DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਨੇ ਕਿਸਾਨਾਂ ਦੇ ‘ਮੌਤ ਦੇ ਵਾਰੰਟਾਂ’ ਉੱਤੇ ਸਹੀ ਪਾਈ: ਰਾਹੁਲ

ਪ੍ਰਧਾਨ ਮੰਤਰੀ ’ਤੇ ਐਪਸਟੀਨ ਫਾਈਲਾਂ ਤੇ ਅਡਾਨੀ ਕੇਸ ਦੇ ਦਬਾਅ ਦਾ ਕੀਤਾ ਦਾਅਵਾ

  • fb
  • twitter
  • whatsapp
  • whatsapp
featured-img featured-img
ਕਾਂਗਰਸ ਆਗੂ ਰਾਹੁਲ ਗਾਂਧੀ ਬਰਨਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪਵਨ ਸ਼ਰਮਾ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅਮਰੀਕੀ ਵਸਤਾਂ ਖਾਸ ਕਰਕੇ ਖੇਤੀ ਉਤਪਾਦਾਂ ਲਈ ਦਰ ਖੋਲ੍ਹ ਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ‘ਮੌਤ ਦੇ ਵਾਰੰਟਾਂ’ ਉੱਤੇ ਦਸਤਖ਼ਤ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਸੈਕਟਰ ਖੋਲ੍ਹਣ ਲਈ ਫਸੇ ਪੇਚ ਕਾਰਨ ਸੌਦਾ ਚਾਰ ਮਹੀਨਿਆਂ ਤੋਂ ਰੁਕਿਆ ਹੋਇਆ ਸੀ। ਗਾਂਧੀ ਇੱਥੇ ਦਾਣਾ ਮੰਡੀ ਵਿੱਚ ‘ਮਨਰੇਗਾ ਮਜ਼ਦੂਰ ਕਿਸਾਨ ਬਚਾਓ’ ਮਹਾਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਗਾਂਧੀ ਨੇ ਕਿਹਾ, ‘‘ਸਵਾਲ ਪੈਦਾ ਹੁੰਦਾ ਹੈ ਕਿ ਜੋ ਕੰਮ ਪ੍ਰਧਾਨ ਮੰਤਰੀ ਨੇ ਚਾਰ ਮਹੀਨਿਆਂ ਤੱਕ ਨਹੀਂ ਕੀਤਾ, ਉਹ ਉਨ੍ਹਾਂ ਨੇ 15 ਮਿੰਟਾਂ ਵਿੱਚ ਕਿਉਂ ਕਰ ਦਿੱਤਾ?’’ ਉਨ੍ਹਾਂ ਐਪਸਟੀਨ ਫਾਈਲਾਂ ਤੇ ਅਮਰੀਕਾ ’ਚ ਅਡਾਨੀ ਖਿਲਾਫ਼ ਦਰਜ ਕੇਸ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਵਪਾਰ ਸਮਝੌਤੇ ਤਹਿਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਾਲਾਨਾ 9 ਲੱਖ ਕਰੋੜ ਰੁਪਏ ਦੇ ਅਮਰੀਕੀ ਉਤਪਾਦ ਖ਼ਰੀਦਣ ਦੀ ਗਾਰੰਟੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕੈਬਨਿਟ, ਖੇਤੀਬਾੜੀ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਅਮਰੀਕੀ ਰਾਸ਼ਟਰਪਤੀ ਨੂੰ ਫੋਨ ਕਰ ਦਿੱਤਾ।

Advertisement

ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਬਜਟ ਇਜਲਾਸ ਦੇ ਪਹਿਲੇ ਪੜਾਅ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਲੋਕ ਸਭਾ ਵਿੱਚ ਬੋਲਣ ਨਹੀਂ ਦਿੱਤਾ ਗਿਆ ਕਿਉਂਕਿ ਉਹ ਜਨਰਲ ਐੱਮ ਐੱਮ ਨਰਵਣੇ (ਸੇਵਾਮੁਕਤ) ਦੀ ਅਣਪ੍ਰਕਾਸ਼ਿਤ ਕਿਤਾਬ ਦਾ ਹਵਾਲਾ ਦੇਣਾ ਚਾਹੁੰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਨੇ ਖੇਤੀਬਾੜੀ ਸੈਕਟਰ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਸਮਝੌਤੇ ਨਾਲ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਉੜੀਸਾ ਦੇ ਕਿਸਾਨ ਬਰਬਾਦ ਹੋ ਜਾਣਗੇ।

