ਕਰਮ ਪ੍ਰਕਾਸ਼
ਨਵੀਂ ਦਿੱਲੀ, 2 ਜੂਨ
ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ, ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦਿੱਲੀ ਪੁਲੀਸ ਕੋਲ ਦਰਜ ਕਰਵਾਈਆਂ ਦੋ ਐੱਫਆਈਆਰ ਵਿੱਚ ਜਿਨਸੀ ਛੇੜਛਾੜ ਤੇ ਜਿਨਸੀ ਸ਼ੋਸ਼ਣ ਬਾਰੇ ਕੀਤੇ ਅਹਿਮ ਖੁਲਾਸਿਆਂ ਦਰਮਿਆਨ ਓਲੰਪੀਅਨ ਪਹਿਲਵਾਨ ਨੇ ਇਕ ਐੱਫਆਈਆਰਜ਼ ‘ਚ ਦਾਅਵਾ ਕੀਤਾ ਹੈ ਕਿ ਉਸ ਨੇ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੰੰਘ ਵੱਲੋਂ ਲਗਾਤਾਰ ਕੀਤੇ ਜਾ ਰਹੇ ਜਿਨਸੀ ਸ਼ੋਸ਼ਣ ਬਾਰੇ ਦੱਸਿਆ ਸੀ। ਇਨ੍ਹਾਂ ਐੱਫਆਈਆਰਜ਼ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਮਹਿੰਗੇ ਸਪਲੀਮੈਂਟਸ ਤੇ ਇਲਾਜ ਦੇ ਖਰਚੇ ਦੇ ਇਵਜ਼ ਵਿੱਚ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਸਬੰਧ ਬਣਾਉਣ ਲਈ ਆਖਦਾ ਸੀ, ਮੁਕਾਬਲਿਆਂ ਦੌਰਾਨ ਉਨ੍ਹਾਂ ਨੂੰ ਬੇਵਜ੍ਹਾ ਛੂੰਹਦਾ ਸੀ ਤੇ ਨਾਬਾਲਗ ਪਹਿਲਵਾਨ ਦਾ ਪਿੱਛਾ ਕਰਦਾ ਸੀ। ਪਹਿਲਵਾਨਾਂ ਨੇ ਐੱਫਆਈਆਰ ਵਿੱਚ ਦਾਅਵਾ ਕੀਤਾ ਹੈ ਕਿ ਇਹ ਸਾਰੀਆਂ ਘਟਨਾਵਾਂ ਸਾਲ 2012 ਤੋਂ ਬਾਅਦ ਦੇਸ਼ ਤੇ ਵਿਦੇਸ਼ ਵਿੱਚ ਖੇਡੇ ਮੁਕਾਬਲਿਆਂ ਤੇ ਨਵੀਂ ਦਿੱਲੀ ਵਿੱਚ ਸਿੰਘ ਦੇ ਦਫ਼ਤਰ ਦੀਆਂ ਹਨ। ਐੱਫਆਈਆਰ ਵਿੱਚ ਇਕ ਓਲੰਪੀਅਨ ਦੇ ਹਵਾਲੇ ਨਾਲ ਲਿਖਿਐ, ”ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਜ਼ਮ ਵੱਲੋਂ ਆਪਣੇ ਨੇੜਲੇ ਸਾਥੀਆਂ ਦੀ ਮਿਲੀਭੁਗਤ ਨਾਲ ਮੇਰੇ ਤੇ ਹੋਰਨਾਂ ਮਹਿਲਾ ਪਹਿਲਵਾਨਾਂ ਨਾਲ ਲਗਾਤਾਰ ਕੀਤੇ ਜਾ ਰਹੇ ਜਿਨਸੀ, ਭਾਵਨਾਤਮਕ, ਮਨੋਵਿਗਿਆਨਕ ਤੇ ਸਰੀਰਕ ਸ਼ੋਸ਼ਣ ਬਾਰੇ ਦੱਸਿਆ ਸੀ। ਮਾਣਯੋਗ ਪ੍ਰਧਾਨ ਮੰਤਰੀ ਨੇ ਮੈਨੂੰ ਯਕੀਨ ਦਿਵਾਇਆ ਸੀ ਕਿ ਖੇਡ ਮੰਤਰਾਲਾ ਅਜਿਹੀਆਂ ਸ਼ਿਕਾਇਤਾਂ ਦਾ ਨੋਟਿਸ ਲੈ ਕੇ ਜਲਦੀ ਹੀ ਮੈਨੂੰ ਕਾਲ ਕਰੇਗਾ।” ਸ਼ਿਕਾਇਤਕਰਤਾ ਪਹਿਲਵਾਨਾਂ ‘ਚੋਂ ਇਕ ਨੇ ਐੱਫਆਈਆਰ ਵਿੱਚ ਕਿਹਾ, ”ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਦਿੱਤੇ ਮਾਨਸਿਕ ਸਦਮੇ ਕਰਕੇ ਉਸ ਦੇ ਮਨ ਵਿੱਚ ਖ਼ੁਦਕੁਸ਼ੀ ਦੇ ਖਿਆਲ ਆਉਣ ਲੱਗੇ ਸਨ।” ਬ੍ਰਿਜ ਭੂਸ਼ਣ ਹਾਲਾਂਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਸਿੰਘ ਨੇ ਲੰਘੇ ਦਿਨੀਂ ਦਾਅਵਾ ਕੀਤਾ ਸੀ ਕਿ ਜੇਕਰ ਇਕ ਵੀ ਦੋਸ਼ ਸਾਬਤ ਹੋ ਜਾਵੇ ਤਾਂ ਉਹ ਖੁ਼ਦ ਨੂੰ ਫਾਹੇ ਲੱਗ ਜਾਵੇਗਾ। ਐੱਫਆਈਆਰ’ਜ਼ ਤੋਂ ਹੋਏ ਖੁਲਾਸੇ ਮੁਤਾਬਕ ਮੁਲਜ਼ਮ ਬ੍ਰਿਜ ਭੂਸ਼ਣ ਨੇ ਇਕ ਮਹਿਲਾ ਪਹਿਲਵਾਨ ਨੂੰ ਕਿਹਾ ਸੀ ਕਿ ਫੈਡਰੇਸ਼ਨ ਉਸ ਦੇ ਇਲਾਜ ਦਾ ਖਰਚਾ ਚੁੱਕਣ ਲਈ ਤਿਆਰ ਹੈ ਬਸ਼ਰਤੇ ਉਹ ਉਸ ਦੀਆਂ ਜਿਨਸੀ ਨਜ਼ਦੀਕੀਆਂ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਨਾ ਕਰੇ। ਦੱਸ ਦੇਈਏ ਕਿ ਖੇਡਾਂ ਵਿਚ ਖਾਸ ਕਰਕੇ ਮਹਿਲਾ ਅਥਲੀਟਾਂ ਲਈ ਕਿਸੇ ਤਰ੍ਹਾਂ ‘ਕੋਡ ਆਫ਼ ਕੰਡਕਟ’ ਨਾ ਹੋਣ ਕਰਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਮਹਿਲਾ ਪਹਿਲਵਾਨਾਂ ਨੂੰ ਆਪਣੇ ਦਫ਼ਤਰ ਜਾਂ ਫਿਰ ਹੋਟਲ ਦੇ ਕਮਰੇ ਵਿੱਚ ਸੱਦਦਾ ਸੀ। ਇਕ ਮਹਿਲਾ ਪਹਿਲਵਾਨ ਨੇ ਦਿੱਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ, ”ਉਹ (ਬ੍ਰਿਜ ਭੂਸ਼ਣ) ਕੁੜੀਆਂ ਨੂੰ ਰਾਤ ਸਮੇਂ ਆਪਣੇ ਕਮਰੇ ਵਿੱਚ ਇਕੱਲਿਆਂ ਆਉਣ ਲਈ ਕਹਿੰਦਾ ਸੀ, ਜੋ ਸਪਸ਼ਟ ਰੂਪ ‘ਚ ਉਸ ਦੇ ਮਾੜੇ ਇਰਾਦਿਆਂ ਨੂੰ ਜ਼ਾਹਿਰ ਕਰਦਾ ਸੀ। ਕਿਉਂ ਜੋ ਮੁਲਜ਼ਮ ਹਮੇਸ਼ਾ ਉਨ੍ਹਾਂ ਦੀ ਭਾਲ ਵਿੱਚ ਰਹਿੰਦਾ ਸੀ, ਲਿਹਾਜ਼ਾ ਉਹ ਨਾਸ਼ਤੇ, ਦੁਪਹਿਰ ਜਾਂ ਫਿਰ ਰਾਤ ਦੇ ਖਾਣੇ ਲਈ ਇਕੱਲਿਆਂ ਦੀ ਥਾਂ ਸਮੂਹ ਵਿੱਚ ਜਾਂਦੀਆਂ ਸਨ।” ਮਹਿਲਾ ਪਹਿਲਵਾਨਾਂ ਨੇ ਐੱਫਆਈਆਰ ਵਿੱਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਹੋਰ ਵੀ ਕਈ ਘਟਨਾਵਾਂ ਦੀ ਤਫ਼ਸੀਲ ਸਾਂਝੀ ਕੀਤੀ ਹੈ।
ਖਾਪਾਂ ਅਤੇ ਕਿਸਾਨਾਂ ਵੱਲੋਂ 9 ਤੱਕ ਦਾ ਅਲਟੀਮੇਟਮ

