ਮੋਦੀ ਉਪਨਾਮ ਕੇਸ: ਰਾਹੁਲ ਨੂੰ ਦੋ ਸਾਲ ਦੀ ਸਜ਼ਾ : The Tribune India

ਮੋਦੀ ਉਪਨਾਮ ਕੇਸ: ਰਾਹੁਲ ਨੂੰ ਦੋ ਸਾਲ ਦੀ ਸਜ਼ਾ

ਜ਼ਮਾਨਤ ਮਨਜ਼ੂਰ; ਉਪਰਲੀ ਅਦਾਲਤ ’ਚ ਅਪੀਲ ਕਰਨ ਲਈ 30 ਦਿਨ ਵਾਸਤੇ ਸਜ਼ਾ ਮੁਅੱਤਲ

ਮੋਦੀ ਉਪਨਾਮ ਕੇਸ: ਰਾਹੁਲ ਨੂੰ ਦੋ ਸਾਲ ਦੀ ਸਜ਼ਾ

ਸੂਰਤ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਲਈ ਜਾਂਦੇ ਹੋਏ ਰਾਹੁਲ ਗਾਂਧੀ। -ਫੋਟੋ:ਪੀਟੀਆਈ

ਸੂਰਤ, 23 ਮਾਰਚ

ਮੁੱਖ ਅੰਸ਼

  • ਜਨ ਪ੍ਰਤੀਨਿਧ ਐਕਟ ਤਹਿਤ ਸੰਸਦ ਮੈਂਬਰੀ ’ਤੇ ਤਲਵਾਰ ਲਟਕੀ

ਇਥੋਂ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਕੇਸ ’ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਰਾਹੁਲ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ‘ਸਾਰੇ ਚੋਰਾਂ ਦਾ ਇਕੋ ਹੀ ਨਾਮ ਮੋਦੀ ਕਿਵੇਂ ਹੋ ਸਕਦਾ ਹੈ।’ ਜਦੋਂ ਫ਼ੈਸਲਾ ਸੁਣਾਇਆ ਗਿਆ ਤਾਂ ਰਾਹੁਲ ਗਾਂਧੀ ਅਦਾਲਤ ’ਚ ਹਾਜ਼ਰ ਸਨ।

ਚੀਫ਼ ਜੁਡੀਸ਼ਲ ਮੈਜਿਸਟਰੇਟ ਐੱਚ ਐੱਚ ਵਰਮਾ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਆਈਪੀਸੀ ਦੀਆਂ ਧਾਰਾਵਾਂ 499 ਅਤੇ 500 ਤਹਿਤ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਪਰਲੀ ਅਦਾਲਤ ’ਚ ਅਪੀਲ ਦਾਖ਼ਲ ਕਰਨ ਲਈ 30 ਦਿਨ ਵਾਸਤੇ ਸਜ਼ਾ ਮੁਅੱਤਲ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਰਾਹੁਲ ਦੀ ਸੰਸਦ ਮੈਂਬਰੀ ’ਤੇ ਤਲਵਾਰ ਲਟਕ ਗਈ ਹੈ। ਜਨ ਪ੍ਰਤੀਨਿਧ ਐਕਟ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਦੋ ਸਾਲ ਜਾਂ ਵੱਧ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਸਜ਼ਾ ਦੀ ਤਰੀਕ ਤੋਂ ਅਯੋਗ ਠਹਿਰਾ ਦਿੱਤਾ ਜਾਂਦਾ ਹੈ ਅਤੇ ਉਹ ਸਜ਼ਾ ਭੁਗਤਣ ਮਗਰੋਂ ਹੋਰ ਛੇ ਸਾਲਾਂ ਲਈ ਚੋਣ ਲੜਨ ਦੇ ਅਯੋਗ ਹੁੰਦਾ ਹੈ। ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ ਸੂਰਤ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰਨਗੇ।