Advertisement

ਭਾਰਤ ਅਮਰੀਕਾ ਤੋਂ ਸਾਲਾਨਾ 9 ਲੱਖ ਕਰੋੜ ਰੁਪਏ ਦਾ ਸਾਮਾਨ ਖ਼ਰੀਦਦਾ ਹੈ, ਤਾਂ ਭਾਰਤ ਦੇ ਲਘੂ ਅਤੇ ਦਰਮਿਆਨੇ ਖੇਤਰ ਖ਼ਤਮ ਹੋ ਜਾਣਗੇ। ਉਨ੍ਹਾਂ ਉਜਰ ਜਤਾਇਆ ਕਿ ਅਮਰੀਕਾ ਇਹ ਫੈਸਲਾ ਕਰਨ ਵਾਲਾ ਕੌਣ ਹੁੰਦਾ ਹੈ ਕਿ ਭਾਰਤ ਕਿਸ ਤੋਂ ਤੇਲ ਖ਼ਰੀਦੇਗਾ।

ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਰੈਲੀ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਸਰੰਡਰ ਮੋਦੀ’ ਬਣ ਗਏ ਹਨ। ਪੰਜਾਬ ਨੇ ਦੋ ਮੋਰਚਿਆਂ- ਕੇਂਦਰ ਦੀ ਮੋਦੀ ਸਰਕਾਰ ਤੇ ਰਾਜ ਦੀ ‘ਆਪ’ ਸਰਕਾਰ- ਖਿਲਾਫ਼ ਲੜਾਈ ਲੜਨੀ ਹੈ। ਅਜਿਹੇ ਹਾਲਾਤ ’ਚ ਰਾਹੁਲ ਗਾਂਧੀ ਹੀ ਯੋਗ ਅਗਵਾਈ ਦੇ ਸਕਦੇ ਹਨ। ਉਨ੍ਹਾਂ ਦੋਵੇਂ ਮੋਰਚੇ ਸਰ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਹੁਲ ਗਾਂਧੀ ਨੂੰ ਸਹਿਯੋਗ ਦੇਣ।

ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਬੋਧਨ ਸਮੇਂ ਪੰਡਾਲ ’ਚ ਮੌਜੂਦ ਵਰਕਰਾਂ ਨੇ ਨਾਅਰੇ ਲਾਏ। ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੇ ਸੀ ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜਿੰਦਰ ਕੌਰ ਭੱਠਲ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਵਿਜੈ ਇੰਦਰ ਸਿੰਗਲਾ ਸਮੇਤ ਸੀਨੀਅਰ ਪਾਰਟੀ ਮੌਜੂਦ ਸਨ।

ਮਿਲ ਕੇ ਕੰਮ ਕਰੋ ਜਾਂ ਘਰ ਬੈਠੋ

ਰਾਹੁਲ ਗਾਂਧੀ ਨੇ ਧੜੇਬੰਦੀ ਖ਼ਤਮ ਕਰਨ ਲਈ ਸਖ਼ਤ ਚਿਤਾਵਨੀ ਦਿੰਦਿਆਂ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਕੰਮ ਕਰਨ ਜਾਂ ਫਿਰ ਘਰ ਬੈਠਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ, ‘‘ਮੈਂ ਕਾਂਗਰਸੀ ਆਗੂਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ। ਕੰਮ ਟੀਮ ਵਰਕ ਰਾਹੀਂ ਹੁੰਦਾ ਹੈ। ਕੋਈ ਇਕੱਲਾ ਖਿਡਾਰੀ (ਮੈਚ) ਨਹੀਂ ਜਿੱਤਦਾ। ਤੁਸੀਂ ਸਾਰੇ ਇੱਥੇ ਬੈਠੇ ਸੀਨੀਅਰ ਆਗੂ ਹੋ। ਟੀਮ ਵਜੋਂ ਕੰਮ ਕਰੋ, ਨਹੀਂ ਤਾਂ ਤੁਹਾਨੂੰ ਘਰ ਬਿਠਾ ਦੇਵਾਂਗੇ। ਇਹ ਮੇਰਾ ਤੇ ਖੜਗੇ ਜੀ ਦਾ ਸੁਨੇਹਾ ਹੈ। ਵਰਕਰਾਂ ਦਾ ਸਤਿਕਾਰ ਕਰੋ - ਉਹ ਸਾਡੀ ਅਸਲ ਤਾਕਤ ਹਨ।’’

Advertisement
×