ਨਵੀਂ ਦਿੱਲੀ, 27 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਲਾਗ ਦੇ ਨਵੇਂ ਸਰੂਪ ‘ਓਮੀਕਰੋਨ’ ਫੈਲਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਡਾਣਾਂ ’ਤੇ ਲਾਈ ਗਈ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦੀ ਸਮੀਖਿਆ ਕਰਨ। ਭਾਰਤ ਨੇ ਕਰੋਨਾ ਦੀ ਲਾਗ ਦਾ ਖ਼ਤਰਾ ਘਟਣ ਵਾਲੇ ਮੁਲਕਾਂ ’ਚ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਲਿਆ ਹੈ। ਹੁਣ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਲਾਗ ਦੇ ਨਵੇਂ ਸਰੂਪ ਨੂੰ ਖ਼ਤਰਨਾਕ ਐਲਾਨਣ ਮਗਰੋਂ ਸ੍ਰੀ ਮੋਦੀ ਨੇ ਸਾਰੀਆਂ ਕੌਮਾਂਤਰੀ ਉਡਾਣਾਂ ਖਾਸ ਕਰਕੇ ਲਾਗ ਫੈਲਣ ਵਾਲੇ ਮੁਲਕਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਨਿਗਰਾਨੀ ਕਰਨ ਅਤੇ ਨਿਰਦੇਸ਼ਾਂ ਮੁਤਾਬਕ ਲੋਕਾਂ ਦੇ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਵਿਡ-19 ਅਤੇ ਟੀਕਾਕਰਨ ਦੇ ਹਾਲਾਤ ਦੀ ਅਧਿਕਾਰੀਆਂ ਨਾਲ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਵਧੇਰੇ ਸਾਵਧਾਨ ਰਹਿੰਦਿਆਂ ਇਹਤਿਆਤੀ ਕਦਮ ਉਠਾਉਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਡਬਲਿਊਐੱਚਓ ਨੇ ਕਿਹਾ ਹੈ ਕਿ ਓਮੀਕਰੋਨ ਦੀ ਪਛਾਣ ਦੱਖਣੀ ਅਫ਼ਰੀਕਾ ’ਚ ਹੋਈ ਹੈ ਅਤੇ ਇਹ ਲਾਗ ਦੇ ਹੋਰ ਸਰੂਪਾਂ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦਾ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਮੂੰਹ ’ਤੇ ਹਰ ਸਮੇਂ ਮਾਸਕ ਬੰਨ੍ਹ ਕੇ ਰੱਖਣ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਨ। ਬਿਆਨ ਮੁਤਾਬਕ ਉਨ੍ਹਾਂ ਕਰੋਨਾ ਦੇ ਨਵੇਂ ਸਰੂਪ ਨੂੰ ਦੇਖਦਿਆਂ ਵਧੇਰੇ ਚੌਕਸੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਧੇਰੇ ਕੇਸਾਂ ਵਾਲੇ ਇਲਾਕਿਆਂ ’ਚ ਨਿਗਰਾਨੀ ਰੱਖਣ ਅਤੇ ਜਿਨ੍ਹਾਂ ਸੂਬਿਆਂ ’ਚ ਕੇਸ ਜ਼ਿਆਦਾ ਹਨ, ਉਨ੍ਹਾਂ ਨੂੰ ਪੂਰੀ ਹਮਾਇਤ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ। -ਰਾਇਟਰਜ਼