ਦਿੱਲੀ ਪਰਤਣ ’ਤੇ ਰਾਹੁਲ ਗਾਂਧੀ ਦਾ ਸਵਾਗਤ ਕਰਦੇ ਹੋਏ ਪਾਰਟੀ ਵਰਕਰ। -ਫੋਟੋ: ਪੀਟੀਆਈ

ਆਪਣੇ ਹੁਕਮਾਂ ’ਚ ਅਦਾਲਤ ਨੇ ਕਿਹਾ ਕਿ ਮੁਲਜ਼ਮ ਸੰਸਦ ਮੈਂਬਰ ਹੈ ਅਤੇ ਉਹ ਆਪਣੇ ਭਾਸ਼ਨ ਰਾਹੀਂ ਜੋ ਕੁਝ ਵੀ ਆਖਦਾ ਹੈ, ਉਸ ਦਾ ਲੋਕਾਂ ’ਤੇ ਅਸਰ ਪੈਂਦਾ ਹੈ ਜਿਸ ਨਾਲ ਅਪਰਾਧ ਦੀ ਗੰਭੀਰਤਾ ਵਧ ਜਾਂਦੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਮੁਲਜ਼ਮ ਨੂੰ ਘੱਟ ਸਜ਼ਾ ਦਿੱਤੀ ਜਾਂਦੀ ਹੈ ਤਾਂ ਇਹ ਲੋਕਾਂ ਨੂੰ ਗਲਤ ਸੁਨੇਹਾ ਜਾਵੇਗਾ ਅਤੇ ਮਾਣਹਾਨੀ ਨੂੰ ਰੋਕਣ ਦਾ ਮਕਸਦ ਪੂਰਾ ਨਹੀਂ ਹੋਵੇਗਾ ਤੇ ਕੋਈ ਵੀ ਆਸਾਨੀ ਨਾਲ ਕਿਸੇ ’ਤੇ ਦੂਸ਼ਣਬਾਜ਼ੀ ਕਰਦਾ ਰਹੇਗਾ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨੇ ਆਪਣੇ ਬਿਆਨ ‘ਚੌਕੀਦਾਰ ਹੀ ਚੋਰ ਹੈ’ ਲਈ ਪਹਿਲਾਂ ਮੁਆਫ਼ੀ ਮੰਗੀ ਸੀ ਤਾਂ ਸੁਪਰੀਮ ਕੋਰਟ ਨੇ ਉਸ ਨੂੰ ਭਵਿੱਖ ’ਚ ਚੌਕਸ ਰਹਿਣ ਦੀ ਹਦਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਉਸ ਦੇ ਵਿਹਾਰ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਸੁਣਵਾਈ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੇ ਲੋਕਾਂ ਦੇ ਹਿੱਤ ’ਚ ਆਪਣਾ ਫ਼ਰਜ਼ ਨਿਭਾਉਂਦਿਆਂ ਭਾਸ਼ਨ ਦਿੱਤਾ ਸੀ। ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਉਹ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ ਹੈ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਪਿਆਰ ਕਰਦਾ ਹੈ। ਰਾਹੁਲ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਦਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ ਅਤੇ ਉਸ ਨੂੰ ਘੱਟ ਸਜ਼ਾ ਸੁਣਾਈ ਜਾਵੇ। ‘ਸ਼ਿਕਾਇਤਕਰਤਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਮੁਲਜ਼ਮ ਨੂੰ ਪਹਿਲਾਂ ਕਿਸੇ ਵੀ ਅਪਰਾਧ ’ਚ ਦੋਸ਼ੀ ਨਹੀਂ ਪਾਇਆ ਗਿਆ ਹੈ ਅਤੇ ਉਸ ਨੇ ਕਿਸੇ ਤੋਂ ਵੀ ਰਹਿਮ ਜਾਂ ਮੁਆਫ਼ੀ ਨਹੀਂ ਮੰਗੀ ਹੈ।’ ਭਾਜਪਾ ਦੇ ਸੂਰਤ ਪੱਛਮੀ ਤੋਂ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੁਰਨੇਸ਼ ਮੋਦੀ ਨੇ ਰਾਹੁਲ ਗਾਂਧੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਸ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਗੁਜਰਾਤ ਭਾਜਪਾ ਦੇ ਮੁਖੀ ਸੀ ਆਰ ਪਾਟਿਲ ਨੇ ਕਿਹਾ ਕਿ ਦੇਸ਼ ਦਾ ਅਪਮਾਨ ਕਰਨ ਲਈ ਲੋਕ ਰਾਹੁਲ ਗਾਂਧੀ ਨੂੰ ਸਬਕ ਸਿਖਾਉਣਗੇ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ ਕਰਨਾਟਕ ਦੇ ਕੋਲਾਰ ’ਚ 13 ਅਪਰੈਲ, 2019 ’ਚ ਰੈਲੀ ਨੂੰ ਸੰਬੋਧਨ ਕਰਦਿਆਂ ਵਿਵਾਦਤ ਟਿੱਪਣੀ ਕੀਤੀ ਸੀ। ਸੁਪਰੀਮ ਕੋਰਟ ਦੇ ਵਕੀਲ ਮਹੇਸ਼ ਜੇਠਮਲਾਨੀ ਮੁਤਾਬਕ ਸੰਸਦ ਤੋਂ ਅਯੋਗ ਠਹਿਰਾਉਣ ਦਾ ਅਮਲ ਜਨ ਪ੍ਰਤੀਨਿਧ ਐਕਟ ਮੁਤਾਬਕ ਤਿੰਨ ਮਹੀਨਿਆਂ ਤੱਕ ਸ਼ੁਰੂ ਨਹੀਂ ਹੋਵੇਗਾ ਅਤੇ ਜੇਕਰ ਉਪਰਲੀ ਅਦਾਲਤ ਉਸ ਦੀ ਸਜ਼ਾ ’ਤੇ ਰੋਕ ਲਗਾ ਦਿੰਦੀ ਹੈ ਤਾਂ ਕੇਸ ਦੇ ਨਿਬੇੜੇ ਤੱਕ ਰਾਹੁਲ ਨੂੰ ਅਯੋਗ ਨਹੀਂ ਠਹਿਰਾਇਆ ਜਾ ਸਕੇਗਾ। -ਪੀਟੀਆਈ

