ਨਵੀਂ ਦਿੱਲੀ, 24 ਅਗਸਤ
ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਜਮਹੂਰੀਅਤ ਨੂੰ ਖਤਮ ਕਰਨ ਦੇ ਉਦੇਸ਼ ਹਿੱਤ ਸੂਚਨਾ ਅਧਿਕਾਰ (ਆਰਟੀਆਈ) ਐਕਟ ਨੂੰ ਖਤਮ ਕਰਨ ਦੇ ਦੋਸ਼ ਲਾਏ ਹਨ। ਆਰਟੀਆਈ ਦੀ ਵੈੱਬਸਾਈਟ ਤੋਂ ਵੱਡੀ ਗਿਣਤੀ ਅਰਜ਼ੀਆਂ ਗਾਇਬ ਹੋਣ ਨੂੰ ਸ੍ਰੀ ਖੜਗੇ ਨੇ ‘ਅਦਭੁੱਤ ਘਟਨਾ’ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਘਟਨਾ ਤੋਂ ਇਲਾਵਾ ਅੰਦਰਖਾਤੇ ਇਸ ਤੋਂ ਵੱਡੇ ਘਪਲੇ ਚੱਲ ਰਹੇ ਹਨ। ਉਨ੍ਹਾਂ ਕਿਹਾ,‘‘ਮੋਦੀ ਸਰਕਾਰ ਆਰਟੀਆਈ ਐਕਟ ਦਾ ਹੌਲੀ-ਹੌਲੀ ਕਤਲ ਕਰ ਰਹੀ ਹੈ। ਇਹ ਸੰਵਿਧਾਨਕ ਅਧਿਕਾਰਾਂ ’ਤੇ ਹੀ ਹਮਲਾ ਨਹੀਂ ਸਗੋਂ ਜਮਹੂਰੀਅਤ ਨੂੰ ਖਤਮ ਕਰਨ ਲਈ ਚੁੱਕਿਆ ਗਿਆ ਖਤਰਨਾਕ ਕਦਮ ਹੈ।’’ -ਪੀਟੀਆਈ