ਸਰਕਾਰ ਲੋਕਾਂ ਨੂੰ ਵੈਕਸੀਨ ਸੁਰੱਖਿਆ ਮੁਹੱਈਆ ਕਰਾਏ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਕਰੋਨਾਵਾਇਰਸ ਦੇ ਨਵੇਂ ਸਰੂਪ ’ਤੇ ਚਿੰਤਾ ਜਤਾਉਂਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਲੋਕਾਂ ਨੂੰ ਵੈਕਸੀਨ ਸੁਰੱਖਿਆ ਪ੍ਰਦਾਨ ਕਰੇ। ਰਾਹੁਲ ਨੇ ਹੈਸ਼ਟੈਗ ਓਮੀਕਰੋਨ ਦੀ ਵਰਤੋਂ ਕਰਦਿਆਂ ਟਵੀਟ ਕੀਤਾ ਕਿ ਨਵਾਂ ਸਰੂਪ ਗੰਭੀਰ ਖ਼ਤਰਾ ਹੈ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ਵਾਸੀਆਂ ਨੂੰ ਵੈਕਸੀਨ ਸੁਰੱਖਿਆ ਪ੍ਰਦਾਨ ਕਰਨ ਬਾਰੇ ਸੰਜੀਦਾ ਹੋਵੇ। ਉਨ੍ਹਾਂ ਵੈਕਸੀਨ ਕਵਰੇਜ ਦੇ ਅੰਕੜਿਆਂ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਵੈਕਸੀਨ ਦੇ ਮਾੜੇ ਅੰਕੜੇ ਇਕ ਵਿਅਕਤੀ ਦੀ ਤਸਵੀਰ ਪਿੱਛੇ ਲੰਬੇ ਸਮੇਂ ਤੱਕ ਲੁਕੋਏ ਨਹੀਂ ਜਾ ਸਕਦੇ ਹਨ। -ਪੀਟੀਆਈ
ਵਿਸ਼ਵ ਵਪਾਰ ਸੰਸਥਾ ਦੀ ਕਾਨਫਰੰਸ ‘ਓਮੀਕਰੋਨ’ ਕਾਰਨ ਮੁਲਤਵੀ
ਜਨੇਵਾ: ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਨੇ ਕਈ ਮੁਲਕਾਂ ’ਚ ਕਰੋਨਾ ਦਾ ਨਵਾਂ ਸਰੂਪ ਫੈਲਣ ਨੂੰ ਦੇਖਦਿਆਂ 12ਵੀਂ ਮੰਤਰੀ ਪੱਧਰ ਦੀ ਕਾਨਫਰੰਸ (ਐੱਮਸੀ12) ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਕਈ ਮੁਲਕਾਂ ਵੱਲੋਂ ਉਡਾਣਾਂ ’ਤੇ ਰੋਕ ਲਾਏ ਜਾਣ ਕਾਰਨ ਮੰਤਰੀਆਂ ਦੇ ਜਨੇਵਾ ਪਹੁੰਚਣ ’ਚ ਅੜਿੱਕਾ ਪਵੇਗਾ ਜਿਸ ਕਾਰਨ ਡਬਲਿਊਟੀਓ ਨੇ ਕਾਨਫਰੰਸ ਨੂੰ ਅੱਗੇ ਪਾਉਣ ਦਾ ਫ਼ੈਸਲਾ ਲਿਆ ਹੈ। ਕਾਨਫੰਰਸ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਜਨੇਵਾ ’ਚ ਹੋਣੀ ਸੀ। ਡਬਲਿਊਟੀਓ ਜਨਰਲ ਕਾਊਂਸਿਲ ਦੇ ਮੁਖੀ ਡੇਸੀਓ ਕਾਸਟਿਲੋ ਨੇ ਕਿਹਾ,‘‘ਮੌਜੂਦਾ ਘਟਨਾਕ੍ਰਮ ਅਤੇ ਦੁਚਿੱਤੀ ਦੇ ਮਾਹੌਲ ਨੂੰ ਦੇਖਦਿਆਂ ਸਾਡੇ ਕੋਲ ਮੰਤਰੀ ਪੱਧਰ ਦੀ ਕਾਨਫਰੰਸ ਨੂੰ ਮੁਲਤਵੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਸੀ। ਜਿਵੇਂ ਹੀ ਹਾਲਾਤ ’ਚ ਸੁਧਾਰ ਹੋਵੇਗਾ, ਅਸੀਂ ਛੇਤੀ ਤੋਂ ਛੇਤੀ ਇਹ ਕਾਨਫਰੰਸ ਕਰਾਉਣ ਦੀ ਕੋਸ਼ਿਸ਼ ਕਰਾਂਗੇ।’’ ਡਬਲਿਊਟੀਓ ਦੇ ਡਾਇਰੈਕਟਰ ਜਨਰਲ ਨਗੋਜ਼ੀ ਓਕੋਂਜੋ-ਇਵੀਆਲਾ ਨੇ ਕਿਹਾ ਕਿ ਉਡਾਣਾਂ ’ਤੇ ਪਾਬੰਦੀਆਂ ਲੱਗਣ ਕਾਰਨ ਕਈ ਮੰਤਰੀ ਅਤੇ ਸੀਨੀਅਰ ਡੈਲੀਗੇਟ ਕਾਨਫਰੰਸ ’ਚ ਨਹੀਂ ਆ ਸਕਣਗੇ। ਉਨ੍ਹਾਂ ਕਿਹਾ ਕਿ ਕਈ ਡੈਲੀਗੇਸ਼ਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਵਰਚੁਅਲੀ ਕਾਨਫਰੰਸ ਨਾਲ ਗੁੰਝਲਦਾਰ ਅਤੇ ਸੰਜੀਦਾ ਮੁੱਦਿਆਂ ’ਤੇ ਲੋੜੀਂਦਾ ਵਿਚਾਰ ਵਟਾਂਦਰਾ ਨਹੀਂ ਹੁੰਦਾ ਹੈ ਜਿਸ ਕਾਰਨ ਆਫ਼ਲਾਈਨ ਇਹ ਕਾਨਫਰੰਸ ਸੱਦੀ ਗਈ ਸੀ। -ਆਈਏਐਨਐਸ