ਟਰੰਪ ਅੱਗੇ ਝੁਕੇ ਮੋਦੀ, ਕਿਸਾਨਾਂ ਦਾ ਖ਼ੂਨ ਪਸੀਨਾ ਵੇਚਿਆ: ਰਾਹੁਲ
ਗਾਂਧੀ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ; ਲੋਕ ਸਭਾ ’ਚ ਬੋਲਣ ਤੋਂ ਰੋਕਣ ਨੂੰ ਜਮਹੂਰੀਅਤ ’ਤੇ ‘ਧੱਬਾ’ ਦੱਸਿਆ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਪਾਰ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਅਮਰੀਕੀ ਦਬਾਅ ਅੱਗੇ ਝੁਕ ਗਏ ਤੇ ਇਸ ਸਮਝੌਤੇ ਜ਼ਰੀਏ ਭਾਰਤੀ ਕਿਸਾਨਾਂ ਦੀ ਮਿਹਨਤ ਤੇ ਖੂਨ ਪਸੀਨੇ ਨੂੰ ‘ਵੇਚ’ ਦਿੱਤਾ। ਭਾਰਤ ਦੇ ਕਿਸਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।
ਇਥੇ ਸੰਸਦੀ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਵਿਰੋਧੀ ਧਿਰ ਦੇ ਆਗੂ ਨੂੰ ਰਾਸ਼ਟਰਪਤੀ ਦੇ ਭਾਸ਼ਣ ’ਤੇ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਦਬਾਅ ਅੱਗੇ ਝੁਕ ਗਏ ਹਨ। ਪ੍ਰਧਾਨ ਮੰਤਰੀ ਇੰਨਾ ਡਰਦੇ ਹਨ ਕਿ ਮੈਨੂੰ ਸੰਸਦ ਵਿੱਚ ਨਰਵਣੇ, ਐਪਸਟੀਨ ਫਾਈਲਾਂ ਤੇ ਹੁਣ ਜਿਵੇਂ ਉਨ੍ਹਾਂ ਟੈਰਿਫ ਮਾਮਲੇ ਵਿਚ ਗੋਡੇ ਟੇਕੇ ਹਨ, ਬਾਰੇ ਬੋਲਣ ਨਹੀਂ ਦਿੱਤਾ ਜਾ ਰਿਹਾ।’’
ਸ੍ਰੀ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮਸਲਾ ਨਰਵਣੇ ਦੇ ਬਿਆਨ ਦਾ ਨਹੀਂ, ‘ਇਹ ਵੱਖਰਾ ਸ਼ੋਅ’ ਹੈ, ਪਰ ‘ਸਾਡੇ ਪ੍ਰਧਾਨ ਮੰਤਰੀ ਝੁਕ ਗਏ ਹਨ’। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕਿਸ ਤਰ੍ਹਾਂ ਦਾ ਦਬਾਅ ਤਾਂ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਸਨਅਤਕਾਰ ਗੌਤਮ ਅਡਾਨੀ ਖ਼ਿਲਾਫ਼ ਕੇਸ ਦਰਜ ਹੈ ਤੇ ਐਪਸਟੀਨ ਮਾਮਲੇ ਵਿੱਚ ਅਜੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ।
ਇਸ ਦੌਰਾਨ, ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੰਸਦ ਵਿਚ ਕੌਮੀ ਸੁਰੱਖਿਆ ਦੇ ਮੁੱਦੇ ’ਤੇ ਬੋਲਣ ਨਾ ਦੇਣ ਖਿਲਾਫ਼ ਸਖ਼ਤ ਰੋਸ ਦਰਜ ਕੀਤਾ ਹੈ। ਉਨ੍ਹਾਂ ਸਪੀਕਰ ਦੀ ਇਸ ਕਾਰਵਾਈ ਨੂੰ ਜਮਹੂਰੀਅਤ ’ਤੇ ‘ਧੱਬਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਨਿਰਪੱਖ ਰਖਵਾਲੇ ਵਜੋਂ, ਇਹ ਸਪੀਕਰ ਦੀ ਸੰਵਿਧਾਨਕ ਅਤੇ ਸੰਸਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਧਿਰ ਦੇ ਮੈਂਬਰਾਂ ਸਮੇਤ ਹਰੇਕ ਮੈਂਬਰ ਦੇ ਅਧਿਕਾਰਾਂ ਦੀ ਰਾਖੀ ਕਰੇ।
ਵਿਰੋਧੀ ਪਾਰਟੀਆਂ ਕੀਹਦੇ ਨਾਲ: ਠਾਕੁਰ
ਨਵੀਂ ਦਿੱਲੀ: ਵਪਾਰ ਸਮਝੌਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦਬਾਅ ਅੱਗੇ ਝੁਕਣ ਸਬੰਧੀ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ’ਤੇ ਪਲਟਵਾਰ ਕਰਦੇ ਹੋਏ ਸਵਾਲ ਕੀਤਾ ਕਿ ਕੀ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਭਾਰਤ ਦੇ ਹਿੱਤ ਨਾਲ ਹਨ ਜਾਂ ਇਸ ਦੇ ਵਿਰੋਧ ਵਿੱਚ? ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਜਦੋਂ ਭਾਰਤ ’ਤੇ ਟੈਰਿਫ ਲਗਾਇਆ ਤਾਂ ਵਿਰੋਧੀ ਧਿਰ ਵਿੱਚ ਬੈਠੇ ਕਈਆਂ ਨੇ ਜਸ਼ਨ ਮਨਾਇਆ। ਇਨ੍ਹਾਂ ਲੋਕਾਂ ਨੇ ਯੁੂ ਕੇ ਤੇ ਯੂਰੋਪੀਅਨ ਯੂਨੀਅਨ ਨਾਲ ਕੀਤੇ ਮੁਕਤ ਵਪਾਰ ਸਮਝੌਤਿਆਂ ’ਤੇ ਵੀ ਸਵਾਲ ਚੁੱਕੇ।