ਮੇਰਾ ਭਰਾ ਨਾ ਕਦੇ ਡਰਿਆ ਅਤੇ ਨਾ ਹੀ ਡਰੇਗਾ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਸੱਚ ਬੋਲਦਾ ਰਹੇਗਾ। ਉਨ੍ਹਾਂ ਟਵੀਟ ਕੀਤਾ,‘‘ਡਰੀ ਹੋਈ ਸੱਤਾ ਦੀ ਪੂਰੀ ਮਸ਼ੀਨਰੀ ਸਾਮ, ਦਾਮ ਦੰਡ, ਭੇਦ ਰਾਹੀਂ ਰਾਹੁਲ ਗਾਂਧੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਭਰਾ ਨਾ ਕਦੇ ਡਰਿਆ ਹੈ ਅਤੇ ਨਾ ਕਦੇ ਡਰੇਗਾ। ਉਹ ਸੱਚ ਬੋਲਦਾ ਰਿਹਾ ਹੈ ਅਤੇ ਸੱਚ ਬੋਲਣਾ ਜਾਰੀ ਰੱਖਦਿਆਂ ਦੇਸ਼ ਦੇ ਲੋਕਾਂ ਦੀ ਆਵਾਜ਼ ਉਠਾਉਣਾ ਜਾਰੀ ਰੱਖੇਗਾ।’’ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਕਿ ਨਿਆਂਪਾਲਿਕਾ ਦਬਾਅ ਹੇਠ ਹੈ ਅਤੇ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਬਿਆਨ ਸਿਆਸੀ ਟਿੱਪਣੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਅਤੇ ਆਉਂਦੇ ਸਮੇਂ ’ਚ ਉਹ ਸਹੀ ਫ਼ੈਸਲਾ ਲਵੇਗੀ। ਗੁਜਰਾਤ ਕਾਂਗਰਸ ਦੇ ਆਗੂ ਅਮਿਤ ਚਾਵੜਾ ਨੇ ਕਿਹਾ ਕਿ ਪੂਰਾ ਮੁਲਕ ਨਿਆਂ ਲਈ ਲੜ ਰਹੇ ਰਾਹੁਲ ਗਾਂਧੀ ਨਾਲ ਖੜ੍ਹਾ ਹੈ।

