ਆਤਿਸ਼ ਗੁਪਤਾ
ਚੰਡੀਗੜ੍ਹ, 25 ਜੁਲਾਈ
ਚੰਡੀਗੜ੍ਹ ਦੇ ਸੈਕਟਰ 29 ਵਿਚ ਛੋਲੇ ਭਟੂਰੇ ਵੇਚਣ ਵਾਲੇ ਸੰਜੇ ਰਾਣਾ ਵੱਲੋਂ ਕਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਮੁਫ਼ਤ ਛੋਲੇ ਭਟੂਰੇ ਖਵਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਜੇ ਰਾਣਾ ਦਾ ਇਹ ਕਾਰਜ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰਦਾ ਹੈ। ਸ੍ਰੀ ਮੋਦੀ ਨੇ ਦੱਸਿਆ ਕਿ ਸੰਜੇ ਰਾਣਾ ਨੂੰ ਕਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਮੁਫ਼ਤ ਛੋਲੇ ਭਟੂਰੇ ਖਵਾਉਣ ਲਈ ਉਸ ਦੀ ਧੀ ਅਤੇ ਭਤੀਜੀ ਨੇ ਪ੍ਰੇਰਿਤ ਕੀਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਵਿਚ ਗੁਜ਼ਾਰੇ ਸਮੇਂ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਜਲਦੀ ਤੋਂ ਜਲਦੀ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।