ਨਵੀਂ ਦਿੱਲੀ, 24 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕੀਤੀ ਹੈ। ਦੋਵਾਂ ਆਗੂਆਂ ਨੇ ਲਗਾਤਾਰ ਬਦਲ ਰਹੀ ਉੱਥੋਂ ਦੀ ਸਥਿਤੀ ਉਤੇ ਵਿਸਥਾਰ ਵਿਚ ਚਰਚਾ ਕੀਤੀ। ਮੋਦੀ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਬਾਰੇ ਵਿਚਾਰ-ਵਟਾਂਦਰਾ ਹੋਇਆ ਹੈ। ਇਸ ਤੋਂ ਇਲਾਵਾ ਕਈ ਦੁਵੱਲੇ ਮਸਲੇ ਵੀ ਵਿਚਾਰੇ ਗਏ ਹਨ। ਕੋਵਿਡ ਖ਼ਿਲਾਫ਼ ਦੋਵਾਂ ਮੁਲਕਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ’ਤੇ ਵੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਭਵਿੱਖ ਵਿਚ ਵੀ ਮਹੱਤਵਪੂਰਨ ਮੁੱਦਿਆਂ ਉਤੇ ਨੇੜਿਓਂ ਤਾਲਮੇਲ ਲਈ ਸਹਿਮਤ ਹੋਏ ਹਨ। ਮੋਦੀ ਨੇ ਅਫ਼ਗਾਨ ਮੁੱਦੇ ਬਾਰੇ ਸੋਮਵਾਰ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨਾਲ ਵੀ ਗੱਲਬਾਤ ਕੀਤੀ ਸੀ। ਦੋਵਾਂ ਨੇ ਅਫ਼ਗਾਨਿਸਤਾਨ ਦੀ ਸਥਿਤੀ ਅਤੇ ਇਸ ਦੇ ਖਿੱਤੇ ਤੇ ਸੰਸਾਰ ਉਤੇ ਪੈ ਸਕਣ ਵਾਲੇ ਪ੍ਰਭਾਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਸੀ। ਆਗੂਆਂ ਨੇ ਇਸ ਮੌਕੇ ਸ਼ਾਂਤੀ ਬਣਾਏ ਰੱਖਣ ਤੇ ਸੁਰੱਖਿਆ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ ਸੀ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਟਵੀਟ ਕਰਦਿਆਂ ਦੱਸਿਆ ਕਿ ਭਾਰਤੀ ਨਾਗਰਿਕਾਂ ਤੇ ਅਫ਼ਗਾਨ ਸਾਥੀਆਂ ਨੂੰ ਕਾਬੁਲ ਵਿਚੋਂ ਗੁੰਝਲਦਾਰ ਅਪਰੇਸ਼ਨ ਰਾਹੀਂ ਕੱਢਿਆ ਗਿਆ ਹੈ ਤੇ ਇਸ ਨੂੰ ‘ਅਪਰੇਸ਼ਨ ਦੇਵੀ ਸ਼ਕਤੀ’ ਦਾ ਨਾਂ ਦਿੱਤਾ ਗਿਆ ਸੀ। ਹੁਣ ਤੱਕ ਭਾਰਤ 800 ਲੋਕਾਂ ਨੂੰ ਬੇਹੱਦ ਵਿਗੜੀ ਸਥਿਤੀ ਵਿਚੋਂ ਸੁਰੱਖਿਅਤ ਕੱਢ ਕੇ ਦਿੱਲੀ ਲਿਆ ਚੁੱਕਾ ਹੈ। ਲੋਕਾਂ ਨੂੰ ਕੱਢਣ ਦਾ ਮਿਸ਼ਨ 16 ਅਗਸਤ ਨੂੰ ਸ਼ੁਰੂ ਕੀਤਾ ਗਿਆ ਸੀ। -ਪੀਟੀਆਈ