ਸਿਆਸੀ ਦੀਵਾਲੀਆਪਣ ਦਾ ਸ਼ਿਕਾਰ ਹੋਈ ਮੋਦੀ ਸਰਕਾਰ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਦਿਆਂ ਕਿਹਾ,‘‘ਕਾਇਰ, ਤਾਨਾਸ਼ਾਹ ਭਾਜਪਾ ਸਰਕਾਰ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਤੋਂ ਔਖੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਉਜਾਗਰ ਕਰ ਰਹੇ ਹਾਂ ਅਤੇ ਜੇਪੀਸੀ ਦੀ ਮੰਗ ਕਰ ਰਹੇ ਹਾਂ। ਸਿਆਸੀ ਦੀਵਾਲੀਆਪਣ ਦੀ ਸ਼ਿਕਾਰ ਮੋਦੀ ਸਰਕਾਰ ਈਡੀ ਅਤੇ ਪੁਲੀਸ ਭੇਜਦੀ ਹੈ। ਸਿਆਸੀ ਭਾਸ਼ਨਾਂ ’ਤੇ ਕੇਸ ਥੋਪਦੀ ਹੈ।’’ ਉਨ੍ਹਾਂ ਕਿਹਾ ਕਿ ਪਹਿਲਾਂ ਜੱਜਾਂ ਨੂੰ ਬਦਲਿਆ ਗਿਆ, ਅਸੀਂ ਪਹਿਲਾਂ ਤੋਂ ਹੀ ਅੰਦਾਜ਼ੇ ਲਗਾ ਰਹੇ ਸੀ ਪਰ ਸਾਨੂੰ ਕਾਨੂੰਨ ’ਤੇ ਪੂਰਾ ਵਿਸ਼ਵਾਸ ਹੈ ਅਤੇ ਕਾਨੂੰਨ ਤਹਿਤ ਹੀ ਲੜਾਂਗੇ। ਖੜਗੇ ਨੇ ਕਿਹਾ ਕਿ ਜੇਕਰ ਕਿਸੇ ਵੱਲ ਇਕ ਉਂਗਲ ਚੁੱਕੀ ਜਾਂਦੀ ਹੈ ਤਾਂ ਚਾਰ ਉਸ ਵੱਲ ਵੀ ਉੱਠਦੀਆਂ ਹਨ।