ਕੁਰੂਕਸ਼ੇਤਰ: ‘ਖਾਪ ਮਹਾਪੰਚਾਇਤ’ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਸਰਕਾਰ ਨੂੰ 9 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਸੰਘਰਸ਼ ਦੇ ਅਗਲੇ ਕਦਮਾਂ ਉਤੇ ਵਿਚਾਰ-ਚਰਚਾ ਲਈ ਅੱਜ ਕੁਰੂਕਸ਼ੇਤਰ ਵਿਚ ਖਾਪਾਂ ਦੀ ਮਹਾਪੰਚਾਇਤ ਕੀਤੀ ਗਈ। ਮਹਾਪੰਚਾਇਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਮੀਡੀਆ ਨੂੰ ਦੱਸਿਆ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਉਤੇ ਅਮਲ ਲਈ ਸਰਕਾਰ ਨੂੰ 9 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਟਿਕੈਤ ਨੇ ਚਿਤਾਵਨੀ ਦਿ1ੱਤੀ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਉਹ ਪੂਰੇ ਦੇਸ਼ ਵਿਚ ਮਹਾਪੰਚਾਇਤਾਂ ਕਰ ਕੇ ਸੰਘਰਸ਼ ਨੂੰ ਤਿੱਖਾ ਕਰਨਗੇ, ਤੇ ਨਾਲ ਹੀ ਪਹਿਲਵਾਨ ਵੀ ਧਰਨੇ ਲਈ ਮੁੜ ਤੋਂ ਜੰਤਰ-ਮੰਤਰ ‘ਤੇ ਬੈਠਣਗੇ। ਅੱਜ ਮਹਾਪੰਚਾਇਤ ਵਿਚ ਵੱਖ-ਵੱਖ ਖਾਪਾਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਹਰਿਆਣਾ, ਪੰਜਾਬ, ਰਾਜਸਥਾਨ ਤੇ ਯੂਪੀ ਤੋਂ ਪਹੁੰਚੇ ਸਨ। -ਪੀਟੀਆਈ
ਬ੍ਰਿਜ ਭੂਸ਼ਣ ਨੂੰ ‘ਮਹਾ ਰੈਲੀ’ ਲਈ ਮਨਜ਼ੂਰੀ ਦੇਣ ਤੋਂ ਨਾਂਹ
ਅਯੁੱਧਿਆ(ਯੂਪੀ): ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਇੱਥੇ 5 ਜੂਨ ਨੂੰ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਿੰਘ, ਜੋ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਵੀ ਹੈ, ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਹੈ। ਸਰਕਲ ਅਧਿਕਾਰੀ (ਅਯੁੱਧਿਆ) ਐੱਸਪੀ ਗੌਤਮ ਨੇ ਦੱਸਿਆ ਕਿ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ‘ਤੇ ਹੋਣ ਵਾਲੇ ਹੋਰ ਪ੍ਰੋਗਰਾਮਾਂ ਦੇ ਮੱਦੇਨਜ਼ਰ ਭਾਜਪਾ ਕੌਂਸਲਰ ਚਮੇਲਾ ਦੇਵੀ ਵੱਲੋਂ ਸਿੰਘ ਦੀ ਤਰਫ਼ੋਂ ਮੰਗੀ ਗਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਸਿੰਘ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਰਾਮ ਕਥਾ ਪਾਰਕ ਵਿੱਚ ਹੋਣ ਵਾਲੀ ‘ਜਨ ਚੇਤਨਾ ਮਹਾਰੈਲੀ’ ਨੂੰ ‘ਕੁਝ ਦਿਨਾਂ’ ਲਈ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਖਿਲਾਫ ਪਹਿਲਵਾਨਾਂ ਵੱਲੋਂ ਲਾਏ ਦੋਸ਼ਾਂ ਦੀ ਦੀ ਪੁਲੀਸ ਜਾਂਚ ਚੱਲ ਰਹੀ ਹੈ। ਸਿੰਘ ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। -ਪੀਟੀਆਈ
83 ਵਿਸ਼ਵ ਕੱਪ ਜੇਤੂ ਕਿ੍ਰਕਟ ਟੀਮ ਦੇ ਮੈਂਬਰਾਂ ਵੱਲੋਂ ਪਹਿਲਵਾਨਾਂ ਦੀ ਹਮਾਇਤ
ਨਵੀਂ ਦਿੱਲੀ: 1983 ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਦੇ ਮੈਂਬਰ ਪਹਿਲਵਾਨਾਂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਟੀਮ ਮੈਂਬਰਾਂ ਨੇ ਪਹਿਲਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਕਾਹਲੀ ਵਿਚ ਕੋਈ ਫੈਸਲਾ ਨਾ ਲੈਣ।’ ਉਂਜ ਟੀਮ ਮੈਂਬਰਾਂ ਨੇ ਆਸ ਜਤਾਈ ਕਿ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ‘ਗੱਲ’ ਸੁਣੀ ਜਾਵੇਗੀ ਤੇ ਉਨ੍ਹਾਂ ਦੇ ਮਸਲੇ ਹੱਲ ਹੋਣਗੇ। 1983 ਵਿਸ਼ਵ ਕੱਪ ਜੇਤੂ ਟੀਮ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ”ਅਸੀਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਖਿੱਚਧੂਹ ਕੀਤੇ ਜਾਣ ਦੇ ਦ੍ਰਿਸ਼ ਵੇਖ ਕੇ ਦੁਖੀ ਤੇ ਪ੍ਰੇਸ਼ਾਨ ਹਨ, ਪਰ ਅਸੀਂ ਇਸ ਗੱਲੋਂ ਆਸਵੰਦ ਵੀ ਹਾਂ ਕਿ ਦੇਸ਼ ਦੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਅਸੀਂ ਇਸ ਗੱਲੋਂ ਵੀ ਫਿਕਰਮੰਦ ਹਾਂ ਕਿ ਉਹ ਸਖ਼ਤ ਮਿਹਨਤ ਨਾਲ ਕਮਾਏ ਇਨ੍ਹਾਂ ਤਗ਼ਮਿਆਂ ਨੂੰ ਗੰਗਾ ਵਿਚ ਪ੍ਰਵਾਹ ਕਰਨ ਦੀ ਸੋਚ ਰਹੇ ਸੀ। ਇਨ੍ਹਾਂ ਤਗ਼ਮਿਆਂ ਪਿੱਛੇ ਸਾਲਾਂ ਦੀ ਮਿਹਨਤ, ਬਲੀਦਾਨ, ਦ੍ਰਿੜਤਾ ਤੇ ਹਿੰਮਤ ਸ਼ਾਮਲ ਹੈ ਅਤੇ ਨਾ ਸਿਰਫ਼ ਉਨ੍ਹਾਂ ਦੀ ਆਪਣੀ ਬਲਕਿ ਦੇਸ਼ ਦਾ ਮਾਣ ਤੇ ਖ਼ੁਸ਼ੀ ਵੀ ਸ਼ਾਮਲ ਹੈ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਹਲੀ ਵਿੱਚ ਕੋਈ ਫੈਸਲਾ ਨਾ ਲੈਣ ਅਤੇ ਇਹ ਆਸ ਵੀ ਕਰਦੇ ਹਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਤੇ ਜਲਦੀ ਨਿਬੇੜਾ ਹੋਵੇਗਾ।” ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੇ ਕਿਹਾ, ”ਮੈਂ ਵਿਅਕਤੀ ਵਿਸ਼ੇਸ਼ ਵਜੋਂ ਕੁਝ ਨਹੀਂ ਕਹਾਂਗਾ। ਅਸੀਂ ਜਿਹੜਾ ਬਿਆਨ ਜਾਰੀ ਕੀਤਾ ਹੈ, 1983 ਟੀਮ ਉਸ ਨਾਲ ਖੜ੍ਹੀ ਹੈ। ਟੀਮ ਦੇ ਹੋਰਨਾਂ ਮੈਂਬਰਾਂ ਵਿੱਚ ਰੌਜਰ ਬਿਨੀ, ਜੋ ਇਸ ਵੇਲੇ ਬੀਸੀਸੀਆਈ ਦੇ ਪ੍ਰਧਾਨ ਹਨ, ਸੁਨੀਲ ਗਾਵਸਕਰ, ਮਹਿੰਦਰ ਅਮਰਨਾਥ, ਕੇ.ਸ੍ਰੀਕਾਂਤ, ਸੱਯਦ ਕਿਰਮਾਨੀ, ਯਸ਼ਪਾਲ ਸ਼ਰਮਾ, ਮਦਨ ਲਾਲ, ਬਲਵਿੰਦਰ ਸਿੰਘ ਸੰਧੂ, ਸੰਦੀਪ ਪਾਟਿਲ ਤੇ ਕੀਰਤੀ ਆਜ਼ਾਦ ਸ਼ਾਮਲ ਹਨ। ਹੋਰਨਾਂ ਸਾਬਕਾ ਕ੍ਰਿਕਟ ਖਿਡਾਰੀਆਂ ਅਨਿਲ ਕੁੰਬਲੇ, ਰੌਬਿਨ ਉਥੱਪਾ ਤੇ ਇਰਫ਼ਾਨ ਪਠਾਨ ਨੇ ਵੀ ਪਹਿਲਵਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ ਹੈ। ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਓਲੰਪਿਕ ਸੋਨ ਤਗ਼ਮਾ ਜੇਤੂ ਸ਼ੂਟਰ ਅਭਿਨਵ ਬਿੰਦਰਾ ਵੀ ਪਹਿਲਵਾਨਾਂ ਦੇ ਹੱਕ’ਚ ਹਾਅ ਦਾ ਨਾਅਰਾ ਮਾਰ ਚੁੱਕੇ ਹਨ। -ਪੀਟੀਆਈ
ਮਹਿਲਾ ਪਹਿਲਵਾਨਾਂ ਦੀ ਹਾਲਤ ਲਈ ਮੋਦੀ ਸਰਕਾਰ ਜ਼ਿੰਮੇਵਾਰ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਧੀਆਂ ਦੀ ਇਸ ਹਾਲਤ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਰਾਹੁਲ ਨੇ ਟਵੀਟ ਕੀਤਾ, ’25 ਕੌਮਾਂਤਰੀ ਤਗਮੇ ਲਿਆਉਣ ਵਾਲੀਆਂ ਧੀਆਂ-ਸੜਕਾਂ ‘ਤੇ ਨਿਆਂ ਮੰਗ ਰਹੀਆਂ ਹਨ। ਜਦਕਿ ਦੋ ਐਫਆਈਆਰਜ਼ ਵਿਚ 15 ਘਿਨੌਣੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਸੰਸਦ ਮੈਂਬਰ- ਪ੍ਰਧਾਨ ਮੰਤਰੀ ਦੀ ਸੁਰੱਖਿਆ ਢਾਲ ਵਿਚ ਮਹਿਫ਼ੂਜ਼ ਹੈ। ਬੇਟੀਆਂ ਦੀ ਇਸ ਹਾਲਤ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ।’ ਕਾਂਗਰਸ ਆਗੂ ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਸੰਸਦ ਮੈਂਬਰ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ। -ਪੀਟੀਆਈ