ਇੱਥੇ 18ਵੇਂ ਬਰਿਕਸ ਸੰਮੇਲਨ ਦੀ ਉਸ ਤਸਵੀਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਖੜ੍ਹੇ ਹਨ ਅਤੇ ਉਨ੍ਹਾਂ ਇੱਕ-ਦੂਜੇ ਦਾ ਹੱਥ ਫੜਿਆ ਹੋਇਆ ਹੈ। ਪ੍ਰਧਾਨ ਮੰਤਰੀ ਦੇ ਇੰਸਟਾਗ੍ਰਾਮ ’ਤੇ ਭਾਰਤ ਮੰਡਪਮ ਦੀ ਉਹ ਤਸਵੀਰ ਪੋਸਟ ਕੀਤੀ ਗਈ ਹੈ ਜਿੱਥੇ ਬਰਿਕਸ ਨੇਤਾਵਾਂ ਨੇ ਸੰਮੇਲਨ ਵਿੱਚ ਹਿੱਸਾ ਲਿਆ।
ਇਸ ਤਸਵੀਰ ਦੇ ਪਿਛੋਕੜ ਵਿੱਚ ‘ਕਿੰਗਡਮ ਬੀ ਜੀ ਐੱਮ’ ਨਾਮ ਦਾ ਗਾਣਾ ਵੱਜ ਰਿਹਾ ਹੈ। ਮੋਦੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਪ੍ਰਧਾਨ ਮੰਤਰੀ, ਪੂਤਿਨ, ਸ਼ੀ, ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਪ੍ਰੋਗਰਾਮ ਵਾਲੀ ਥਾਂ ਅੰਦਰ ਇੱਕਠੇ ਤੁਰਦੇ ਦਿਖਾਈ ਦੇ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਮੋਦੀ, ਪੂਤਿਨ, ਸ਼ੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਂਤੋ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਇੱਕ ਤਸਵੀਰ ਵਿੱਚ ਪ੍ਰਧਾਨ ਮੰਤਰੀ ਅਤੇ ਰੂਸੀ ਨੇਤਾ ਸੁਰੱਖਿਆ ਕਰਮੀਆਂ ਅਤੇ ਅਨੁਵਾਦਕਾਂ ਨਾਲ ਮੁਸਕਰਾਉਂਦੇ ਹੋਏ ਜਾਂਦੇ ਦਿਖਾਈ ਦੇ ਰਹੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਬਿਨ ਇਬਰਾਹਿਮ, ਅਬੂ ਧਾਬੀ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ, ਵੀਅਤਨਾਮ ਦੇ ਪ੍ਰਧਾਨ ਲੀ ਮਿਨ੍ਹ ਹੁੰਗ, ਇਥੋਪੀਆ ਦੇ ਪ੍ਰਧਾਨ ਮੰਤਰੀ ਏ ਅਹਿਮਦ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਅਤੇ ਅਹਿਮ ਖਣਿਜਾਂ, ਊਰਜਾ ਅਤੇ ਖੁਰਾਕ ਸੁਰੱਖਿਆ ਤੋਂ ਇਲਾਵਾ ਵਪਾਰ ਤੇ ਸਪਲਾਈ ਲੜੀਆਂ ਬਾਰੇ ਵਿਚਾਰ-ਚਰਚਾ ਕੀਤੀ।