ਰਾਹੁਲ ਗਾਂਧੀ ਨੂੰ ਫੌਰੀ ਅਯੋਗ ਠਹਿਰਾਉਣਾ ਮੁਸ਼ਕਿਲ: ਮਾਹਿਰ

ਨਵੀਂ ਦਿੱਲੀ: ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜੇ ਅਪੀਲੀ ਅਦਾਲਤ, ਸੂਰਤ ਅਦਾਲਤ ਵੱਲੋਂ ਮਾਣਹਾਨੀ ਮਾਮਲੇ ਵਿੱਚ ਸੁਣਾਈ ਗਈ ਸਜ਼ਾ ਨੂੰ ਮੁਅੱਤਲ ਕਰ ਦਿੰਦੀ ਹੈ ਤਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਨਹੀਂ ਠਹਿਰਾਇਆ ਜਾ ਸਕਦਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੂੰ ‘ਮੋਦੀ ਉਪਨਾਮ’ ਬਾਰੇ ਕੀਤੀ ਗਈ ਟਿੱਪਣੀ ਲਈ 2019 ਦੇ ਅਪਰਾਧਿਕ ਮਾਣਹਾਨੀ ਕੇਸ ਵਿੱਚ ਸੂਰਤ ਦੀ ਅਦਾਲਤ ਨੇ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੀਨੀਅਰ ਵਕੀਲ ਤੇ ਕਾਨੂੰਨੀ ਮਾਹਰ ਰਾਕੇਸ਼ ਦਿਵੇਦੀ ਨੇ ਸੁਪਰੀਮ ਕੋਰਟ 2013 ਤੇ 2018 ਦੇ ਲਿਲੀ ਥਾਮਸ ਤੇ ਲੋਕ ਪ੍ਰਹਰੀ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਜ਼ਾ ਰੱਦ ਕਰਨ ਅਤੇ ਦੋਸ਼ੀ ਠਹਿਰਾਏ ਜਾਣ ਕਾਰਨ ਰਿਪ੍ਰੈਂਜਟੇਸ਼ਨ ਆਫ ਦਿ ਪੀਪਲ ਐਕਟ ਅਧੀਨ ਕਾਨੂੰਨਘਾੜਿਆਂ ਨੂੰ ਅਯੋਗ ਨਹੀਂ ਠਹਿਰਾਇਆ ਜਾ ਸਕਦਾ। -ਪੀਟੀਆਈ

ਸੱਚ ਮੇਰਾ ਭਗਵਾਨ ਅਤੇ ਅਹਿੰਸਾ ਉਸ ਨੂੰ ਹਾਸਲ ਕਰਨ ਦਾ ਸਾਧਨ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਮਹਾਤਮਾ ਗਾਂਧੀ ਦੇ ਸੱਚ ਅਤੇ ਅਹਿੰਸਾ ਦੇ ਹਵਾਲੇ ਨਾਲ ਪ੍ਰਤੀਕਰਮ ਦਿੱਤਾ। ਰਾਹੁਲ ਗਾਂਧੀ ਨੇ ਕਿਹਾ,‘‘ਮੇਰਾ ਧਰਮ ਸੱਚ ਅਤੇ ਅਹਿੰਸਾ ’ਤੇ ਆਧਾਰਿਤ ਹੈ। ਸੱਚ ਮੇਰਾ ਭਗਵਾਨ ਹੈ, ਅਹਿੰਸਾ ਉਸ ਨੂੰ ਹਾਸਲ ਕਰਨ ਦਾ ਸਾਧਨ ਹੈ।’’ ਇਕ ਹੋਰ ਟਵੀਟ ’ਚ ਉਨ੍ਹਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦੀ ਦਿਵਸ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਭਾਰਤ ਮਾਤਾ ਦੇ ਇਨ੍ਹਾਂ ਬਹਾਦਰ ਸਪੂਤਾਂ ਤੋਂ ਸੱਚ ਅਤੇ ਹੌਸਲੇ ਨੂੰ ਬਹਾਲ ਰੱਖਦਿਆਂ ਨਿਡਰ ਹੋ ਕੇ ਲੜਨਾ ਸਿੱਖਿਆ ਹੈ।

