ਗਿਆ ਹੈ। ਸਾਰੇ ਸਮਾਗਮ ਦਾ ਭਲਕੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਅਯੁੱਧਿਆ ਨੂੰ ਜਾਂਦੇ ਸਾਰੇ ਰਾਹਾਂ ਉਤੇ ਉਸਾਰੀ ਅਧੀਨ ਮੰਦਰ ਤੇ ਰਾਮ ਲੱਲਾ ਦੀਆਂ ਤਸਵੀਰਾਂ ਵਾਲੇ ਬੈਨਰ ਲੱਗੇ ਹੋਏ ਹਨ। ਪੁਲੀਸ ਨੂੰ ਵੱਡੀ ਗਿਣਤੀ ਵਿਚ ਹਨੂਮਾਨਗੜ੍ਹੀ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਇਲਾਕੇ ਵੱਲ ਜਾਂਦੇ ਰਾਹਾਂ ਅਤੇ ਦੁਕਾਨਾਂ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਅਯੁੱਧਿਆ ਨਾਲ ਲੱਗਦੇ ਬਾਰਾਬੰਕੀ ਜ਼ਿਲ੍ਹੇ ਵਿਚ ਲਖ਼ਨਊ-ਅਯੁੱਧਿਆ ਮਾਰਗ ’ਤੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਲੋਕਾਂ ਦੇ ਫੋਨ ਨੰਬਰ ਤੱਕ ਨੋਟ ਕੀਤੇ ਜਾ ਰਹੇ ਹਨ। ਐੱਸਐੱਸਪੀ ਦੀਪਕ ਕੁਮਾਰ ਨੇ ਕਿਹਾ ਕਿ ਪੁਲੀਸ ਦਾ ਸਾਰਾ ਜ਼ੋਰ ਕੋਵਿਡ ਦੇ ਨੇਮਾਂ ਦੀ ਪਾਲਣਾ ਕਰਵਾਉਣ ਉਤੇ ਲੱਗਾ ਹੋਇਆ ਹੈ। ਅਯੁੱਧਿਆ ਵਿਚ ਕਿਸੇ ਬਾਹਰਲੇ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਚਾਰ ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ਉਤੇ ਪਾਬੰਦੀ ਲਾਈ ਗਈ ਹੈ। ਹਾਲਾਂਕਿ ਬਾਜ਼ਾਰ ਤੇ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਅਯੁੱਧਿਆ ਸ਼ਹਿਰ ਵਿਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਦੇ ਮੰਦਰ ਤੇ ਮਸਜਿਦਾਂ ਖੁੱਲ੍ਹੀਆਂ ਰਹਿਣਗੀਆਂ ਪਰ ਕੋਈ ਧਾਰਮਿਕ ਸਮਾਗਮ ਨਹੀਂ ਹੋਵੇਗਾ। ਅਯੁੱਧਿਆ ਵਿਚ ‘ਭੂਮੀ ਪੂਜਨ’ ਦੇ ਮੱਦੇਨਜ਼ਰ ਕਰਨਾਟਕ ’ਚ ਵੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਅਜਿਹਾ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕੀਤਾ ਗਿਆ ਹੈ।

ਮੰਦਰ ਨੂੰ ‘ਅਸਲੀ ਤੇ ਨਕਲੀ ਧਰਮ ਨਿਰਪੱਖਤਾ ਵਿਚਾਲੇ ਸੰਘਰਸ਼’ ਦਾ ਪ੍ਰਤੀਕ ਮੰਨਦੇ ਸਨ ਅਡਵਾਨੀ

ਸਾਬਕਾ ਉਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ, ਜਿਨ੍ਹਾਂ ਦੀ ‘ਰੱਥ ਯਾਤਰਾ’ ਨੇ ਰਾਮ ਜਨਮਭੂਮੀ ਲਈ ਚੱਲੀ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ ਸੀ, ਨੇ ਆਪਣੀ ਅਾਤਮਕਥਾ ਵਿਚ ਲਿਖਿਆ ਸੀ ਕਿ ਮੰਦਰ ‘ਅਸਲੀ ਤੇ ਨਕਲੀ ਧਰਮ ਨਿਰਪੱਖਤਾ ਵਿਚਾਲੇ ਸੰਘਰਸ਼ ਦਾ ਪ੍ਰਤੀਕ ਹੈ।’ ਇਹ ਸ਼ਬਦ ਉਨ੍ਹਾਂ 2008 ਦੀ ਆਪਣੀ ਆਤਮਕਥਾ ‘ਮਾਈ ਕੰਟਰੀ, ਮਾਈ ਲਾਈਫ’ ਵਿਚ ਦਰਜ ਕੀਤੇ ਸਨ। ਉਨ੍ਹਾਂ ਆਸ ਪ੍ਰਗਟਾਈ ਸੀ ਕਿ ਮੰਦਰ ਕੌਮੀ ਏਕਤਾ ਦੇ ਸੰਦਰਭ ਵਿਚ ਨਵਾਂ ਇਤਿਹਾਸ ਲਿਖੇਗਾ।       

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All