ਸੂਰਤ ਅਦਾਲਤ ਦੇ ‘ਗਲਤ’ ਫੈਸਲੇ ਨੂੰ ਚੁਣੌਤੀ ਦੇਵੇਗੀ ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਸੂਰਤ ਦੀ ਇਕ ਅਦਾਲਤ ਵਲੋਂ ਮਾਣਹਾਨੀ ਦੇ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਉਣ ਦਾ ਫ਼ੈਸਲਾ ‘ਗਲਤ ਅਤੇ ਅਸਥਿਰ ਨਿਰਣਾ’ ਹੈ ਜਿਸ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਜਲਦੀ ਹੀ ਇਹ ਰੱਦ ਵੀ ਹੋ ਜਾਵੇਗਾ। ਕਾਂਗਰਸ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਗੁਜਰਾਤ ਦੀ ਹੇਠਲੀ ਅਦਾਲਤ ਨੇ 170 ਪੰਨਿਆਂ ਦਾ ਫੈਸਲਾ ਸੁਣਾਇਆ ਹੈ ਜੋ ਅਜੇ ਅਨੁਵਾਦ ਅਧੀਨ ਹੈ ਅਤੇ ਪਾਰਟੀ ਇਸ ਖ਼ਿਲਾਫ਼ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗਲਤੀਆਂ ਨਾਲ ਭਰਪੂਰ ਅਤੇ ਕਾਨੂੰਨੀ ਤੌਰ ’ਤੇ ਨਾ ਟਿਕਣ ਵਾਲਾ ਫ਼ੈਸਲਾ ਹੈ। ਉਨ੍ਹਾਂ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਨੂੰ ਨਿਆਂਪਾਲਿਕਾ ਵਿੱਚ ਵਿਸ਼ਵਾਸ ਹੈ ਅਤੇ ਉਹ ਕਾਨੂੰਨੀ ਸਹਾਰਾ ਲੈਣਗੇ। ਇਸ ਦੌਰਾਨ ਰਾਹੁਲ ਗਾਂਧੀ ਸੂਰਤ ਤੋਂ ਦਿੱਲੀ ਪਰਤ ਆਏ। ਉਨ੍ਹਾਂ ਦਾ ਦਿੱਲੀ ਪਹੁੰਚਣ ’ਤੇ ਹਵਾਈ ਅੱਡੇ ਉਪਰ ਕਾਂਗਰਸ ਵਰਕਰਾਂ ਨੇ ਸਵਾਗਤ ਕੀਤਾ। -ਪੀਟੀਆਈ

ਅਯੋਗ ਠਹਿਰਾਏ ਗਏ ਮੈਂਬਰ

* ਆਜ਼ਮ ਖ਼ਾਨ (ਸਮਾਜਵਾਦੀ ਪਾਰਟੀ ਵਿਧਾਇਕ): ਨਫ਼ਰਤੀ ਭਾਸ਼ਨ ਦੇਣ ਲਈ ਨਵੰਬਰ 2022 ’ਚ ਤਿੰਨ ਸਾਲ ਦੀ ਸਜ਼ਾ

* ਜੇ ਜੈਲਲਿਤਾ (ਅੰਨਾ ਡੀਐੱਮਕੇ ਵਿਧਾਇਕ): ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ’ਚ ਸਤੰਬਰ 2014 ’ਚ ਚਾਰ ਸਾਲ ਦੀ ਸਜ਼ਾ

* ਲਾਲੂ ਪ੍ਰਸਾਦ (ਆਰਜੇਡੀ ਸੰਸਦ ਮੈਂਬਰ): ਚਾਰਾ ਘੁਟਾਲੇ ’ਚ ਅਕਤੂਬਰ 2013 ’ਚ ਪੰਜ ਸਾਲ ਦੀ ਸਜ਼ਾ

* ਜਗਦੀਸ਼ ਸ਼ਰਮਾ (ਜੇਡੀਯੂ ਸੰਸਦ ਮੈਂਬਰ): ਚਾਰਾ ਘੁਟਾਲੇ ’ਚ ਅਕਤੂਬਰ 2013 ’ਚ ਚਾਰ ਸਾਲ ਦੀ ਸਜ਼ਾ

ਕੇਜਰੀਵਾਲ ਨੇ ਰਾਹੁਲ ਨੂੰ ਸੁਣਾਈ ਸਜ਼ਾ ਦਾ ਕੀਤਾ ਵਿਰੋਧ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ‘ਆਪ’ ਉਨ੍ਹਾਂ ਦੇ ਹੱਕ ’ਚ ਆ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਗ਼ੈਰ-ਭਾਜਪਾਈ ਆਗੂਆਂ ਅਤੇ ਪਾਰਟੀਆਂ ਨੂੰ ਸਜ਼ਾਵਾਂ ਸੁਣਾ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਨਾਲ ਮੱਤਭੇਦ ਹਨ ਪਰ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਇੰਜ ਫਸਾਉਣਾ ਸਹੀ ਨਹੀਂ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਲੋਕਾਂ ਅਤੇ ਵਿਰੋਧੀ ਧਿਰਾਂ ਦਾ ਸਵਾਲ ਪੁੱਛਣ ਦਾ ਕੰਮ ਹੈ। ‘ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਫ਼ੈਸਲੇ ’ਤੇ ਅਸਹਿਮਤੀ ਜਤਾਉਂਦੇ ਹਾਂ।’ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਵਿਰੋਧੀ ਧਿਰ ਜਮਹੂਰੀਅਤ ਦਾ ਅਹਿਮ ਅੰਗ ਹੈ ਅਤੇ ਅਸਹਿਮਤੀ ਦੀਆਂ ਸੁਰਾਂ ਨੂੰ ਕੁਚਲਿਆ ਨਹੀਂ ਜਾਣਾ ਚਾਹੀਦਾ ਹੈ। -ਪੀਟੀਆਈ

ਕੀ ਕਾਂਗਰਸ ਚਾਹੁੰਦੀ ਹੈ ਕਿ ਰਾਹੁਲ ਨੂੰ ਲੋਕਾਂ ਨੂੰ ਗਾਲ੍ਹਾਂ ਕੱਢਣ ਦੀ ਪੂਰੀ ਆਜ਼ਾਦੀ ਹੋਵੇ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਲੋਕਾਂ ਨੂੰ ਗਾਲ੍ਹਾਂ ਕੱਢਦੇ ਹਨ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਪਾਰਟੀ ਨੇ ਮਾਣਹਾਨੀ ਦੇ ਇਕ ਮਾਮਲੇ ’ਚ ਕਾਂਗਰਸ ਆਗੂ ਨੂੰ ਦੋਸ਼ੀ ਠਹਿਰਾਏ ਜਾਣ ’ਤੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਆਲੋਚਨਾ ’ਤੇ ਮੋੜਵਾਂ ਵਾਰ ਕਰਦਿਆਂ ਇਹ ਸਵਾਲ ਵੀ ਕੀਤਾ ਕਿ ਕੀ ਕਾਂਗਰਸ ਆਪਣੇ ਆਗੂ ਲਈ ‘ਪੂਰੀ ਆਜ਼ਾਦੀ’ ਚਾਹੁੰਦੀ ਹੈ ਤਾਂ ਜੋ ਉਹ ਦੂਜਿਆਂ ਨੂੰ ਗਾਲ੍ਹਾਂ ਦਿੰਦਾ ਰਹੇ। ਭਾਜਪਾ ਆਗੂ ਅਤੇ ਸਾਬਕਾ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਜੇ ਵੀ ਬਾਜ਼ ਨਾ ਆਇਆ ਤਾਂ ਉਸ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅਦਾਲਤ ਦੇ ਹੁਕਮਾਂ ’ਤੇ ਸਵਾਲ ਉਠਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਵੀ ਨਿਸ਼ਾਨਾ ਸੇਧਿਆ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਕੇਸ ਦੀ ਸੁਣਵਾਈ ਕਰ ਰਹੇ ਜੱਜਾਂ ਨੂੰ ਬਦਲ ਦਿੱਤਾ ਗਿਆ ਸੀ। ਕਾਂਗਰਸ ਪ੍ਰਧਾਨ ਨੂੰ ਜ਼ਿੰਮੇਵਾਰੀ ਵਾਲਾ ਬਿਆਨ ਦੇਣ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਅਦਾਲਤ ਦੀ ਇੱਜ਼ਤ ਹੱਤਕ ਦਾ ਕੇਸ ਵੀ ਬਣਦਾ ਹੈ। -ਪੀਟੀਆਈ

ਰਾਹੁਲ ਦੀਆਂ ਟਿੱਪਣੀਆਂ ਕਾਰਨ ਹੋ ਰਿਹੈ ਕਾਂਗਰਸ ਦਾ ਨੁਕਸਾਨ: ਰਿਜਿਜੂ

ਨਵੀਂ ਦਿੱਲੀ: ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨਾਲ ਕਾਂਗਰਸ ਨੂੰ ਹੀ ਨੁਕਸਾਨ ਹੋਇਆ ਹੈ ਅਤੇ ਉਸ ਦੇ ਨੇਤਾ ਫਿਕਰਮੰਦ ਹਨ ਕਿ ਪਾਰਟੀ ਲਗਾਤਾਰ ਡੁੱਬ ਰਹੀ ਹੈ। ਗੁਜਰਾਤ ਦੀ ਅਦਾਲਤ ਵੱਲੋਂ ਰਾਹੁਲ ਨੂੰ ਸੁਣਾਈ ਗਈ ਸਜ਼ਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਰਾਹੁਲ ਗਾਂਧੀ ਜੋ ਵੀ ਕਹਿੰਦੇ ਹਨ, ਉਸ ਨਾਲ ਨੁਕਸਾਨ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਪਾਰਟੀ ਨੂੰ ਬਲਕਿ ਹੋਰਨਾਂ ਨੂੰ ਵੀ ਨੁਕਸਾਨ ਹੁੰਦਾ ਹੈ। ਇਹ ਦੇਸ਼ ਲਈ ਚੰਗਾ ਨਹੀਂ ਹੈ।’ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਰਾਹੁਲ ਦੇ ਕੰਮ ਕਰਨ ਦਾ ਢੰਗ ਮੁੱਖ ਵਿਰੋਧੀ ਧਿਰ ਨੂੰ ਪ੍ਰਭਾਵਿਤ ਕਰ ਰਿਹਾ ਹੈ। -ਪੀਟੀਆਈ

ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਨਿੰਦਣ ਦਾ ਪੂਰਾ ਹੱਕ: ਸੀਪੀਆਈ (ਐਮ)

ਨਵੀਂ ਦਿੱਲੀ: ਯੂਕੇ ਵਿੱਚ ਜਮਹੂਰੀਅਤ ਬਾਰੇ ਕੀਤੀ ਗਈ ਟਿੱਪਣੀ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਬਚਾਅ ਕਰਦਿਆਂ ਸੀਪੀਆਈ (ਐਮ) ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਦੇ ਤਾਨਾਸ਼ਾਹੀ ਵਾਲੇ ਰਵੱਈਏ ਨੂੰ ਨਿੰਦਣ ਦਾ ਪੂਰਾ ਅਧਿਕਾਰ ਹੈ। ਪਾਰਟੀ ਦੇ ਅਖਬਾਰ ਦੀ ਸੰਪਾਦਕੀ ਵਿੱਚ ਵੀ ਅਡਾਨੀ ਗਰੁੱਪ ਖ਼ਿਲਾਫ਼ ਲੱਗ ਰਹੇ ਦੋਸ਼ਾਂ ਸਬੰਧੀ ਸਰਕਾਰ ਦੇ ਰਵੱਈਏ ਦੀ ਨਿੰਦਾ ਕੀਤੀ ਗਈ ਹੈ। ਸੰਪਾਦਕੀ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਵੱਲੋਂ ਗਾਂਧੀ ਦੀ ਜਮਹੂਰੀਅਤ ਵਾਲੀ ਟਿੱਪਣੀ ਸਬੰਧੀ ਸੰਸਦ ਦੀ ਕਾਰਵਾਈ ਭੰਗ ਕਰਨ ਦਾ ਮਕਸਦ ਅਡਾਨੀ-ਹਿੰਡਨਬਰਗ ਮਾਮਲੇ ਬਾਰੇ ਚਰਚਾ ਤੋਂ ਟਾਲਾ ਵੱਟਣਾ ਹੈ। ਸੰਪਾਦਕੀ ਰਾਹੀਂ ਸੀਪੀਆਈ (ਐਮ) ਨੇ ਕਿਹਾ ਕਿ ਇਸ ਮਾਮਲੇ ਬਾਰੇ ਵਿਸਥਾਰਤ ਚਰਚਾ ਹੋਣੀ ਜ਼ਰੂਰੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All